ਕਲਿਆਨ ਮਹਲਾ ੪ ॥
Kalyaan, Fourth Mehl:
ਕਲਿਆਨ ਚੌਥੀ ਪਾਤਿਸ਼ਾਹੀ।
ਰਾਮਾ ਰਮ ਰਾਮੋ ਪੂਜ ਕਰੀਜੈ ॥
I worship and adore the Lord, the All-pervading Lord.
ਸਦਾ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ। ਰਮ = ਸਰਬ-ਵਿਆਪਕ। ਪੂਜ = ਭਗਤੀ। ਕਰੀਜੈ = ਕਰਨੀ ਚਾਹੀਦੀ ਹੈ।
ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥
I surrender my mind and body, and place everything before Him; following the Guru's Teachings, spiritual wisdom is implanted within me. ||1||Pause||
ਜੇ ਕੋਈ ਮੇਰੇ ਹਿਰਦੇ ਵਿਚ ਗੁਰਮੱਤ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਆਨੰਦ ਅਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਉਸ ਦੇ ਅੱਗੇ ਭੇਟਾ ਰੱਖ ਦਿਆਂ ॥੧॥ ਰਹਾਉ ॥ ਅਰਪਿ = ਭੇਟਾ ਕਰ ਕੇ। ਧਰਉ = ਧਰਉਂ, ਮੈਂ ਧਰਦਾ ਹਾਂ। ਸਭੁ = ਸਭ ਕੁਝ। ਗਿਆਨੁ = ਆਤਮਕ ਜੀਵਨ ਦੀ ਸੂਝ। ਦ੍ਰਿੜੀਜੈ = ਹਿਰਦੇ ਵਿਚ ਪੱਕਾ ਹੋ ਸਕੇ ॥੧॥ ਰਹਾਉ ॥
ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥
God's Name is the tree, and His Glorious Virtues are the branches. Picking and gathering up the fruit, I worship Him.
ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਹੀ ਰੁੱਖਾਂ ਦੀਆਂ ਸ਼ਾਖ਼ਾਂ ਹਨ (ਜਿਨ੍ਹਾਂ ਨਾਲੋਂ ਨਾਮ ਅਤੇ ਸਿਫ਼ਤ-ਸਾਲਾਹ ਦੇ ਫੁੱਲ ਹੀ) ਚੁਣ ਚੁਣ ਕੇ ਪਰਮਾਤਮ-ਦੇਵ ਦੀ ਪੂਜਾ ਕਰਨੀ ਚਾਹੀਦੀ ਹੈ। ਬ੍ਰਹਮ ਨਾਮ = ਪਰਮਾਤਮਾ ਦਾ ਨਾਮ। ਬ੍ਰਹਮ ਗੁਣ = ਪਰਮਾਤਮਾ ਦੀ ਸਿਫ਼ਤ-ਸਾਲਾਹ। ਸਾਖ ਤਰੋਵਰ = ਰੁੱਖ ਦੀਆਂ ਸ਼ਾਖਾਂ। ਚੁਨਿ ਚੁਨਿ = (ਇਹੀ) ਫੁੱਲ ਚੁਣ ਚੁਣ ਕੇ। ਪੂਜ ਕਰੀਜੈ = ਪੂਜਾ ਕਰਨੀ ਚਾਹੀਦੀ ਹੈ।
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥
The soul is divine; divine is the soul. Worship Him with love. ||1||
ਪਰਮਾਤਮਾ ਹੀ (ਪੂਜਣ-ਜੋਗ) ਦੇਵਤਾ ਹੈ, (ਪਰਮਾਤਮਾ ਦੇ ਨਾਮ-) ਰਸ ਵਿਚ ਲੱਗ ਕੇ ਪਰਮਾਤਮਾ ਦੀ ਹੀ ਭਗਤੀ ਕਰਨੀ ਚਾਹੀਦੀ ਹੈ ॥੧॥ ਆਤਮ ਦੇਉ = ਪਰਮਾਤਮਾ ਹੀ ਦੇਵਤਾ ਹੈ। ਰਸਿ ਲਾਗੈ = ਰਸਿ ਲਾਗਿ, (ਪਰਮਾਤਮਾ ਦੇ ਹੀ ਨਾਮ-) ਰਸ ਵਿਚ ਲੱਗ ਕੇ ॥੧॥
ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥
One of keen intellect and precise understanding is immaculate in all this world. In thoughtful consideration, he drinks in the sublime essence.
