ਕਲਿਆਨ ਮਹਲਾ ੪ ॥
Kalyaan, Fourth Mehl:
ਕਲਿਆਨ ਚੋਥੀ ਪਾਤਿਸ਼ਾਹੀ।
ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥
O Lord, please bless me with the Touch of the Guru, the Philosopher's Stone.
ਹੇ ਹਰੀ! ਗੁਰੂ (ਹੀ ਅਸਲ) ਪਾਰਸ ਹੈ, (ਮੇਰੀ ਗੁਰੂ ਨਾਲ) ਛੁਹ ਕਰ ਦੇਹ (ਮੈਨੂੰ ਗੁਰੂ ਮਿਲਾ ਦੇਹ)। ਰਾਮ = ਹੇ ਰਾਮ! ਹੇ ਹਰੀ! ਪਾਰਸੁ = ਉਹ ਪੱਥਰੀ ਜਿਸ ਦੀ ਛੁਹ ਨਾਲ ਲੋਹਾ ਸੋਨਾ ਹੋ ਜਾਂਦਾ ਮੰਨਿਆ ਜਾਂਦਾ ਹੈ। ਪਰਸੁ = (ਗੁਰੂ ਨਾਲ) ਛੁਹ। ਕਰੀਜੈ = ਕਰ ਦੇਹ।
ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥੧॥ ਰਹਾਉ ॥
I was unworthy, utterly useless, rusty slag; meeting with the True Guru, I was transformed by the Philosopher's Stone. ||1||Pause||
ਅਸੀਂ ਜੀਵ ਗੁਣ-ਹੀਨ ਹਾਂ, ਸੜਿਆ ਹੋਇਆ ਲੋਹਾ ਹਾਂ, ਬੜੇ ਰੁੱਖੇ ਜੀਵਨ ਵਾਲੇ ਹਾਂ। (ਇਹ ਮਿਹਰ) ਕਰ ਕਿ ਗੁਰੂ ਨੂੰ ਮਿਲ ਕੇ ਪਾਰਸ (ਹੋ ਜਾਈਏ) ॥੧॥ ਰਹਾਉ ॥ ਹਮ = ਅਸੀਂ ਜੀਵ। ਨਿਰਗੁਣੀ = ਗੁਣ-ਹੀਨ। ਮਨੂਰ = ਸੜਿਆ ਹੋਇਆ ਲੋਹਾ। ਅਤਿ ਫੀਕੇ = ਬਹੁਤ ਰੁੱਖੇ ਜੀਵਨ ਵਾਲੇ। ਮਿਲਿ ਸਤਿਗੁਰ = ਗੁਰੂ ਨੂੰ ਮਿਲ ਕੇ। ਕੀਜੈ = (ਇਹ ਮਿਹਰ) ਕਰ ॥੧॥ ਰਹਾਉ ॥
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥
Everyone longs for paradise, liberation and heaven; all place their hopes in them.
ਸਾਰੇ ਲੋਕ ਸੁਰਗ ਮੁਕਤੀ ਬੈਕੁੰਠ (ਹੀ) ਮੰਗਦੇ ਰਹਿੰਦੇ ਹਨ, ਸਦਾ (ਸੁਰਗ ਮੁਕਤੀ ਬੈਕੁੰਠ ਦੀ ਹੀ) ਆਸ ਕੀਤੀ ਜਾ ਰਹੀ ਹੈ। ਸਭਿ = ਸਾਰੇ ਲੋਕ। ਬਾਂਛਹਿ = ਮੰਗਦੇ ਹਨ। ਨਿਤ = ਸਦਾ। ਕਰੀਜੈ = ਕੀਤੀ ਜਾ ਰਹੀ ਹੈ।
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ ॥੧॥
The humble long for the Blessed Vision of His Darshan; they do not ask for liberation. Their minds are satisfied and comforted by His Darshan. ||1||
ਪਰ ਪਰਮਾਤਮਾ ਦੇ ਦਰਸ਼ਨ ਦੇ ਪ੍ਰੇਮੀ ਭਗਤ ਮੁਕਤੀ ਨਹੀਂ ਮੰਗਦੇ। (ਪਰਮਾਤਮਾ ਨੂੰ) ਮਿਲ ਕੇ (ਪਰਮਾਤਮਾ ਦੇ) ਦਰਸਨ ਦੇ ਰਜੇਵੇਂ ਨਾਲ (ਉਹਨਾਂ ਦਾ) ਮਨ ਸ਼ਾਂਤ ਰਹਿੰਦਾ ਹੈ ॥੧॥ ਮਿਲਿ = (ਹਰੀ ਨੂੰ) ਮਿਲ ਕੇ। ਦਰਸਨ ਤ੍ਰਿਪਤਿ = ਹਰੀ ਦੇ ਦਰਸਨ ਦੀ ਤ੍ਰਿਪਤੀ ਨਾਲ। ਧੀਜੈ = ਧੀਰਜ ਵਿਚ ਆ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ ॥੧॥
ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥
Emotional attachment to Maya is very powerful; this attachment is a black stain which sticks.
