ਅਸੰਖ ਨਾਵ ਅਸੰਖ ਥਾਵ

Countless names, countless places.

(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ। ਨਾਵ = (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ।

ਅਗੰਮ ਅਗੰਮ ਅਸੰਖ ਲੋਅ

Inaccessible, unapproachable, countless celestial realms.

(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ। ਅਗੰਮ = ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ = ਲੋਕ, ਭਵਣ। ਅਸੰਖ ਲੋਅ = ਅਨੇਕਾਂ ਹੀ ਭਵਣ।

ਅਸੰਖ ਕਹਹਿ ਸਿਰਿ ਭਾਰੁ ਹੋਇ

Even to call them countless is to carry the weight on your head.

(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ)। ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ)। ਸਿਰਿ = ਉਹਨਾਂ ਦੇ ਸਿਰ ਉੱਤੇ। ਹੋਇ = ਹੁੰਦਾ ਹੈ।

ਅਖਰੀ ਨਾਮੁ ਅਖਰੀ ਸਾਲਾਹ

From the Word, comes the Naam; from the Word, comes Your Praise.

(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ। ਅਖਰੀ = ਅੱਖਰਾਂ ਦੀ ਰਾਹੀਂ ਹੀ। ਸਾਲਾਹ = ਸਿਫ਼ਤਿ।

ਅਖਰੀ ਗਿਆਨੁ ਗੀਤ ਗੁਣ ਗਾਹ

From the Word, comes spiritual wisdom, singing the Songs of Your Glory.

ਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ)। ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ। ਗੁਣ ਗਾਹ = ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼।

ਅਖਰੀ ਲਿਖਣੁ ਬੋਲਣੁ ਬਾਣਿ

From the Word, come the written and spoken words and hymns.

ਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ 'ਅਸੰਖ' ਵਰਤਿਆ ਗਿਆ ਹੈ।) ਬਾਣਿ ਲਿਖਣੁ = ਬਾਣੀ ਦਾ ਲਿਖਣਾ। ਬਾਣਿ = ਬਾਣੀ, ਬੋਲੀ। ਬਾਣਿ ਬੋਲਣੁ = ਬਾਣੀ (ਬੋਲੀ) ਦਾ ਬੋਲਣਾ।

ਅਖਰਾ ਸਿਰਿ ਸੰਜੋਗੁ ਵਖਾਣਿ

From the Word, comes destiny, written on one's forehead.

(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ) ਅਖਰਾ ਸਿਰਿ = ਅੱਖਰਾਂ ਦੀ ਰਾਹੀਂ ਹੀ। ਸੰਜੋਗੁ = ਭਾਗਾਂ ਦਾ ਲੇਖ। ਵਖਾਣਿ = ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ।

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ

But the One who wrote these Words of Destiny-no words are written on His Forehead.

(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)। ਜਿਨਿ = ਜਿਸ ਅਕਾਲ ਪੁਰਖ ਨੇ। ਏਹਿ = ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ = (ਕੋਈ ਲੇਖ) ਨਹੀਂ ਹੈ।

ਜਿਵ ਫੁਰਮਾਏ ਤਿਵ ਤਿਵ ਪਾਹਿ

As He ordains, so do we receive.

ਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ। ਜਿਵ = ਜਿਸ ਤਰ੍ਹਾਂ। ਫੁਰਮਾਏ = ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ = ਉਸੇ ਤਰ੍ਹਾਂ। ਪਾਹਿ = (ਜੀਵ) ਪਾ ਲੈਂਦੇ ਹਨ, ਭੋਗਦੇ ਹਨ।

ਜੇਤਾ ਕੀਤਾ ਤੇਤਾ ਨਾਉ

The created universe is the manifestation of Your Name.

ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ')। ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ 'substance' ਤੇ 'property' ਤਿਵੇਂ ਸੰਸਕ੍ਰਿਤ ਵਿਚ ਹਨ 'ਨਾਮ' ਤੇ 'ਗੁਣ' ਜਾਂ 'ਮੂਰਤਿ' ਤੇ 'ਗੁਣ'। ਸੋ 'ਨਾਮ' (ਸਰੂਪ) 'substance' ਹੈ ਤੇ ਗੁਣ 'property' ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ 'ਨਾਮ' ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।

ਵਿਣੁ ਨਾਵੈ ਨਾਹੀ ਕੋ ਥਾਉ

Without Your Name, there is no place at all.

ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)। ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।

ਕੁਦਰਤਿ ਕਵਣ ਕਹਾ ਵੀਚਾਰੁ

How can I describe Your Creative Power?

ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ? ❀ ਨੋਟ: ਕੁਦਰਤਿ ਕਵਣ, ਸ਼ਬਦ 'ਵੀਚਾਰੁ' ਪੁਲਿੰਗ ਹੈ। ਜੇ ਲਫ਼ਜ਼ 'ਕਵਣ' ਇਸ ਦਾ ਵਿਸ਼ੇਸ਼ਣ ਹੁੰਦਾ, ਤਾਂ ਇਹ ਭੀ ਪੁਲਿੰਗ ਹੁੰਦਾ ਅਤੇ ਇਸ ਦਾ ਰੂਪ 'ਕਵਣੁ' ਹੋ ਜਾਂਦਾ। 'ਕੁਦਰਤਿ' ਇਸਤ੍ਰੀ-ਲਿੰਗ ਹੈ। ਸੋ ਸ਼ਬਦ 'ਕਵਣ' 'ਕੁਦਰਤਿ' ਦਾ ਵਿਸ਼ੇਸ਼ਣ ਹੈ। ਇਸ ਸ਼ਬਦ 'ਕਵਣ' ਦੇ ਪੁਲਿੰਗ ਅਤੇ ਇਸਤ੍ਰੀ ਲਿੰਗ ਰੂਪ ਨੂੰ ਸਮਝਣ ਲਈ ਵੇਖੋ ਪਉੜੀ ਨੰ: ੨੧: ਕਵਣ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ। ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਜੋਆ ਆਕਾਰੁ।੨੧। ਪਉੜੀ ਨੰ: ੧੬,੧੭ ਅਤੇ ੧੯ ਵਿਚ 'ਕੁਦਰਤਿ ਕਵਣ ਕਹਾ ਵੀਚਾਰੁ' ਤੁਕ ਆਈ ਹੈ, ਪਰ ਪਉੜੀ ਨੰ: ੧੮ ਵਿਚ ਇਸ ਤੁਕ ਦੇ ਥਾਂ ਤੁਕ 'ਨਾਨਕੁ ਨੀਚੁ ਕਹੈ ਵੀਚਾਰੁ' ਵਰਤੀ ਗਈ ਹੈ। ਇਨ੍ਹਾਂ ਦੋਹਾਂ ਨੂੰ ਆਮ੍ਹੋ = ਸਾਹਮਣੇ ਰੱਖ ਕੇ ਵਿਚਾਰੀਏ, ਤਾਂ ਭੀ ਇਹੀ ਅਰਥ ਨਿਕਲਦਾ ਹੈ ਕਿ 'ਮੇਰੀ ਕੀਹ ਤਾਕਤ ਹੈ? ਮੈਂ ਵਿਚਾਰਾ ਨਾਨਕ ਕੀਹ ਵਿਚਾਰ ਕਰ ਸਕਦਾ ਹਾਂ'? ਲਫ਼ਜ਼ 'ਕੁਦਰਤਿ' 'ਸਮਰਥਾ' ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਈਂ ਭੀ ਆਇਆ ਹੈ, ਜਿਵੇਂ: (੧) ਜੇ ਤੂ ਮੀਰ ਮਹਾਪਤਿ ਸਾਹਿਬੁ, ਕੁਦਰਤਿ ਕਉਣ ਹਮਾਰੀ। ਚਾਰੇ ਕੁੰਟ ਸਲਾਮੁ ਕਰਹਿਗੇ, ਘਰਿ ਘਰਿ ਸਿਫਤਿ ਤੁਮਾਰੀ।੭।੧।੮। (ਬਸੰਤ ਹਿੰਡੋਲੁ ਮਹਲਾ ੧)। (੨) ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤਿ ਕਵਨ ਹਮਾਰੀ। ਸਾਧ ਸੰਗਿ ਨਾਨਕ ਜਸੁ ਗਾਇਉ, ਜੋ ਪ੍ਰਭੂ ਕੀ ਅਤਿ ਪਿਆਰੀ।੮।੧।੮। (ਗੂਜਰੀ ਮਹਲਾ ੫)।

ਵਾਰਿਆ ਜਾਵਾ ਏਕ ਵਾਰ

I cannot even once be a sacrifice to You.

(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)। ੧. "ਜਾਵਾ" ਦਾ ਉਚਾਰਨ ਨਾਸਕੀ ਨਹੀਂ। ਪੰਕਤੀ ਦਾ ਭਾਵ ਹੈ "ਹੇ ਪਰਮਾਤਮਾ, ਤੇਰਾ ਇਕ ਵਾਰ (ਵਾਲ) ਵੀ ਮੇਰੇ ਤੋਂ ਵਾਰਿਆ (ਕਥਿਆ) ਨਹੀਂ ਜਾ ਸਕਦਾ। "ਵਾਰ" ਦਾ ਔਂਕੜ ਇਸ ਕਰਕੇ ਉੱਡ ਗਿਆ ਹੈ ਕਿਉਂਕਿ ਇਸ ਦੇ ਅੱਗੇ "ਵੀ" ਗੁਪਤ ਹੈ। ੨. ਇਸ ਪੰਕਤੀ ਬਾਰੇ ਹੋਰ ਵਿਚਾਰ ਦੀ ਲੋੜ ਹੈ।

ਜੋ ਤੁਧੁ ਭਾਵੈ ਸਾਈ ਭਲੀ ਕਾਰ

Whatever pleases You is the only good done,

ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)। ਸਾਈ ਦਾ ਉਚਾਰਨ ਸਾਂਈਂ ਨਹੀਂ ਕਰਨਾ। ਸਾਈ ਦਾ ਅਰਥ ਹੈ "ਉਹੀ" ਜਦਕਿ ਸਾਂਈਂ ਦਾ ਅਰਥ ਹੈ ਮਾਲਕ, ਸਵਾਮੀ, ਪਰਮਾਤਮਾ। ਇਸ ਸਾਰੀ ਪੰਕਤੀ ਦਾ ਅਰਥ ਹੈ - ਜੋ ਤੈਨੂੰ (ਹੇ ਪਰਮਾਤਮਾ) ਚੰਗੀ ਲਗੇ, ਉਹੀ ਕਾਰ (ਕੰਮ) ਭਲੀ ਹੈ।

ਤੂ ਸਦਾ ਸਲਾਮਤਿ ਨਿਰੰਕਾਰ ॥੧੯॥

You, Eternal and Formless One. ||19||

ਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ ॥੧੯॥