ਕਲਿਆਨੁ ਮਹਲਾ ੪ ॥
Kalyaan, Fourth Mehl:
ਕਲਿਆਣ ਚੋਥੀ ਪਾਤਿਸ਼ਾਹੀ।
ਰਾਮਾ ਰਮ ਰਾਮੋ ਰਾਮੁ ਰਵੀਜੈ ॥
Chant the Name of the Lord, the Lord, the All-pervading Lord.
ਸਰਬ-ਵਿਆਪਕ ਰਾਮ (ਦਾ ਨਾਮ) ਸਦਾ ਸਿਮਰਨਾ ਚਾਹੀਦਾ ਹੈ। ਰਮ = ਸਰਬ-ਵਿਆਪਕ। ਰਾਮੋ ਰਾਮੁ = ਰਾਮ ਹੀ ਰਾਮ। ਰਵੀਜੈ = ਸਿਮਰਨਾ ਚਾਹੀਦਾ ਹੈ।
ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥੧॥ ਰਹਾਉ ॥
The Holy, the humble and Holy, are noble and sublime. Meeting with the Holy, I joyfully love the Lord. ||1||Pause||
(ਸਿਮਰਨ ਦੀ ਬਰਕਤਿ ਨਾਲ ਹੀ ਮਨੁੱਖ) ਉੱਚੇ ਜੀਵਨ ਵਾਲੇ ਗੁਰਮੁਖ ਸਾਧ ਬਣ ਜਾਂਦੇ ਹਨ। ਸਾਧੂ ਜਨਾਂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ॥੧॥ ਰਹਾਉ ॥ ਨੀਕੇ = ਚੰਗੇ, ਸੁੱਚੇ ਜੀਵਨ ਵਾਲੇ। ਮਿਲਿ = ਮਿਲ ਕੇ। ਹਰਿ ਰੰਗੁ = ਹਰੀ (ਦੇ ਮਿਲਾਪ) ਦਾ ਆਨੰਦ ॥੧॥ ਰਹਾਉ ॥
ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥
The minds of all the beings and creatures of the world waver unsteadily.
ਹੇ ਹਰੀ! ਇਹ ਜਿਤਨਾ ਭੀ ਸਾਰਾ ਜਗਤ ਹੈ (ਇਸ ਦੇ ਸਾਰੇ) ਜੀਵਾਂ ਦਾ ਮਨ (ਮਾਇਆ ਦੇ ਅਸਰ ਹੇਠ) ਹਰ ਵੇਲੇ ਡਾਵਾਂ-ਡੋਲ ਹੁੰਦਾ ਰਹਿੰਦਾ ਹੈ। ਸਭੁ ਜਗੁ = ਸਾਰਾ ਜਗਤ। ਜੇਤਾ = ਜਿਤਨਾ ਭੀ ਹੈ। ਡੋਲਤ ਡੋਲ ਕਰੀਜੈ = ਹਰ ਵੇਲੇ ਡੋਲ ਰਿਹਾ ਹੈ।
ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥੧॥
Please take pity on them, be merciful to them, and unite them with the Holy; establish this support to support the world. ||1||
ਹੇ ਪ੍ਰਭੂ! ਮਿਹਰ ਕਰ, ਮਿਹਰ ਕਰ, (ਜੀਵਾਂ ਨੂੰ) ਗੁਰੂ ਮਿਲਾ (ਗੁਰੂ ਜਗਤ ਲਈ ਥੰਮ੍ਹ ਹੈ), ਜਗਤ ਨੂੰ ਸਹਾਰਾ ਦੇਣ ਲਈ (ਇਹ) ਥੰਮ੍ਹ ਦੇਹ ॥੧॥ ਕਰਿ = ਕਰ ਕੇ। ਸਾਧੁ = ਗੁਰੂ। ਥੰਮਨ ਕਉ = ਸਹਾਰਾ ਦੇਣ ਲਈ। ਦੀਜੈ = ਦੇਹ ॥੧॥
ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥
The earth is beneath us, and yet its dust falls down on all; let yourself be covered by the dust of the feet of the Holy.
