ਮਾਰੂ ਮਹਲਾ

Maaroo, Third Mehl:

ਮਾਰੂ ਤੀਜੀ ਪਾਤਿਸ਼ਾਹੀ।

ਆਪੇ ਆਪੁ ਉਪਾਇ ਉਪੰਨਾ

He Himself created Himself, and came into being.

ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ, ਆਪੇ = (ਪ੍ਰਭੂ) ਆਪ ਹੀ। ਆਪੁ = ਆਪਣੇ ਆਪ ਨੂੰ। ਉਪਾਇ = ਪੈਦਾ ਕਰ ਕੇ। ਉਪੰਨਾ = ਪਰਗਟ ਹੋਇਆ ਹੈ।

ਸਭ ਮਹਿ ਵਰਤੈ ਏਕੁ ਪਰਛੰਨਾ

The One Lord is pervading in all, remaining hidden.

ਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿਚ ਵਿਆਪਕ ਹੈ[ ਮਹਿ = ਵਿਚ। ਪਰਛੰਨਾ = ਗੁਪਤ, ਲੁਕਿਆ ਹੋਇਆ, ਸੂਖਮ ਰੂਪ ਵਿਚ।

ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥

The Lord, the Life of the world, takes care of all. Whoever knows his own self, realizes God. ||1||

ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ (ਉਹ ਜਾਣਦਾ ਹੈ ਕਿ) ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ॥੧॥ ਸਾਰ = ਸੰਭਾਲ। ਜਗ ਜੀਵਨੁ = ਜਗਤ ਦਾ ਆਸਰਾ ਪ੍ਰਭੂ। ਜਿਨਿ = ਜਿਸ (ਮਨੁੱਖ) ਨੇ ॥੧॥

ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ

He who created Brahma, Vishnu and Shiva,

ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ, ਜਿਨਿ = ਜਿਸ (ਪਰਮਾਤਮਾ) ਨੇ। ਮਹੇਸੁ = ਸ਼ਿਵ। ਉਪਾਏ = ਪੈਦਾ ਕੀਤੇ।

ਸਿਰਿ ਸਿਰਿ ਧੰਧੈ ਆਪੇ ਲਾਏ

links each and every being to its tasks.

ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ। ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉੱਤੇ। ਧੰਧੈ = ਧੰਧੇ ਵਿਚ।

ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥

He merges into Himself, whoever is pleasing to His Will. The Gurmukh knows the One Lord. ||2||

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹਰ ਥਾਂ ਵੱਸਦਾ ਜਾਣ ਲਿਆ (ਉਹ ਸਮਝਦਾ ਹੈ ਕਿ) ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੨॥ ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਉਸ ਨੂੰ ਚੰਗਾ ਲੱਗਦਾ ਹੈ। ਜਿਨਿ = ਜਿਸ (ਮਨੁੱਖ) ਨੇ। ਗੁਰਮੁਖਿ = ਗੁਰੂ ਦੀ ਰਾਹੀਂ ॥੨॥

ਆਵਾ ਗਉਣੁ ਹੈ ਸੰਸਾਰਾ

The world is coming and going in reincarnation.

ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ। ਆਵਾਗਉਣੁ = ਆਉਣਾ ਜਾਣਾ, ਜੰਮਣਾ ਮਰਨਾ, ਜਨਮ ਮਰਨ ਦਾ ਚੱਕਰ।

ਮਾਇਆ ਮੋਹੁ ਬਹੁ ਚਿਤੈ ਬਿਕਾਰਾ

Attached to Maya, it dwells on its many sins.

ਇਥੇ ਮਾਇਆ ਦਾ ਮੋਹ ਪ੍ਰਬਲ ਹੈ (ਜਿਸ ਦੇ ਕਾਰਨ ਜੀਵ) ਵਿਕਾਰ ਚਿਤਵਦਾ ਰਹਿੰਦਾ ਹੈ। ਚਿਤੈ = ਚਿਤਵਦਾ ਹੈ।

ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥

One who realizes the Word of the Guru's Shabad, praises forever the eternal, unchanging True Lord. ||3||

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ (ਉਹ ਜਾਣਦਾ ਹੈ ਕਿ) (ਇਥੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਾਲਾਹਣ-ਜੋਗ ਹੈ ॥੩॥ ਥਿਰੁ = ਟਿਕਿਆ ਰਹਿਣ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਲਾਹੀ = ਸਾਲਾਹੁਣ-ਯੋਗ। ਸਦ = ਸਦਾ। ਜਿਨਿ = ਜਿਸ (ਮਨੁੱਖ) ਨੇ ॥੩॥

ਇਕਿ ਮੂਲਿ ਲਗੇ ਓਨੀ ਸੁਖੁ ਪਾਇਆ

Some are attached to the root - they find peace.

ਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਇਕਿ = {ਲਫ਼ਜ਼ 'ਇਕਿ' ਤੋਂ ਬਹੁ-ਵਚਨ} ਕਈ। ਮੂਲਿ = ਮੂਲ ਵਿਚ, ਮੁੱਢ ਵਿਚ, ਜਗਤ ਦੇ ਰਚਨਹਾਰ ਵਿਚ। ਓਨੀ = ਉਹਨਾਂ ਨੇ।

ਡਾਲੀ ਲਾਗੇ ਤਿਨੀ ਜਨਮੁ ਗਵਾਇਆ

But those who are attached to the branches, waste their lives away uselessly.

ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਆਪਣਾ ਜੀਵਨ ਗਵਾ ਲਿਆ ਹੈ। ਡਾਲੀ = ਡਾਲੀਂ, ਡਾਲੀਆਂ ਵਿਚ, ਸ਼ਾਖਾਂ ਵਿਚ, ਮਾਇਕ ਪਦਾਰਥਾਂ ਵਿਚ।

ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥

Those humble beings, who chant the Name of the Ambrosial Lord, produce the ambrosial fruit. ||4||

ਆਤਮਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਕ ਜੀਵਨ ਦੇਣ ਵਾਲੇ (ਸਿਫ਼ਤ-ਸਾਲਾਹ ਦੇ) ਬੋਲ ਬੋਲਦੇ ਹਨ ॥੪॥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਕਉ = ਨੂੰ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਅੰਮ੍ਰਿਤ ਬਾਤਾ = ਆਤਮਕ ਜੀਵਨ ਦੇਣ ਵਾਲੀਆਂ ਗੱਲਾਂ ॥੪॥

ਹਮ ਗੁਣ ਨਾਹੀ ਕਿਆ ਬੋਲਹ ਬੋਲ

I have no virtues; what words should I speak?

ਹੇ ਪ੍ਰਭੂ! ਅਸੀਂ ਜੀਵ ਗੁਣ-ਹੀਨ ਹਾਂ, (ਆਪਣੇ ਮੰਦ ਕਰਮਾਂ ਦੇ ਕਾਰਨ) ਅਸੀਂ ਬੋਲਣ-ਜੋਗੇ ਨਹੀਂ ਹਾਂ। ਕਿਆ ਬੋਲ ਬੋਲਹਿ = ਅਸੀਂ ਕੀਹ ਬੋਲ ਬੋਲ ਸਕਦੇ ਹਾਂ? ਅਸੀਂ ਬੋਲਣ-ਜੋਗੇ ਨਹੀਂ ਹਾਂ, ਸਾਨੂੰ ਬੋਲਦਿਆਂ ਭੀ ਸ਼ਰਮ ਆਉਂਦੀ ਹੈ।

ਤੂ ਸਭਨਾ ਦੇਖਹਿ ਤੋਲਹਿ ਤੋਲ

You see all, and weigh them on Your scale.

ਤੂੰ ਸਭ ਜੀਵਾਂ (ਦੇ ਕਰਮਾਂ) ਨੂੰ ਵੇਖਦਾ ਹੈਂ ਅਤੇ ਪਰਖਦਾ ਹੈਂ। ਤੋਲਹਿ = ਤੂੰ (ਸਭਨਾਂ ਦੇ ਕਰਮਾਂ ਨੂੰ) ਜਾਂਚਦਾ ਤੋਲਦਾ ਹੈਂ।

ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥

By Your will, You preserve me, and so do I remain. The Gurmukh knows the One Lord. ||5||

ਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈਂ, ਅਸੀਂ ਉਸੇ ਤਰ੍ਹਾਂ ਰਹਿ ਸਕਦੇ ਹਾਂ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਂਦਾ ਹੈ ॥੫॥ ਰਾਖਹਿ = ਤੂੰ ਰੱਖਦਾ ਹੈਂ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ॥੫॥

ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ

According to Your Will, You link me to my true tasks.