(ਸੰਸਾਰ ਵਿਚ) ਮਾਇਆ ਦਾ ਮੋਹ ਬਹੁਤ ਬਲਵਾਨ ਹੈ, (ਮਾਇਆ ਦਾ) ਮੋਹ (ਜੀਵਾਂ ਦੇ ਮਨ ਵਿਚ ਵਿਕਾਰਾਂ ਦੀ) ਕਾਲਖ ਦੇ ਦਾਗ਼ ਲਾ ਦੇਂਦਾ ਹੈ। ਸਬਲੁ = ਬਲਵਾਨ। ਕਾਲਖ ਦਾਗ = ਵਿਕਾਰਾਂ ਦੀ ਕਾਲਖ ਦਾ ਦਾਗ਼।
ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥੨॥
The humble servants of my Lord and Master are unattached and liberated. They are like ducks, whose feathers do not get wet. ||2||
ਪਰ ਪਰਮਾਤਮਾ ਦੇ ਭਗਤ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਜਿਵੇਂ ਮੁਰਗਾਈ ਦਾ ਖੰਭ (ਪਾਣੀ ਵਿਚ) ਭਿੱਜਦਾ ਨਹੀਂ ॥੨॥ ਅਲਿਪਤ = ਨਿਰਲੇਪ। ਮੁਕਤੇ = ਵਿਕਾਰਾਂ ਤੋਂ ਬਚੇ ਹੋਏ। ਪੰਕੁ = ਪੰਖ, ਖੰਭ ॥੨॥
ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥
The fragrant sandalwood tree is encircled by snakes; how can anyone get to the sandalwood?
ਚੰਦਨ ਦੀ ਖ਼ੁਸ਼ਬੂ ਸੱਪਾਂ ਨਾਲ ਘਿਰੀ ਰਹਿੰਦੀ ਹੈ। (ਚੰਦਨ ਨੂੰ) ਕਿਵੇਂ ਮਿਲਿਆ ਜਾ ਸਕਦਾ ਹੈ? ਚੰਦਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ? (ਮਨੁੱਖ ਦੀ ਜਿੰਦ ਵਿਕਾਰਾਂ ਨਾਲ ਘਿਰੀ ਰਹਿੰਦੀ ਹੈ, ਪ੍ਰਭੂ-ਮਿਲਾਪ ਦੀ ਸੁਗੰਧੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ)। ਵਾਸੁ = ਖ਼ੁਸ਼ਬੂ। ਭੁਇਅੰਗਮ = ਸੱਪ। ਵੇੜੀ = ਘਿਰੀ ਹੋਈ। ਕਿਵ = ਕਿਸ ਤਰ੍ਹਾਂ। ਮਿਲੀਐ = ਮਿਲ ਸਕੀਦਾ ਹੈ। ਲੀਜੈ = ਲਿਆ ਜਾ ਸਕਦਾ ਹੈ।
ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥੩॥
Drawing out the Mighty Sword of the Guru's Spiritual Wisdom, I slaughter and kill the poisonous snakes, and drink in the Sweet Nectar. ||3||
