ਚੌਪਈ ॥
ਚੌਪਈ:
ਦੁੰਦ ਜੁਧ ਤ੍ਰਿਯ ਪਤਿਹ ਮਚਾਯੋ ॥
ਉਸ ਇਸਤਰੀ (ਰਾਜ ਕੁਮਾਰੀ) ਨੇ ਪਤੀ ਨਾਲ ਦੁਅੰਦ ਯੁੱਧ ਮਚਾਇਆ
ਨਿਰਖਨ ਦਿਨਿਸ ਨਿਸਿਸ ਰਨ ਆਯੋ ॥
ਜਿਸ ਨੂੰ ਵੇਖਣ ਲਈ ਸੂਰਜ ਅਤੇ ਚੰਦ੍ਰਮਾ ਵੀ ਯੁੱਧ-ਭੂਮੀ ਵਿਚ ਆਏ।
ਬ੍ਰਹਮਾ ਚੜੇ ਹੰਸ ਪਰ ਆਏ ॥
ਬ੍ਰਹਮਾ ਹੰਸ ਉਤੇ ਚੜ੍ਹ ਕੇ ਆਇਆ।
ਪੰਚ ਬਦਨ ਹੂੰ ਤਹਾ ਸੁਹਾਏ ॥੮੯॥
ਪੰਜ ਮੂੰਹਾਂ ਵਾਲਾ ਸ਼ਿਵ ਵੀ ਉਥੇ ਆਇਆ ॥੮੯॥
ਤ੍ਰਿਯ ਕੋਮਲ ਪਿਯ ਬਾਨ ਪ੍ਰਹਾਰੈ ॥
ਇਸਤਰੀ ਨੇ ਪ੍ਰੀਤਮ ਨੂੰ ਕੋਮਲ ਬਾਣ ਮਾਰੇ
ਜਿਯ ਤੇ ਤਾਹਿ ਮਾਰਿ ਨਹਿ ਡਾਰੈ ॥
ਕਿਉਂਕਿ ਉਸ ਨੂੰ ਜਾਨ ਤੋਂ ਮਾਰਨਾ ਨਹੀਂ ਚਾਹੁੰਦੀ ਸੀ।
ਲਗੇ ਬਿਸਿਖ ਕੇ ਜਿਨ ਪਤਿ ਮਰੈ ॥
(ਡਰਦੀ ਸੀ ਕਿ) ਕਿਤੇ ਬਾਣ ਲਗਣ ਨਾਲ ਪਤੀ ਮਰ ਨਾ ਜਾਏ
ਮੁਹਿ ਪੈਠਬ ਪਾਵਕ ਮਹਿ ਪਰੈ ॥੯੦॥
ਅਤੇ ਮੈਨੂੰ ਅੱਗ ਵਿਚ ਵੜਨਾ ਪਵੇ ॥੯੦॥
ਚਾਰ ਪਹਰ ਨਿਜ ਪਤਿ ਸੋ ਲਰੀ ॥
(ਉਹ) ਚਾਰ ਪਹਿਰ ਤਕ ਆਪਣੇ ਪਤੀ ਨਾਲ ਲੜੀ।
ਦੁਹੂੰਅਨ ਬਿਸਿਖ ਬ੍ਰਿਸਟਿ ਬਹੁ ਕਰੀ ॥
ਦੋਹਾਂ ਨੇ ਬਾਣਾਂ ਦੀ ਬਹੁਤ ਬਰਖਾ ਕੀਤੀ।
ਤਬ ਲੋ ਸੂਰ ਅਸਤ ਹ੍ਵੈ ਗਯੋ ॥
ਤਦ ਤਕ ਸੂਰਜ ਡੁਬ ਗਿਆ
ਪ੍ਰਾਚੀ ਦਿਸਾ ਚੰਦ੍ਰ ਪ੍ਰਗਟ︀ਯੋ ॥੯੧॥
ਅਤੇ ਪੂਰਬ ਵਲੋਂ ਚੰਦ੍ਰਮਾ ਪ੍ਰਗਟ ਹੋ ਗਿਆ ॥੯੧॥