ਹੇ ਪ੍ਰਭੂ! ਜਦੋਂ ਤੈਨੂੰ ਚੰਗਾ ਲੱਗੇ, ਤਦੋਂ ਤੂੰ (ਜੀਵਾਂ ਨੂੰ) ਸੱਚੀ ਕਾਰ ਵਿਚ ਲਾਂਦਾ ਹੈਂ, (ਜਿਨ੍ਹਾਂ ਨੂੰ ਲਾਂਦਾ ਹੈਂ, ਉਹ) ਜਾ = ਜਾਂ, ਜਦੋਂ। ਤੁਧੁ ਭਾਣਾ = ਤੈਨੂੰ ਚੰਗੇ ਲੱਗੇ। ਕਾਰੈ = ਕਾਰ ਵਿਚ।

ਅਵਗਣ ਛੋਡਿ ਗੁਣ ਮਾਹਿ ਸਮਾਏ

Renouncing vice, I am immersed in virtue.

ਔਗੁਣ ਛੱਡ ਕੇ ਤੇਰੇ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ। ਛੋਡਿ = ਛੱਡ ਕੇ।

ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥

The One Immaculate True Lord abides in virtue; through the Word of the Guru's Shabad, He is realized. ||6||

ਪ੍ਰਭੂ ਦੇ ਗੁਣਾਂ ਵਿਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਿਨਾਸੀ ਪ੍ਰਭੂ ਹੀ (ਹਰ ਥਾਂ) ਦਿੱਸਦਾ ਹੈ ॥੬॥ ਨਿਰਮਲੁ = ਪਵਿੱਤਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੬॥

ਜਹ ਦੇਖਾ ਤਹ ਏਕੋ ਸੋਈ

Wherever I look, there I see Him.

ਮੈਂ ਜਿੱਧਰ ਵੇਖਦਾ ਹਾਂ, ਉਧਰ ਸਿਰਫ਼ ਉਹ ਪਰਮਾਤਮਾ ਹੀ ਦਿੱਸ ਰਿਹਾ ਹੈ। ਦੇਖਾ = ਦੇਖਾਂ, ਮੈਂ ਵੇਖਦਾ ਹਾਂ।

ਦੂਜੀ ਦੁਰਮਤਿ ਸਬਦੇ ਖੋਈ

Duality and evil-mindedness are destroyed through the Shabad.

ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮੱਤ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ। ਦੂਜੀ = ਮਾਇਆ ਦੀ ਝਾਕ ਵਾਲੀ। ਦੁਰਮਤਿ = ਖੋਟੀ ਮੱਤ। ਸਬਦੇ = ਸ਼ਬਦ ਦੀ ਰਾਹੀਂ।

ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥

The One Lord God is immersed in His Oneness. He is attuned forever to His own delight. ||7||

(ਸ਼ਬਦ ਦੀ ਬਰਕਤਿ ਨਾਲ ਇਉਂ ਦਿੱਸ ਪੈਂਦਾ ਹੈ ਕਿ) ਆਪਣੇ ਆਪ ਵਿਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਸਦਾ ਆਪਣੀ ਮੌਜ ਵਿਚ ਮਸਤ ਰਹਿੰਦਾ ਹੈ ॥੭॥ ਏਕਸੁ ਮਹਿ = ਇਕ ਆਪਣੇ ਆਪ ਵਿਚ। ਸਮਾਣਾ = ਲੀਨ ਹੈ। ਰੰਗਿ = ਮੌਜ ਵਿਚ। ਰਾਤਾ = ਮਸਤ ॥੭॥

ਕਾਇਆ ਕਮਲੁ ਹੈ ਕੁਮਲਾਣਾ

The body-lotus is withering away,

(ਮਨਮੁਖ ਦੇ) ਸਰੀਰ ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ, ਕਾਇਆ ਕਮਲੁ = ਸਰੀਰ ਵਿਚ ਦਾ ਹਿਰਦਾ-ਕੌਲ ਫੁੱਲ।

ਮਨਮੁਖੁ ਸਬਦੁ ਬੁਝੈ ਇਆਣਾ

but the ignorant, self-willed manmukh does not understand the Shabad.

ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ। ਮਨਮੁਖ = ਮਨ ਦੇ ਪਿੱਛੇ ਤੁਰਨ ਵਾਲਾ। ਇਆਣਾ = ਬੇ-ਸਮਝ।

ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥

By Guru's Grace, he searches his body, and finds the Great Giver, the Life of the world. ||8||

ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੮॥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਾਏ = ਲੱਭ ਲੈਂਦਾ ਹੈ ॥੮॥

ਕੋਟ ਗਹੀ ਕੇ ਪਾਪ ਨਿਵਾਰੇ

The Lord frees up the body-fortress, which was seized by sins,

ਉਹ ਮਨੁੱਖ (ਆਪਣੇ ਅੰਦਰੋਂ) ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ, ਕੋਟ = ਕਿਲ੍ਹਾ, ਸਰੀਰ-ਕਿਲ੍ਹਾ, ਸਰੀਰ। ਗਹ = ਪਕੜ। ਗਹੀ = ਪਕੜ ਕਰਨ ਵਾਲਾ। ਕੋਟ ਗਹੀ ਕੇ ਪਾਪ = ਸਰੀਰ ਨੂੰ ਗ੍ਰਸਣ ਵਾਲੇ ਪਾਪ। ਨਿਵਾਰੇ = ਦੂਰ ਕਰ ਲੈਂਦਾ ਹੈ।

ਸਦਾ ਹਰਿ ਜੀਉ ਰਾਖੈ ਉਰ ਧਾਰੇ

when one keeps the Dear Lord enshrined forever in the heart.

ਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ। ਰਾਖੈ = ਰੱਖਦਾ ਹੈ। ਉਹ ਧਾਰੇ = ਉਰ ਧਾਰਿ, ਹਿਰਦੇ ਵਿਚ ਟਿਕਾ ਕੇ।

ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥

The fruits of his desires are obtained, and he is dyed in the permanent color of the Lord's Love. ||9||

ਉਹ ਮਨੁੱਖ ਜਿਸ (ਫਲ) ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਨਾਮ-ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ (ਪੱਕਾ) ਰੰਗ ਹੈ ॥੯॥ ਰੰਗੁ ਮਜੀਠੈ = ਮਜੀਠ ਦਾ ਰੰਗ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ ॥੯॥

ਮਨਮੁਖੁ ਗਿਆਨੁ ਕਥੇ ਹੋਈ

The self-willed manmukh speaks of spiritual wisdom, but does not understand.

ਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ, (ਪਰ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ) ਨਹੀਂ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਗਿਆਨੁ ਕਥੇ = ਗਿਆਨ ਕਥਦਾ ਹੈ, ਗਿਆਨ ਦੀਆਂ ਗੱਲਾਂ ਕਰਦਾ ਹੈ। ਨ ਹੋਈ = (ਉਸ ਦੇ ਹਿਰਦੇ ਵਿਚ ਗਿਆਨ) ਨਹੀਂ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਨਹੀਂ ਹੈ।

ਫਿਰਿ ਫਿਰਿ ਆਵੈ ਠਉਰ ਕੋਈ

Again and again, he comes into the world, but he finds no place of rest.

ਉਹ ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ। ਠਉਰ = ਟਿਕਾਣਾ।

ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥

The Gurmukh is spiritually wise, and praises the Lord forever. Throughout each and every age, the Gurmukh knows the One Lord. ||10||

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ (ਪ੍ਰਾਪਤ ਕਰ ਕੇ) ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਹਰੇਕ ਜੁਗ ਵਿਚ ਇਕੋ ਪਰਮਾਤਮਾ ਵੱਸਦਾ ਸਮਝ ਆਉਂਦਾ ਹੈ ॥੧੦॥ ਸਾਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ ॥੧੦॥

ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ

All the deeds which the manmukh does bring pain - nothing but pain.

ਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ। ਸਭਿ = ਸਾਰੇ। ਸਬਾਦੇ = ਸਾਰੇ।

ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ

The Word of the Shabad is not within him; how can he go to the Court of the Lord?

ਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ। ਅੰਦਰਿ = ਅੰਦਰ, ਹਿਰਦੇ ਵਿਚ। ਦਰਿ = (ਪ੍ਰਭੂ ਦੇ) ਦਰ ਤੇ।

ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥

The True Shabad dwells deep within the mind of the Gurmukh; he serves the Giver of peace forever. ||11||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਸਦਾ ਸੁਖਾਂ ਦੇ ਦਾਤੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ॥੧੧॥ ਮਨਿ = ਮਨ ਵਿਚ। ਸਾਚਾ = ਸਦਾ-ਥਿਰ ਰਹਿਣ ਵਾਲਾ। ਸਦ = ਸਦਾ। ਸੇਵੇ = ਸੇਵਾ-ਭਗਤੀ ਕਰਦਾ ਹੈ ॥੧੧॥

ਜਹ ਦੇਖਾ ਤੂ ਸਭਨੀ ਥਾਈ

Wherever I look, I see You, everywhere.