ਗੁਰੂ ਦਾ ਬਖ਼ਸ਼ਿਆ ਹੋਇਆ (ਆਤਮਕ ਜੀਵਨ ਦੀ ਸੂਝ ਦਾ) ਗਿਆਨ ਤੇਜ਼ ਖੰਡਾ (ਹੈ, ਇਹ ਖੰਡਾ) ਕੱਢ ਕੇ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲਾ ਮਾਇਆ ਦੇ ਮੋਹ ਦਾ) ਜ਼ਹਰ (ਜੜ੍ਹਾਂ ਤੋਂ) ਵੱਢ ਵੱਢ ਕੇ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥ ਖੜਗੁ = ਤਲਵਾਰ। ਗੁਰ ਗਿਆਨੁ = ਗੁਰੂ ਦਾ ਦਿੱਤਾ ਗਿਆਨ। ਗਿਆਨੁ = ਆਤਮਕ ਜੀਵਨ ਦੀ ਸੂਝ। ਕਰਾਰਾ = ਤਕੜਾ। ਬਿਖੁ = ਜ਼ਹਰ। ਛੇਦਿ = ਕੱਟ ਕੇ। ਪੀਜੈ = ਪੀਤਾ ਜਾ ਸਕਦਾ ਹੈ ॥੩॥
ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥
You may gather wood and stack it in a pile, but in an instant, fire reduces it to ashes.
(ਲੱਕੜਾਂ) ਲਿਆ ਲਿਆ ਕੇ ਲੱਕੜਾਂ ਦਾ ਬੜਾ ਢੇਰ ਇਕੱਠਾ ਕੀਤਾ ਜਾਏ (ਉਸ ਨੂੰ) ਅੱਗ (ਦੀ ਇਕ ਚੰਗਿਆੜੀ) ਪਲ ਵਿਚ ਸੁਆਹ ਕਰ ਸਕਦੀ ਹੈ। ਆਨਿ = ਲਿਆ ਕੇ। ਆਨਿ ਆਨਿ = ਲਿਆ ਲਿਆ ਕੇ। ਸਮਧਾ = ਲੱਕੜਾਂ ਦਾ ਢੇਰ। ਬੈਸੰਤਰ = ਅੱਗ। ਭਸਮ = ਸੁਆਹ। ਕਰੀਜੈ = ਕੀਤਾ ਜਾ ਸਕਦਾ ਹੈ।
ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥੪॥
The faithless cynic gathers the most horrendous sins, but meeting with the Holy Saint, they are placed in the fire. ||4||
ਪਰਮਾਤਮਾ ਨਾਲੋਂ ਟੁੱਟ ਹੋਏ ਮਨੁੱਖ ਬੜੇ ਬੜੇ ਬੱਜਰ ਪਾਪ ਕਰਦੇ ਹਨ, (ਉਹਨਾਂ ਪਾਪਾਂ ਨੂੰ ਸਾੜਨ ਵਾਸਤੇ) ਗੁਰੂ ਨੂੰ ਮਿਲ ਕੇ (ਹਰਿ-ਨਾਮ-ਅੱਗ ਦੀ) ਚੁਆਤੀ ਦਿੱਤੀ ਜਾ ਸਕਦੀ ਹੈ ॥੪॥ ਉਗ੍ਰ = ਬੱਜਰ, ਵੱਡੇ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ। ਲੂਕੀ = ਚੁਆਤੀ। ਦੀਜੈ = ਦਿੱਤੀ ਜਾ ਸਕਦੀ ਹੈ ॥੪॥
ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥
The Holy, Saintly devotees are sublime and exalted. They enshrine the Naam, the Name of the Lord, deep within.
