ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਬਿਹਾਗੜਾ ਮਹਲਾ ੯ ॥
Raag Bihaagraa, Ninth Mehl:
ਰਾਗ ਬੇਹਾਗੜਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਹਰਿ ਕੀ ਗਤਿ ਨਹਿ ਕੋਊ ਜਾਨੈ ॥
No one knows the state of the Lord.
ਕੋਈ ਭੀ ਮਨੁੱਖ ਇਹ ਨਹੀਂ ਜਾਣ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਗਤਿ = ਉੱਚੀ ਆਤਮਕ ਅਵਸਥਾ। ਕੋਊ = ਕੋਈ ਭੀ।
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥
The Yogis, the celibates, the penitents, and all sorts of clever people have failed. ||1||Pause||
ਅਨੇਕਾਂ ਜੋਗੀ, ਅਨੇਕਾਂ ਤਪੀ, ਅਤੇ ਹੋਰ ਬਥੇਰੇ ਸਿਆਣੇ ਮਨੁੱਖ ਖਪ ਖਪ ਕੇ ਹਾਰ ਗਏ ਹਨ ॥੧॥ ਰਹਾਉ ॥ ਪਚਿ = ਖਪ ਖਪ ਕੇ। ਹਾਰੇ = ਥੱਕ ਗਏ ਹਨ। ਅਰੁ = ਅਤੇ ॥੧॥ ਰਹਾਉ ॥
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥
In an instant, He changes the beggar into a king, and the king into a beggar.
ਉਹ ਪਰਮਾਤਮਾ ਇਕ ਛਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ, ਤੇ, ਰਾਜੇ ਨੂੰ ਕੰਗਾਲ ਕਰ ਦੇਂਦਾ ਹੈ, ਰਾਉ = ਰਾਜਾ। ਰੰਕ ਕਉ = ਕੰਗਾਲ ਨੂੰ। ਕਰਈ = ਕਰਏ, ਕਰੈ, ਬਣਾ ਦੇਂਦਾ ਹੈ।
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥
He fills what is empty, and empties what is full - such are His ways. ||1||
ਖ਼ਾਲੀ ਭਾਂਡਿਆਂ ਨੂੰ ਭਰ ਦੇਂਦਾ ਹੈ ਤੇ ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ (ਭਾਵ, ਗ਼ਰੀਬਾਂ ਨੂੰ ਅਮੀਰ ਤੇ ਅਮੀਰਾਂ ਨੂੰ ਗ਼ਰੀਬ ਬਣਾ ਦੇਂਦਾ ਹੈ) ਇਹ ਉਸ ਦਾ ਨਿੱਤ ਦਾ ਕੰਮ ਹੈ ॥੧॥ ਯਹ = ਇਹ। ਬਿਵਹਾਰੇ = ਨਿੱਤ ਦਾ ਕੰਮ ॥੧॥
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥
He Himself spread out the expanse of His Maya, and He Himself beholds it.
(ਇਸ ਦਿੱਸਦੇ ਜਗਤ-ਰੂਪ ਤਮਾਸ਼ੇ ਵਿਚ) ਪਰਮਾਤਮਾ ਨੇ ਆਪਣੀ ਮਾਇਆ ਆਪ ਖਿਲਾਰੀ ਹੋਈ ਹੈ, ਉਹ ਆਪ ਹੀ ਇਸ ਦੀ ਸੰਭਾਲ ਕਰ ਰਿਹਾ ਹੈ। ਪਸਾਰੀ = ਖਿਲਾਰੀ ਹੋਈ। ਆਪਹਿ = ਆਪ ਹੀ। ਦੇਖਨਹਾਰਾ = ਸੰਭਾਲ ਕਰਨ ਵਾਲਾ।
ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥
He assumes so many forms, and plays so many games, and yet, He remains detached from it all. ||2||
ਉਹ ਅਨੇਕਾਂ ਰੰਗਾਂ ਦਾ ਮਾਲਕ ਪ੍ਰਭੂ ਕਈ ਤਰ੍ਹਾਂ ਦੇ ਰੂਪ ਧਾਰ ਲੈਂਦਾ ਹੈ, ਤੇ ਸਾਰਿਆਂ ਰੂਪਾਂ ਤੋਂ ਵੱਖਰਾ ਭੀ ਰਹਿੰਦਾ ਹੈ ॥੨॥ ਨਾਨਾ = ਕਈ ਤਰ੍ਹਾਂ ਦੇ। ਧਰੇ = ਬਣਾ ਲੈਂਦਾ ਹੈ, ਧਾਰ ਲੈਂਦਾ ਹੈ। ਬਹੁ ਰੰਗੀ = ਅਨੇਕਾਂ ਰੰਗਾਂ ਦਾ ਮਾਲਕ। ਤੇ = ਤੋਂ। ਨਿਆਰਾ = ਵੱਖਰਾ ਹੈ ॥੨॥
ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥
Incalculable, infinite, incomprehensible and immaculate is He, who has misled the entire world.
ਉਸ ਪਰਮਾਤਮਾ ਦੇ ਗੁਣ ਗਿਣੇ ਨਹੀਂ ਜਾ ਸਕਦੇ, ਉਹ ਬੇਅੰਤ ਹੈ, ਉਹ ਅਦ੍ਰਿਸ਼ਟ ਹੈ, ਉਹ ਨਿਰਲੇਪ ਹੈ, ਉਸ ਪਰਮਾਤਮਾ ਨੇ ਹੀ ਸਾਰੇ ਜਗਤ ਨੂੰ (ਮਾਇਆ ਦੀ) ਭਟਕਣਾ ਵਿਚ ਪਾਇਆ ਹੋਇਆ ਹੈ। ਅਗਨਤ = ਜਿਸ ਦੇ ਗੁਣ ਗਿਣੇ ਨਾਹ ਜਾ ਸਕਣ। ਅਪਾਰੁ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਅਲਖ = ਜਿਸ ਦਾ ਸਰੂਪ ਸਮਝ ਵਿਚ ਨਾਹ ਆ ਸਕੇ। ਨਿਰੰਜਨ = ਮਾਇਆ ਦੇ ਪ੍ਰਭਾਵ ਤੋਂ ਪਰੇ। ਜਿਹ = ਜਿਸ (ਹਰੀ) ਨੇ। ਭਰਮਾਇਓ = ਭਟਕਣਾ ਵਿਚ ਪਾ ਰੱਖਿਆ ਹੈ।
ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥
Cast off all your doubts; prays Nanak, O mortal, focus your consciousness on His Feet. ||3||1||2||
ਹੇ ਨਾਨਕ! ਜਿਸ ਮਨੁੱਖ ਨੇ ਉਸ ਦੇ ਚਰਨਾਂ ਵਿਚ ਮਨ ਜੋੜਿਆ ਹੈ, ਇਹ ਮਾਇਆ ਦੀਆਂ ਸਾਰੀਆਂ ਭਟਕਣਾਂ ਤਿਆਗ ਕੇ ਹੀ ਜੋੜਿਆ ਹੈ ॥੩॥੧॥੨॥ ਤਾਹਿ ਚਰਨਿ = ਉਸ ਦੇ ਚਰਨਾਂ ਵਿਚ। ਲਾਇਓ = ਲਾਇਆ ਹੈ ॥੩॥੧॥੨॥