(ਹੋਰ ਸਭ ਚਤੁਰਾਈਆਂ ਨਾਲੋਂ) ਜਗਤ ਵਿਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। (ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿਚ) ਵਸਾ ਵਸਾ ਕੇ (ਆਤਮਕ ਜੀਵਨ ਦੇਣ ਵਾਲਾ ਨਾਮ-) ਰਸ ਪੀਣਾ ਚਾਹੀਦਾ ਹੈ। ਬਿਬੇਕ ਬੁਧਿ = ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ। ਬਿਚਰਿ ਬਿਚਰਿ = (ਇਸ ਬੁੱਧੀ ਦੀ ਰਾਹੀਂ) ਵਿਚਾਰ ਵਿਚਾਰ ਕੇ। ਪੀਜੈ = ਪੀਣਾ ਚਾਹੀਦਾ ਹੈ।
ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥
By Guru's Grace, the treasure is found; dedicate this mind to the True Guru. ||2||
ਇਹ ਨਾਮ-ਪਦਾਰਥ ਗੁਰੂ ਦੀ ਕਿਰਪਾ ਨਾਲ (ਹੀ) ਮਿਲਦਾ ਹੈ, ਆਪਣਾ ਇਹ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੨॥ ਪਰਸਾਦਿ = ਕਿਰਪਾ ਨਾਲ। ਪਦਾਰਥੁ = ਹਰਿ-ਨਾਮ। ਕਉ = ਨੂੰ। ਦੀਜੈ = ਦੇਣਾ ਚਾਹੀਦਾ ਹੈ ॥੨॥
ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥
Priceless and utterly sublime is the Diamond of the Lord. This Diamond pierces the diamond of the mind.
ਪਰਮਾਤਮਾ ਦਾ ਨਾਮ-ਹੀਰਾ ਬਹੁਤ ਹੀ ਕੀਮਤੀ ਹੈ ਬਹੁਤ ਹੀ ਸੋਹਣਾ ਹੈ, ਇਸ ਨਾਮ-ਹੀਰੇ ਨਾਲ (ਆਪਣੇ ਮਨ-) ਹੀਰੇ ਨੂੰ ਸਦਾ ਪ੍ਰੋ ਰੱਖਣਾ ਚਾਹੀਦਾ ਹੈ। ਅਤਿ ਨੀਕੋ = ਬਹੁਤ ਸੋਹਣਾ। ਹੀਰੋ = ਹਰਿ-ਨਾਮ-ਹੀਰਾ। ਹੀਰੈ = (ਇਸ) ਹੀਰੇ ਨਾਲ। ਹੀਰੁ = ਮਨ-ਹੀਰਾ। ਬਿਧੀਜੈ = ਵਿੰਨ੍ਹ ਲੈਣਾ ਚਾਹੀਦਾ ਹੈ, ਪ੍ਰੋ ਲੈਣਾ ਚਾਹੀਦਾ ਹੈ।
ਮਨੁ ਮੋਤੀ ਸਾਲੁ ਹੈ ਗੁਰਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥
The mind becomes the jeweller, through the Word of the Guru's Shabad; it appraises the Diamond of the Lord. ||3||
ਗੁਰੂ ਦੇ ਸ਼ਬਦ ਦੀ ਰਾਹੀਂ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤਿ ਨਾਲ ਨਾਮ ਹੀਰੇ ਦੀ ਕਦਰ-ਕੀਮਤ ਦੀ ਸਮਝ ਪੈ ਜਾਂਦੀ ਹੈ ॥੩॥ ਸਾਲੁ = ਸਾਰੁ, ਸ੍ਰੇਸ਼ਟ। ਸਬਦੀ = ਸ਼ਬਦ ਦੀ ਰਾਹੀਂ। ਜਿਤੁ = ਜਿਸ (ਸ਼ਬਦ) ਦੀ ਬਰਕਤਿ ਨਾਲ। ਹੀਰਾ = ਨਾਮ-ਹੀਰਾ ॥੩॥
ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥
Attaching oneself to the Society of the Saints, one is exalted and uplifted, as the palaas tree is absorbed by the peepal tree.
ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਸੰਤ-ਜਨਾਂ ਦੀ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਸਕੀਦਾ ਹੈ। ਜਿਵੇਂ ਛਿਛਰੇ ਨੂੰ ਪਿੱਪਲ ਆਪਣੇ ਵਿਚ ਲੀਨ ਕਰ (ਕੇ ਆਪਣੇ ਵਰਗਾ ਹੀ ਬਣਾ) ਲੈਂਦਾ ਹੈ, ਸੰਗਿ = ਨਾਲ। ਲਗਿ = ਲੱਗ ਕੇ। ਪੀਪ = ਪਿੱਪਲ। ਪਲਾਸ = ਛਿਛਰ।
ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥
That mortal being is supreme among all people, who is perfumed by the fragrance of the Lord's Name. ||4||
(ਇਸੇ ਤਰ੍ਹਾਂ ਜਿਸ ਮਨੁੱਖ ਵਿਚ) ਪਰਮਾਤਮਾ ਦੇ ਨਾਮ ਦੀ ਸੁਗੰਧੀ ਵੱਸ ਜਾਂਦੀ ਹੈ, ਉਹ ਮਨੁੱਖ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ ॥੪॥ ਰਾਮ ਨਾਮੈ = ਪਰਮਾਤਮਾ ਦੇ ਨਾਮ ਵਿਚ। ਬਾਸੁ = ਸੁਗੰਧੀ ॥੪॥
ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥
One who continually acts in goodness and immaculate purity, sprouts green branches in great abundance.
(ਗੁਰਮਤ ਦੀ ਬਰਕਤਿ ਨਾਲ ਜਿਸ ਮਨੁੱਖ ਨੇ) ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ ਕੰਮ ਨਿੱਤ ਕਰਨੇ ਸ਼ੁਰੂ ਕੀਤੇ, (ਉਸ ਦੇ ਜੀਵਨ-ਰੁੱਖ ਉਤੇ, ਮਾਨੋ, ਇਹ) ਹਰੀ ਸ਼ਾਖ਼ ਸਦਾ ਉੱਗਦੀ ਰਹਿੰਦੀ ਹੈ, ਨਿਰਮਲ = ਵਿਕਾਰਾਂ ਦੀ ਮੈਲ ਤੋਂ ਬਚਾਣ ਵਾਲੇ, ਪਵਿੱਤਰ। ਸਾਖਾ = ਸ਼ਾਖਾ। ਸਾਖਾ ਹਰੀ = ਹਰੀ ਸ਼ਾਖ਼। ਜੜੀਜੈ = ਜੜੀ ਜਾਂਦੀ ਹੈ, ਉੱਗਦੀ ਹੈ।
ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥
The Guru has taught me that Dharmic faith is the flower, and spiritual wisdom is the fruit; this fragrance permeates the world. ||5||
(ਜਿਸ ਨੂੰ) ਧਰਮ-ਰੂਪ ਫੁੱਲ ਲੱਗਦਾ ਰਹਿੰਦਾ ਹੈ, ਅਤੇ ਗੁਰੂ ਦੀ ਰਾਹੀਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਫਲ ਲੱਗਦਾ ਹੈ। (ਇਸ ਫੁੱਲ ਦੀ) ਮਹਕਾਰ ਸੁਗੰਧੀ (ਸਾਰੇ) ਜਗਤ ਵਿਚ ਖਿਲਰਦੀ ਹੈ ॥੫॥ ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਗਿਆਨੁ = ਆਤਮਕ ਜੀਵਨ ਦੀ ਸੂਝ। ਬਹਕਾਰ = ਮਹਕਾਰ, ਸੁਗੰਧੀ। ਬਾਸੁ = ਸੁਗੰਧੀ। ਜਗਿ = ਜਗਤ ਵਿਚ। ਦੀਜੈ = ਦਿੱਤੀ ਜਾਂਦੀ ਹੈ ॥੫॥
ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥
The One, the Light of the One, abides within my mind; God, the One, is seen in all.