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਨ ਸਾਧ ਜਨ ਉਹ ਹਨ ਭਲੇ ਮਨੁੱਖ। ਸਾਧੂ = ਆਪਣੇ ਮਨ ਨੂੰ ਵੱਸ ਵਿਚ ਰੱਖਣ ਵਾਲੇ ਮਨੁੱਖ। ਨੀਕੇ = ਭਲੇ, ਚੰਗੇ, ਨੇਕ। ਜਿਨ ਅੰਤਰਿ = ਜਿਨ੍ਹਾਂ ਦੇ ਅੰਦਰ।
ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥੫॥
By the touch of the Holy and the humble servants of the Lord, the Lord God is seen. ||5||
(ਪਰਮਾਤਮਾ ਦੇ ਨਾਮ ਦੀ) ਛੁਹ ਨਾਲ (ਉਹ ਮਨੁੱਖ) ਸਾਧੂ-ਜਨ ਬਣੇ ਹਨ, (ਉਹਨਾਂ ਨੂੰ) ਮਾਨੋ, (ਹਰ ਥਾਂ) ਹਰੀ ਭਗਵਾਨ ਦਿੱਸ ਪਿਆ ਹੈ ॥੫॥ ਪਰਸਨਿ = (ਹਰਿ-ਨਾਮ ਦੀ) ਛੁਹ ਨਾਲ। ਪਰਸੁ = ਪਾਰਸੁ। ਜਨੁ = ਜਾਣੋ, ਮਾਨੋ (as if)। ਦਿਖੀਜੈ = (ਉਹਨਾਂ ਨੂੰ) ਦਿੱਸ ਪਿਆ ਹੈ ॥੫॥
ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥
The thread of the faithless cynic is totally knotted and tangled; how can anything be woven with it?
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਜੀਵਨ ਡੋਰ (ਵਿਕਾਰਾਂ ਦੀਆਂ) ਅਨੇਕਾਂ ਗੁੰਝਲਾਂ ਨਾਲ ਭਰੀ ਰਹਿੰਦੀ ਹੈ। ਸਾਕਤ ਸੂਤੁ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਜੀਵਨ-ਧਾਗਾ। ਗੁਰਝੀ = ਗੁਰਝੀਂ, ਗੁੰਝਲਾਂ ਨਾਲ। ਕਿਉਕਰਿ = ਕਿਵੇਂ? ਤਾਨੁ = ਜੀਵਨ ਦਾ ਤਾਣਾ। ਤਨੀਜੈ = ਤਣਿਆ ਜਾ ਸਕਦਾ ਹੈ।
ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥੬॥
This thread cannot be woven into yarn; do not associate with those faithless cynics. ||6||
(ਵਿਕਾਰਾਂ ਦੀਆਂ ਗੁੰਝਲਾਂ ਨਾਲ ਭਰੇ ਹੋਏ ਜੀਵਨ-ਸੂਤਰ ਨਾਲ ਪਵਿੱਤਰ ਜੀਵਨ ਦਾ) ਤਾਣਾ ਤਣਿਆ ਹੀ ਨਹੀਂ ਜਾ ਸਕਦਾ, (ਕਿਉਂਕਿ ਉਹਨਾਂ ਗੁੰਝਲਾਂ ਵਿਚੋਂ ਇੱਕ ਭੀ ਸਿੱਧੀ) ਤੰਦ ਨਹੀਂ ਨਿਕਲਦੀ, ਇੱਕ ਭੀ ਧਾਗਾ ਨਹੀਂ ਨਿਕਲਦਾ। (ਇਸ ਵਾਸਤੇ ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦਾ ਸਾਥ ਨਹੀਂ ਕਰਨਾ ਚਾਹੀਦਾ ॥੬॥ ਤੰਤੁ = ਤੰਦ। ਸੂਤੁ = ਧਾਗਾ। ਨਿਕਸੈ = ਨਿਕਲਦਾ। ਸੰਗੁ = ਸਾਥ ॥੬॥
ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥
The True Guru and the Saadh Sangat, the Company of the Holy, are exalted and sublime. Joining the Congregation, meditate on the Lord.