ਧਰਤੀ ਸਦਾ (ਜੀਵਾਂ ਦੇ) ਪੈਰਾਂ ਹੇਠ ਹੀ ਰਹਿੰਦੀ ਹੈ, (ਆਖ਼ਰ) ਸਭਨਾਂ ਦੇ ਉੱਤੇ ਆ ਜਾਂਦੀ ਹੈ। ਗੁਰੂ ਨੂੰ ਮਿਲ ਕੇ (ਸਭਨਾਂ ਦੇ) ਪੈਰਾਂ ਹੇਠ ਟਿਕੇ ਰਹਿਣਾ ਚਾਹੀਦਾ ਹੈ। ਬਸੁਧਾ = ਧਰਤੀ। ਤਲੈ ਤਲੈ = ਹਰ ਵੇਲੇ ਪੈਰਾਂ ਹੇਠ। ਰੁਲੀਜੈ = ਰੁਲਣਾ ਚਾਹੀਦਾ ਹੈ, ਪਏ ਰਹਿਣਾ ਚਾਹੀਦਾ ਹੈ।
ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥੨॥
You shall be utterly exalted, the most noble and sublime of all; the whole world will place itself at your feet. ||2||
(ਜੇ ਇਸ ਜੀਵਨ-ਰਾਹ ਤੇ ਤੁਰੋਗੇ ਤਾਂ) ਬੜੇ ਹੀ ਉੱਚੇ ਜੀਵਨ ਵਾਲੇ ਬਣ ਜਾਵੋਗੇ (ਨਿਮ੍ਰਤਾ ਦੀ ਬਰਕਤਿ ਨਾਲ) ਸਾਰੀ ਧਰਤੀ (ਆਪਣੇ) ਪੈਰਾਂ ਹੇਠ ਦਿੱਤੀ ਜਾ ਸਕਦੀ ਹੈ ॥੨॥ ਊਤਮ = ਉੱਚੇ ਜੀਵਨ ਵਾਲੇ। ਸਭ ਸਿਸਟਿ = ਸਾਰੀ ਸ੍ਰਿਸ਼ਟੀ। ਦੀਜੈ = ਦਿੱਤੀ ਜਾ ਸਕਦੀ ਹੈ ॥੨॥
ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥
The Gurmukhs are blessed with the Divine Light of the Lord; Maya comes to serve them.
ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਲੀ ਸੋਹਣੀ ਜੋਤਿ (ਮਨੁੱਖ ਦੇ ਅੰਦਰ ਜਗ ਪੈਂਦੀ ਹੈ, ਤਦੋਂ) ਮਾਇਆ (ਭੀ ਉਸ ਵਾਸਤੇ) ਲਿਆ ਕੇ ਪਾਣੀ ਭਰਦੀ ਹੈ (ਮਾਇਆ ਉਸ ਦੀ ਟਹਲਣ ਬਣਦੀ ਹੈ)। ਸਿਵ ਜੋਤਿ = ਪਰਮਾਤਮਾ ਦੀ ਜੋਤਿ। ਨੀਕੀ = ਚੰਗੀ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਆਨਿ ਪਾਨੀ = ਪਾਣੀ ਲਿਆ ਕੇ। ਸਕਤਿ = ਮਾਇਆ।
ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥੩॥
Through the Word of the Guru's Teachings, they bite with teeth of wax and chew iron, drinking in the Sublime Essence of the Lord. ||3||
ਗੁਰੂ ਦੇ ਬਚਨਾਂ ਦੀ ਰਾਹੀਂ ਉਸ ਦੇ ਹਿਰਦੇ ਵਿਚ (ਅਜਿਹੀ) ਕੋਮਲਤਾ ਪੈਦਾ ਹੁੰਦੀ ਹੈ ਕਿ ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ ਪਰਮਾਤਮਾ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੩॥ ਮੈਨ ਦੰਤ = ਮੋਮ ਦੇ ਦੰਦ, ਹਿਰਦੇ ਦੀ ਕੋਮਲਤਾ। ਸਾਰੁ = ਲੋਹਾ। ਸਾਰੁ ਚਬਿ ਚਬਿ = ਬਲੀ ਵਿਕਾਰਾਂ ਨੂੰ ਵੱਸ ਵਿਚ ਕਰ ਕੇ। ਪੀਜੈ = ਪੀਤਾ ਜਾ ਸਕਦਾ ਹੈ ॥੩॥
ਰਾਮ ਨਾਮ ਅਨੁਗ੍ਰਹੁ ਬਹੁ ਕੀਆ ਗੁਰ ਸਾਧੂ ਪੁਰਖ ਮਿਲੀਜੈ ॥
The Lord has shown great mercy, and bestowed His Name; I have met with the Holy Guru, the Primal Being.