ਹੇ ਪ੍ਰਭੂ! ਮੈਂ ਜਿੱਧਰ ਵੇਖਦਾ ਹਾਂ, ਤੂੰ ਸਭ ਥਾਵਾਂ ਵਿਚ ਵੱਸਦਾ ਮੈਨੂੰ ਦਿੱਸਦਾ ਹੈਂ, ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਥਾਈ = ਥਾਂਈਂ, ਥਾਵਾਂ ਵਿਚ।

ਪੂਰੈ ਗੁਰਿ ਸਭ ਸੋਝੀ ਪਾਈ

Through the Perfect Guru, all this is known.

ਮੈਨੂੰ ਇਹ ਸਾਰੀ ਸੂਝ ਪੂਰੇ ਗੁਰੂ ਤੋਂ ਮਿਲੀ ਹੈ। ਗੁਰਿ = ਗੁਰੂ ਦੀ ਰਾਹੀਂ।

ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥੧੨॥

I meditate forever and ever on the Naam; this mind is imbued with the Naam. ||12||

ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਹੀ ਨਾਮ ਸਿਮਰਨਾ ਚਾਹੀਦਾ ਹੈ। (ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ) ਇਹ ਮਨ ਨਾਮ ਵਿਚ ਹੀ ਰੰਗਿਆ ਜਾਂਦਾ ਹੈ ॥੧੨॥ ਨਾਮੋ ਨਾਮੁ = ਨਾਮ ਹੀ ਨਾਮ। ਧਿਆਈਐ = ਧਿਆਉਣਾ ਚਾਹੀਦਾ ਹੈ। ਨਾਮੇ = ਨਾਮ ਵਿਚ ਹੀ ॥੧੨॥

ਨਾਮੇ ਰਾਤਾ ਪਵਿਤੁ ਸਰੀਰਾ

Imbued with the Naam, the body is sanctified.

ਜਿਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਸਰੀਰ (ਵਿਕਾਰਾਂ ਦੀ ਮੈਲ ਤੋਂ) ਪਵਿੱਤਰ ਰਹਿੰਦਾ ਹੈ; ਰਾਤਾ = ਰੰਗਿਆ ਹੋਇਆ। ਨਾਮੇ = ਨਾਮ-ਰੰਗ ਵਿਚ।

ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ

Without the Naam, they are drowned and die without water.

ਪਰ ਜਿਹੜੇ ਮਨੁੱਖ ਨਾਮ ਤੋਂ ਸੁੰਞੇ ਰਹਿੰਦੇ ਹਨ, ਉਹ (ਵਿਕਾਰਾਂ ਵਿਚ) ਡੁੱਬ ਕੇ (ਆਤਮਕ ਮੌਤੇ) ਮਰੇ ਰਹਿੰਦੇ ਹਨ, ਉਹ ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਨਹੀਂ ਕਰ ਸਕਦੇ। ਡੂਬਿ ਮੁਏ = ਡੁੱਬ ਕੇ ਮਰ ਗਏ, ਵਿਕਾਰਾਂ ਵਿਚ ਡੁੱਬ ਕੇ ਆਤਮਕ ਮੌਤੇ ਮਰ ਗਏ। ਬਿਨੁ ਨੀਰਾ = ਪਾਣੀ ਤੋਂ ਬਿਨਾ ਹੀ (ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਕਰਨ-ਯੋਗੇ ਨਹੀਂ ਰਹਿੰਦੇ)।

ਆਵਹਿ ਜਾਵਹਿ ਨਾਮੁ ਨਹੀ ਬੂਝਹਿ ਇਕਨਾ ਗੁਰਮੁਖਿ ਸਬਦੁ ਪਛਾਤਾ ਹੇ ॥੧੩॥

They come and go, but do not understand the Naam. Some, as Gurmukh, realize the Word of the Shabad. ||13||

ਜਿਹੜੇ ਮਨੁੱਖ ਹਰਿ-ਨਾਮ ਦੀ ਕਦਰ ਨਹੀਂ ਸਮਝਦੇ, ਉਹ ਜਗਤ ਵਿਚ ਆਉਂਦੇ ਹਨ ਤੇ (ਖ਼ਾਲੀ ਹੀ) ਚਲੇ ਜਾਂਦੇ ਹਨ। ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸਰਨ ਪੈ ਕੇ ਗੁਰ-ਸ਼ਬਦ ਨਾਲ ਸਾਂਝ ਪਾਂਦੇ ਹਨ ॥੧੩॥ ਆਵਹਿ = ਜੰਮਦੇ ਹਨ। ਜਾਵਹਿ = ਮਰ ਜਾਂਦੇ ਹਨ। ਨਹੀ ਬੂਝਹਿ = ਕਦਰ ਨਹੀਂ ਸਮਝਦੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੧੩॥

ਪੂਰੈ ਸਤਿਗੁਰਿ ਬੂਝ ਬੁਝਾਈ

The Perfect True Guru has imparted this understanding.