ਗੁਰੂ ਦੀ ਸਾਧ ਸੰਗਤ ਭਲੀ (ਸੁਹਬਤ) ਹੈ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਸਤਿਗੁਰ ਸਾਧ ਸੰਗਤਿ = ਗੁਰੂ ਦੀ ਸਾਧ ਸੰਗਤ। ਨੀਕੀ = ਚੰਗੀ। ਮਿਲਿ = ਮਿਲ ਕੇ। ਰਵੀਜੈ = ਸਿਮਰਿਆ ਜਾ ਸਕਦਾ ਹੈ।
ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥੭॥
The gems, jewels and precious stones are deep within; by Guru's Grace, they are found. ||7||
(ਮਨੁੱਖ ਦੇ) ਅੰਦਰ (ਗੁਪਤ ਟਿਕਿਆ ਹੋਇਆ ਹਰਿ-ਨਾਮ, ਮਾਨੋ) ਰਤਨ ਜਵਾਹਰਾਤ ਮੋਤੀ ਹਨ (ਇਹ ਹਰਿ-ਨਾਮ ਸਾਧ ਸੰਗਤ ਵਿਚ ਟਿਕ ਕੇ) ਗੁਰੂ ਦੀ ਕਿਰਪਾ ਨਾਲ ਲਿਆ ਜਾ ਸਕਦਾ ਹੈ ॥੭॥ ਅੰਤਰਿ = (ਮਨੁੱਖ ਦੇ) ਅੰਦਰ। ਮਾਣਕ = ਮੋਤੀ। ਤੇ = ਤੋਂ, ਨਾਲ। ਲੀਜੈ = ਲਿਆ ਜਾ ਸਕਦਾ ਹੈ ॥੭॥
ਮੇਰਾ ਠਾਕੁਰੁ ਵਡਾ ਵਡਾ ਹੈ ਸੁਆਮੀ ਹਮ ਕਿਉ ਕਰਿ ਮਿਲਹ ਮਿਲੀਜੈ ॥
My Lord and Master is Glorious and Great. How can I be united in His Union?
ਮੇਰਾ ਮਾਲਕ-ਸੁਆਮੀ ਬਹੁਤ ਵੱਡਾ ਹੈ, ਅਸੀਂ ਜੀਵ (ਆਪਣੇ ਹੀ ਉੱਦਮ ਨਾਲ ਉਸ ਨੂੰ) ਕਿਵੇਂ ਮਿਲ ਸਕਦੇ ਹਾਂ? (ਇਸ ਤਰ੍ਹਾਂ ਉਹ) ਨਹੀਂ ਮਿਲ ਸਕਦਾ। ਠਾਕੁਰੁ = ਮਾਲਕ-ਪ੍ਰਭੂ। ਮਿਲਹ = ਅਸੀਂ ਮਿਲ ਸਕਦੇ ਹਾਂ। ਮਿਲੀਜੈ = ਮਿਲ ਸਕਦਾ ਹੈ।
ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥੮॥੨॥
O Nanak, the Perfect Guru unites His humble servant in His Union, and blesses him with perfection. ||8||2||
ਹੇ ਨਾਨਕ! ਪੂਰਾ ਗੁਰੂ (ਹੀ ਆਪਣੇ ਸ਼ਬਦ ਵਿਚ) ਜੋੜ ਕੇ (ਪਰਮਾਤਮਾ ਨਾਲ) ਮਿਲਾਂਦਾ ਹੈ। (ਸੋ, ਗੁਰੂ ਪਰਮੇਸਰ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ! ਆਪਣੇ) ਸੇਵਕ ਨੂੰ ਪੂਰਨਤਾ ਦਾ ਦਰਜਾ ਬਖ਼ਸ਼ ॥੮॥੨॥ ਮੇਲਿ = (ਆਪਣੇ ਸ਼ਬਦ ਵਿਚ) ਮਿਲਾ ਕੇ। ਕਉ = ਨੂੰ। ਪੂਰਨੁ = ਪੂਰਨਤਾ ਦਾ ਦਰਜਾ। ਦੀਜੈ = ਦੇਹ ॥੮॥੨॥