ਕਲਿਆਨ ਮਹਲਾ ੪ ਅਸਟਪਦੀਆ ॥
Kalyaan, Fourth Mehl, Ashtpadheeyaa:
ਰਾਗ ਕਲਿਆਨੁ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਮਾ ਰਮ ਰਾਮੋ ਸੁਨਿ ਮਨੁ ਭੀਜੈ ॥
Hearing the Name of the Lord, the All-pervading Lord, my mind is drenched with joy.
ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ। ਰਮ = ਰਮਿਆ ਹੋਇਆ, ਸਰਬ-ਵਿਆਪਕ। ਸੁਨਿ = ਸੁਣ ਕੇ। ਭੀਜੈ = (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।
ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ ॥੧॥ ਰਹਾਉ ॥
The Name of the Lord, Har, Har, is Ambrosial Nectar, the most Sweet and Sublime Essence; through the Guru's Teachings, drink it in with intuitive ease. ||1||Pause||
ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ। ਇਹ ਹਰਿ-ਨਾਮ-ਜਲ ਗੁਰੂ ਦੀ ਮੱਤ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ॥੧॥ ਰਹਾਉ ॥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਪੀਜੈ = ਪੀ ਸਕੀਦਾ ਹੈ ॥੧॥ ਰਹਾਉ ॥
ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥
The potential energy of fire is within the wood; it is released if you know how to rub it and generate friction.
ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ) ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ, ਕਾਸਟ = ਲੱਕੜ। ਮਹਿ = ਵਿਚ। ਬੈਸੰਤਰੁ = ਅੱਗ। ਮਥਿ = ਰਿੜਕ ਕੇ। ਸੰਜਮਿ = ਸੰਜਮ ਨਾਲ, ਵਿਓਂਤ ਨਾਲ। ਕਾਢਿ ਕਢੀਜੈ = ਕੱਢ ਸਕੀਦੀ ਹੈ, ਪੈਦਾ ਕਰ ਲਈਦੀ ਹੈ।
ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥੧॥
In just the same way, the Lord's Name is the Light within all; the Essence is extracted by following the Guru's Teachings. ||1||
ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮੱਤ ਦੀ ਰਾਹੀਂ ਸਮਝ ਸਕੀਦਾ ਹੈ ॥੧॥ ਸਬਾਈ = ਸਾਰੀ (ਸ੍ਰਿਸ਼ਟੀ ਵਿਚ)। ਤਤੁ = ਨਿਚੋੜ, ਭੇਤ, ਅਸਲੀਅਤ ॥੧॥
ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥
There are nine doors, but the taste of these nine doors is bland and insipid. The Essence of Ambrosial Nectar trickles down through the Tenth Door.
(ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ। ਨਵੇ = ਨੌ ਹੀ। ਦਸਵੇ = ਦਸਵੇਂ (ਦਰਵਾਜ਼ੇ) ਦੀ ਰਾਹੀਂ। ਚੁਈਜੈ = ਚੋਈਦਾ ਹੈ।
ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰਸਬਦੀ ਹਰਿ ਰਸੁ ਪੀਜੈ ॥੨॥
Please take pity on me - be kind and compassionate, O my Beloved, that I may drink in the Sublime Essence of the Lord, through the Word of the Guru's Shabad. ||2||
ਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੨॥ ਪਿਆਰੇ = ਹੇ ਪਿਆਰੇ! ਸਬਦੀ = ਸਬਦ ਦੀ ਰਾਹੀਂ। ਪੀਜੈ = ਪੀ ਸਕੀਦਾ ਹੈ ॥੨॥
ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥
The body-village is the most sublime and exalted village, in which the merchandise of the Lord's Sublime Essence is traded.
ਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ। ਕਾਇਆ = ਸਰੀਰ। ਨੀਕੋ = ਚੰਗਾ, ਸੋਹਣਾ। ਵਿਚਿ = (ਕਾਇਆ ਦੇ) ਅੰਦਰ। ਕੀਜੈ = ਕਰਨਾ ਚਾਹੀਦਾ ਹੈ।
ਰਤਨ ਲਾਲ ਅਮੋਲ ਅਮੋਲਕ ਸਤਿਗੁਰ ਸੇਵਾ ਲੀਜੈ ॥੩॥
The most precious and priceless gems and jewels are obtained by serving the True Guru. ||3||
(ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ ॥੩॥ ਅਮੋਲ = ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ। ਲੀਜੈ = ਹਾਸਲ ਕਰ ਸਕੀਦਾ ਹੈ ॥੩॥
ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥
The True Guru is Inaccessible; Inaccessible is our Lord and Master. He is the overflowing Ocean of bliss - worship Him with loving devotion.
ਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ। (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ। ਅਗਮੁ = ਅਪਹੁੰਚ। ਭਰਿ = ਭਰਿਆ ਹੋਇਆ (ਅਮੋਲਕ ਰਤਨਾਂ ਲਾਲਾਂ ਨਾਲ)। ਭਰਿ ਸਾਗਰ ਭਗਤਿ = (ਅਮੋਲਕ ਲਾਲਾਂ ਰਤਨਾਂ ਨਾਲ) ਭਰੇ ਹੋਏ ਸਮੁੰਦਰ-ਪ੍ਰਭੂ ਦੀ ਭਗਤੀ। ਕਰੀਜੈ = ਕੀਤੀ ਜਾ ਸਕਦੀ ਹੈ।
ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥੪॥
Please take pity on me, and be Merciful to this meek song-bird; please pour a drop of Your Name into my mouth. ||4||
ਹੇ ਪ੍ਰਭੂ! ਅਸੀਂ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ। ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੂੰਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ ॥੪॥ ਦੀਨ = ਨਿਮਾਣੇ। ਸਾਰਿੰਗ = ਪਪੀਹੇ। ਮੁਖਿ = (ਮੇਰੇ) ਮੂੰਹ ਵਿਚ। ਦੀਜੈ = ਦੇਹ ॥੪॥
ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥
O Beloved Lord, please color my mind with the Deep Crimson Color of Your Love; I have surrendered my mind to the Guru.
ਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ। ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ। ਲਾਲਨੁ = ਸੋਹਣਾ ਲਾਲ, ਸੋਹਣਾ ਹਰਿ-ਨਾਮ। ਰੰਗਨੁ = ਸੋਹਣਾ ਰੰਗ। ਗੁਰ = ਹੇ ਗੁਰੂ! ਦੀਜੈ = ਦੇਹ।
ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥
Those who are imbued with the Love of the Lord, Raam, Raam, Raam, continually drink in this essence in big gulps, savoring its sweet taste. ||5||
(ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ, (ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ)। (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ॥੫॥ ਰੰਗਿ = ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਰਸ ਰਸਿਕ = ਨਾਮ-ਰਸ ਦੇ ਰਸੀਏ। ਗਟਕ = ਗਟ ਗਟ ਕਰ ਕੇ, ਸੁਆਦ ਨਾਲ। ਪੀਜੈ = ਪੀਣਾ ਚਾਹੀਦਾ ਹੈ ॥੫॥
ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥
If all the gold of the seven continents and the oceans was taken out and placed before them,
(ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ, ਬਸੁਧਾ = ਧਰਤੀ। ਸਪਤ = ਸੱਤ। ਦੀਪ = (द्वीप) ਜਜ਼ੀਰੇ, ਟਾਪੂ। ਸਾਗਰ = (ਸੱਤ) ਸਮੁੰਦਰ। ਕੰਚਨੁ = ਸੋਨਾ।
ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥੬॥
the humble servants of my Lord and Master would not even want it. They beg for the Lord to bless them with the Lord's Sublime Essence. ||6||
(ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ। ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼ ॥੬॥ ਇਨਹੁ = ਇਹਨਾਂ ਕੀਮਤੀ ਪਦਾਰਥਾਂ ਨੂੰ। ਬਾਛਹਿ = ਚਾਹੁੰਦੇ, ਲੋਚਦੇ, ਤਾਂਘ ਕਰਦੇ। ਮਾਗਹਿ = ਮੰਗਦੇ ਹਨ। ਦੀਜੈ = ਦੇਹ ॥੬॥
ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥
The faithless cynics and mortal beings remain hungry forever; they continually cry out in hunger.
ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ! ਸਦ = ਸਦਾ। ਭੂਖੇ = ਮਾਇਆ ਦੇ ਲਾਲਚ ਵਿਚ ਫਸੇ ਹੋਏ। ਭੂਖਨ ਭੂਖ ਕਰੀਜੈ = (ਮਾਇਆ ਦੀ) ਭੁੱਖ ਦੀ ਹੀ ਰਟ ਲਾਈ ਜਾਂਦੀ ਹੈ।
ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥੭॥
They hurry and run, and wander all around, caught in the love of Maya; they cover hundreds of thousands of miles in their wanderings. ||7||
ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ। (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ ॥੭॥ ਧਾਵਤੁ = ਭਟਕਦਿਆਂ। ਧਾਇ = ਭਟਕ ਕੇ। ਧਾਵਹਿ = ਭਟਕਦੇ ਹਨ। ਧਾਵਤੁ ਧਾਇ ਧਾਵਹਿ = ਭਟਕਦਿਆਂ ਭਟਕ ਕੇ ਭਟਕਦੇ ਹਨ; ਸਦਾ ਭਟਕਦੇ ਫਿਰਦੇ ਹਨ। ਲਖ ਕੋਸਨ ਕਉ = ਲੱਖਾਂ ਕੋਹਾਂ ਨੂੰ। ਬਿਥਿ ਦੀਜੈ = ਵਿੱਥ ਬਣਾ ਲਿਆ ਜਾਂਦਾ ਹੈ ॥੭॥
ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨੑ ਦੀਜੈ ॥
The humble servants of the Lord, Har, Har, Har, Har, Har, are sublime and exalted. What praise can we bestow upon them?
ਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ। ਹਰਿ ਜਨ = ਪਰਮਾਤਮਾ ਦੇ ਭਗਤ। ਕਿਆ ਉਪਮਾ = ਕਿਹੜੀ ਵਡਿਆਈ? ਦੀਜੈ = ਦਿੱਤੀ ਜਾਏ।
ਰਾਮ ਨਾਮ ਤੁਲਿ ਅਉਰੁ ਨ ਉਪਮਾ ਜਨ ਨਾਨਕ ਕ੍ਰਿਪਾ ਕਰੀਜੈ ॥੮॥੧॥
Nothing else can equal the Glory of the Lord's Name; please bless servant Nanak with Your Grace. ||8||1||
ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਪਦਾਰਥ ਹੈ ਹੀ ਨਹੀਂ। ਹੇ ਪ੍ਰਭੂ! (ਆਪਣੇ) ਦਾਸ ਨਾਨਕ ਉਤੇ ਮਿਹਰ ਕਰ (ਅਤੇ ਆਪਣਾ ਨਾਮ ਬਖ਼ਸ਼) ॥੮॥੧॥ ਤੁਲਿ = ਬਰਾਬਰ। ਅਉਰ ਉਪਮਾ = ਕੋਈ ਹੋਰ ਵਡਿਆਈ। ਕ੍ਰਿਪਾ ਕਰੀਜੈ = ਕਿਰਪਾ ਕਰ ॥੮॥੧॥