(ਸਾਰੇ ਜਗਤ ਵਿਚ) ਇਕ (ਪਰਮਾਤਮਾ) ਦੀ ਜੋਤਿ (ਹੀ ਵੱਸਦੀ ਹੈ), ਇਕ ਪਰਮਾਤਮਾ ਹੀ (ਸਭਨਾਂ ਦੇ) ਮਨ ਵਿਚ ਵੱਸਦਾ ਹੈ, ਸਾਰੀ ਲੁਕਾਈ ਵਿਚ ਸਿਰਫ਼ ਪਰਮਾਤਮਾ ਨੂੰ ਵੇਖਣ ਵਾਲੀ ਨਿਗਾਹ ਹੀ ਬਣਾਣੀ ਚਾਹੀਦੀ ਹੈ। ਏਕੋ = ਇਕ (ਪਰਮਾਤਮਾ) ਹੀ। ਮਨਿ = ਮਨ ਵਿਚ। ਬ੍ਰਹਮ = ਪਰਮਾਤਮਾ। ਦ੍ਰਿਸਟਿ = ਨਿਗਾਹ, ਨਜ਼ਰ।
ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥
The One Lord, the Supreme Soul, is spread out everywhere; all place their heads beneath His Feet. ||6||
ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਹੀ ਪਸਾਰਾ ਪਸਾਰ ਰਿਹਾ ਹੈ, (ਇਸ ਵਾਸਤੇ) ਸਭਨਾਂ ਦੇ ਚਰਨਾਂ ਹੇਠ (ਆਪਣਾ) ਸਿਰ ਰੱਖਣਾ ਚਾਹੀਦਾ ਹੈ ॥੬॥ ਆਤਮ ਰਾਮੁ = ਪਰਮਾਤਮਾ। ਪਸਰੇ = ਵਿਆਪਕ। ਤਲੇ = ਹੇਠ ॥੬॥
ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥
Without the Naam, the Name of the Lord, people look like criminals with their noses cut off; bit by bit, their noses are cut off.
ਵੇਖੋ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ਉਹ ਨਿਰਾਦਰੀ ਹੀ ਕਰਾਂਦੇ ਹਨ, ਉਹਨਾਂ ਦੀ ਸਦਾ ਨੱਕ-ਵੱਢੀ ਹੁੰਦੀ ਰਹਿੰਦੀ ਹੈ। ਨਕਟੇ = ਨੱਕ-ਕੱਟੇ, ਆਦਰ-ਹੀਣ। ਤਿਨ ਨਾਕ = ਉਹਨਾਂ ਦਾ ਨੱਕ। ਘਸਿ ਘਸਿ = ਮੁੜ ਮੁੜ ਘਸ ਕੇ। ਵਢੀਜੈ = ਵੱਢਿਆ ਜਾਂਦਾ ਹੈ।
ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥
The faithless cynics are called egotistical; without the Name, their lives are cursed. ||7||
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਅਹੰਕਾਰੀ ਹੀ ਆਖੇ ਜਾਂਦੇ ਹਨ। ਨਾਮ ਤੋਂ ਬਿਨਾ ਜੀਵਿਆ ਜੀਵਨ ਫਿਟਕਾਰ-ਜੋਗ ਹੀ ਹੁੰਦਾ ਹੈ ॥੭॥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਕਹੀਅਹਿ = ਕਹੇ ਜਾਂਦੇ ਹਨ। ਧ੍ਰਿਗੁ = ਫਿਟਕਾਰ-ਯੋਗ ॥੭॥
ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥
As long as the breath breathes through the mind deep within, hurry and seek God's Sanctuary.
ਜਦ ਤਹੈਕ ਮਨ ਵਿਚ (ਭਾਵ, ਸਰੀਰ ਵਿਚ) ਇੱਕ ਸਾਹ ਭੀ ਆ ਰਿਹਾ ਹੈ, ਤਦ ਤਕ ਪੂਰੀ ਸਰਧਾ ਨਾਲ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ। ਸਾਸੁ = ਸਾਹ। ਸਾਸੁ ਸਾਸੁ = ਹਰੇਕ ਸਾਹ। ਜਬ ਲਗੁ = ਜਿਤਨਾ ਚਿਰ। ਤਤੁ = ਤੁਰਤ। ਬੇਗਲ = ਬੇ-ਗਲ, ਝਿਜਕ ਤੋਂ ਬਿਨਾ, ਸਰਧਾ ਨਾਲ। ਪਰੀਜੈ = ਪਏ ਰਹਿਣਾ ਚਾਹੀਦਾ ਹੈ।
ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥
Please shower Your Kind Mercy and take pity upon Nanak, that he may wash the feet of the Holy. ||8||4||
ਨਾਨਕ (ਆਖਦਾ ਹੈ- ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਂ ਤੇਰੇ ਸੰਤ-ਜਨਾਂ ਦੇ ਚਰਨ ਧੋਂਦਾ ਰਹਾਂ ॥੮॥੪॥ ਪਖੀਜੈ = ਧੋਂਦਾ ਰਹਾਂ (ਪਖਾਲੀਂ) ॥੮॥੪॥