ਪੂਰੇ ਗੁਰੂ ਨੇ (ਸਾਨੂੰ ਇਹ) ਸਮਝ ਬਖ਼ਸ਼ੀ ਹੈ, ਸਤਿਗੁਰਿ = ਗੁਰੂ ਨੇ। ਬੂਝ = ਸਮਝ।

ਵਿਣੁ ਨਾਵੈ ਮੁਕਤਿ ਕਿਨੈ ਪਾਈ

Without the Name, no one attains liberation.

ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਕੀਤੀ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।

ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥੧੪॥

Through the Naam, the Name of the Lord, one is blessed with glorious greatness; he remains intuitively attuned to the Lord's Love. ||14||

ਜਿਹੜਾ ਮਨੁੱਖ ਹਰ ਵੇਲੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧੪॥ ਸਹਜਿ = ਆਤਮਕ ਅਡੋਲਤਾ ਵਿਚ। ਰੰਗਿ = ਪ੍ਰੇਮ-ਰੰਗ ਵਿਚ ॥੧੪॥

ਕਾਇਆ ਨਗਰੁ ਢਹੈ ਢਹਿ ਢੇਰੀ

The body-village crumbles and collapses into a pile of dust.

ਇਹ ਸਰੀਰ-ਨਗਰ (ਆਖ਼ਿਰ) ਢਹਿ ਪੈਂਦਾ ਹੈ, ਤੇ ਢਹਿ ਕੇ ਢੇਰੀ ਹੋ ਜਾਂਦਾ ਹੈ। ਢਹਿ = ਢਹ ਕੇ।

ਬਿਨੁ ਸਬਦੈ ਚੂਕੈ ਨਹੀ ਫੇਰੀ

Without the Shabad, the cycle of reincarnation is not brought to an end.

ਪਰ ਗੁਰ-ਸ਼ਬਦ (ਨੂੰ ਮਨ ਵਿਚ ਵਸਾਣ) ਤੋਂ ਬਿਨਾ (ਜੀਵਾਤਮਾ ਦਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ। ਚੂਕੈ = ਮੁੱਕਦੀ। ਫੇਰੀ = ਜਨਮ ਮਰਨ ਦਾ ਗੇੜ।

ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੧੫॥

One who knows the One Lord, through the True Guru, praises the True Lord, and remains immersed in the True Lord. ||15||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ ਉਹ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧੫॥ ਸਾਚੁ = ਸਦਾ-ਥਿਰ ਪ੍ਰਭੂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਜਿਨਿ = ਜਿਸ (ਮਨੁੱਖ) ਨੇ ॥੧੫॥

ਜਿਸ ਨੋ ਨਦਰਿ ਕਰੇ ਸੋ ਪਾਏ

The True Word of the Shabad comes to dwell in the mind,

ਉਹੀ ਮਨੁੱਖ (ਸਿਫ਼ਤ-ਸਾਲਾਹ ਦੀ ਦਾਤਿ) ਹਾਸਲ ਕਰਦਾ ਹੈ, ਜਿਸ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।

ਸਾਚਾ ਸਬਦੁ ਵਸੈ ਮਨਿ ਆਏ

When the Lord bestows His Glance of Grace.

ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਉਸ ਦੇ ਮਨ ਵਿਚ ਆ ਵੱਸਦਾ ਹੈ। ਮਨਿ = ਮਨ ਵਿਚ। ਆਏ = ਆਇ, ਆ ਕੇ।

ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥੧੬॥੮॥

O Nanak, those who are attuned to the Naam, the Name of the Formless Lord, realize the True Lord in His True Court. ||16||8||

ਹੇ ਨਾਨਕ! ਜਿਹੜੇ ਮਨੁੱਖ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦੇ ਹਨ, ਉਹ ਉਸ ਸਦਾ-ਥਿਰ ਦੇ ਦਰ ਤੇ (ਕਬੂਲ ਹੋ ਜਾਂਦੇ ਹਨ) ॥੧੬॥੮॥ ਨਾਮਿ = ਨਾਮ ਵਿਚ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਾਚੁ ਪਛਾਤਾ = ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ॥੧੬॥੮॥