ਸਾਧ ਗੁਰੂ ਪੁਰਖ ਨੂੰ ਮਿਲਣਾ ਚਾਹੀਦਾ ਹੈ, ਗੁਰੂ ਪਰਮਾਤਮਾ ਦਾ ਨਾਮ-ਦਾਨ ਦੇਣ ਦੀ ਮਿਹਰ ਕਰਦਾ ਹੈ। ਅਨੁਗ੍ਰਹੁ = ਕਿਰਪਾ, ਦਾਨ। ਮਿਲੀਜੈ = ਮਿਲਣਾ ਚਾਹੀਦਾ ਹੈ।
ਗੁਨ ਰਾਮ ਨਾਮ ਬਿਸਥੀਰਨ ਕੀਏ ਹਰਿ ਸਗਲ ਭਵਨ ਜਸੁ ਦੀਜੈ ॥੪॥
The Glorious Praises of the Lord's Name have spread out everywhere; the Lord bestows fame all over the world. ||4||
ਗੁਰੂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ (ਸਾਰੇ ਜਗਤ ਵਿਚ) ਖਿਲਾਰਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਸਾਰੇ ਭਵਨਾਂ ਵਿਚ ਵੰਡੀ ਜਾਂਦੀ ਹੈ ॥੪॥ ਬਿਸਥੀਰਨ ਕੀਏ = ਖਿਲਾਰ ਦਿੱਤੇ। ਸਗਲ ਭਵਨ = ਸਾਰੇ ਭਵਨਾਂ ਵਿਚ, ਸਾਰੇ ਜਗਤ ਵਿਚ। ਜਸੁ = ਸਿਫ਼ਤ-ਸਾਲਾਹ। ਦੀਜੈ = ਵੰਡਿਆ ਜਾਂਦਾ ਹੈ ॥੪॥
ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥
The Beloved Lord is within the minds of the Holy, the Holy Saadhus; without seeing Him, they cannot survive.
ਸੰਤ ਜਨਾਂ ਦੇ ਮਨ ਵਿਚ (ਸਦਾ) ਪ੍ਰੀਤਮ ਪ੍ਰਭੂ ਜੀ ਵੱਸਦੇ ਹਨ, (ਪ੍ਰਭੂ ਦਾ) ਦਰਸਨ ਕਰਨ ਤੋਂ ਬਿਨਾ (ਉਹਨਾਂ ਪਾਸੋਂ) ਰਿਹਾ ਨਹੀਂ ਜਾ ਸਕਦਾ; ਸਾਧ ਮਨਿ = ਸੰਤ ਜਨਾਂ ਦੇ ਮਨ ਵਿਚ। ਰਹਿ ਨ ਸਕੀਜੈ = ਰਿਹਾ ਨਹੀਂ ਜਾ ਸਕਦਾ।
ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥੫॥
The fish in the water loves only the water. Without water, it bursts and dies in an instant. ||5||
ਜਿਵੇਂ ਪਾਣੀ ਦੀ ਮੱਛੀ ਦਾ ਹਰ ਵੇਲੇ ਪਾਣੀ ਨਾਲ ਹੀ ਪਿਆਰ ਹੈ, ਪਾਣੀ ਤੋਂ ਬਿਨਾ ਇਕ ਖਿਨ ਵਿਚ ਹੀ ਉਹ ਤੜਪ ਕੇ ਮਰ ਜਾਂਦੀ ਹੈ ॥੫॥ ਜਲ ਮੀਨ = ਪਾਣੀ ਦੀ ਮੱਛੀ। ਜਲੰ ਜਲ ਪ੍ਰੀਤਿ = ਹਰ ਵੇਲੇ ਪਾਣੀ ਦਾ ਪਿਆਰ। ਫੂਟਿ = ਫੁੱਟ ਕੇ ॥੫॥
ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥
Those who have terrible luck and bad fortune do not drink in the water which washes the dust of the feet of the Holy.
ਜਿਨ੍ਹਾਂ ਮਨੁੱਖਾਂ ਦੇ ਬਹੁਤ ਹੀ ਮੰਦੇ ਭਾਗ ਹੁੰਦੇ ਹਨ, ਉਹਨਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਸੀਬ ਨਹੀਂ ਹੁੰਦੀ। ਅਭਾਗ = ਮੰਦੇ ਭਾਗ। ਸਾਧੂ ਧੂਰਿ = ਸੰਤ ਜਨਾਂ ਦੇ ਚਰਨਾਂ ਦੀ ਧੂੜ।
ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥
The burning fire of their desires is not extinguished; they are beaten and punished by the Righteous Judge of Dharma. ||6||
ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ ਹੈ, (ਉਸ ਅੱਗ ਵਿਚ) ਹਰ ਵੇਲੇ ਸੜਦਿਆਂ ਦੇ ਅੰਦਰ ਠੰਢ ਨਹੀਂ ਪੈਂਦੀ, (ਇਹ ਉਹਨਾਂ ਨੂੰ) ਧਰਮਰਾਜ ਦੀ ਸਜ਼ਾ ਮਿਲਦੀ ਹੈ ॥੬॥ ਨਹੀ ਬੂਝਹਿ = ਸ਼ਾਂਤ ਨਹੀਂ ਹੁੰਦੇ। ਡੰਡੁ = ਸਜ਼ਾ। ਦੀਜੈ = ਦਿੱਤੀ ਜਾਂਦੀ ਹੈ ॥੬॥
ਸਭਿ ਤੀਰਥ ਬਰਤ ਜਗੵ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥
You may visit all the sacred shrines, observe fasts and sacred feasts, give generously in charity and waste away the body, melting it in the snow.
ਜੇ ਸਾਰੇ ਤੀਰਥਾਂ ਦੇ ਇਸ਼ਨਾਨ, ਅਨੇਕਾਂ ਵਰਤ, ਜੱਗ ਤੇ ਹੋਰ (ਇਹੋ ਜਿਹੇ) ਪੁੰਨ-ਦਾਨ ਕੀਤੇ ਜਾਣ, (ਪਹਾੜਾਂ ਦੀਆਂ ਖੁੰਦ੍ਰਾਂ ਵਿਚ) ਬਰਫ਼ ਵਿਚ ਗਾਲ ਗਾਲ ਕੇ ਸਰੀਰ ਨਾਸ ਕੀਤਾ ਜਾਏ, ਸਭਿ = ਸਾਰੇ। ਹਿਵੈ = ਬਰਫ਼ ਵਿਚ। ਗਾਲਿ = ਗਾਲ ਕੇ। ਤਨੁ ਛੀਜੈ = (ਜੇ) ਸਰੀਰ ਨਾਸ ਹੋ ਜਾਏ।
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥
The weight of the Lord's Name is unweighable, according to the Guru's Teachings; nothing can equal its weight. ||7||
(ਤਾਂ ਭੀ ਇਹਨਾਂ ਸਾਰੇ ਸਾਧਨਾਂ ਵਿਚੋਂ) ਕੋਈ ਭੀ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਐਸਾ ਹੈ ਕਿ ਕੋਈ ਭੀ ਤੋਲ ਉਸ ਨੂੰ ਤੋਲ ਨਹੀਂ ਸਕਦਾ, ਉਹ ਮਿਲਦਾ ਹੈ ਗੁਰੂ ਦੀ ਮੱਤ ਤੇ ਤੁਰਿਆਂ ॥੭॥ ਅਤੁਲਾ = ਨਾਹ ਤੋਲਿਆ ਜਾ ਸਕਣ ਵਾਲਾ। ਕੋ = ਕੋਈ (ਭੀ ਉੱਦਮ)। ਪੁਜੈ ਨ = ਅੱਪੜਦਾ ਨਹੀਂ, ਬਰਾਬਰੀ ਨਹੀਂ ਕਰ ਸਕਦਾ। ਤੁਲੀਜੈ = ਜੇ ਤੋਲਿਆ ਜਾਏ ॥੭॥
ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥
O God, You alone know Your Glorious Virtues. Servant Nanak seeks Your Sanctuary.
ਹੇ ਦਾਸ ਨਾਨਕ! ਹੇ ਪ੍ਰਭੂ! ਤੇਰੇ ਗੁਣ ਤੂੰ (ਆਪ ਹੀ) ਜਾਣਦਾ ਹੈਂ (ਮਿਹਰ ਕਰ, ਅਸੀਂ ਜੀਵ ਤੇਰੀ ਹੀ) ਸਰਨ ਪਏ ਰਹੀਏ। ਬ੍ਰਹਮ = ਹੇ ਪ੍ਰਭੂ! ਤਵ = ਤੇਰੇ। ਪਰੀਜੈ = ਪਏ ਰਹਿਣਾ ਚਾਹੀਦਾ ਹੈ।
ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥
You are the Ocean of water, and I am Your fish. Please be kind, and keep me always with You. ||8||3||
ਤੂੰ (ਸਾਡਾ) ਸਮੁੰਦਰ ਹੈਂ, ਅਸੀਂ ਜੀਵ ਤੇਰੀਆਂ ਮੱਛੀਆਂ ਹਾਂ, ਮਿਹਰ ਕਰ ਕੇ (ਸਾਨੂੰ ਆਪਣੇ) ਨਾਲ ਹੀ ਰੱਖੀ ਰੱਖ ॥੮॥੩॥ ਜਲਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਕਰਿ = ਕਰ ਕੇ। ਸੰਗਿ = (ਆਪਣੇ) ਨਾਲ ॥੮॥੩॥