ਮਾਰੂ ਮਹਲਾ ੩ ॥
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
ਸਚੈ ਸਚਾ ਤਖਤੁ ਰਚਾਇਆ ॥
The True Lord has established the Throne of Truth.
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣੇ 'ਨਿਜ ਘਰ' ਵਿਚ ਬੈਠਣ ਵਾਸਤੇ) ਸਦਾ ਕਾਇਮ ਰਹਿਣ ਵਾਲਾ ਤਖ਼ਤ ਬਣਾ ਰੱਖਿਆ ਹੈ, ਸਚੈ = ਸਦਾ ਕਾਇਮ ਰਹਿਣ ਵਾਲੇ (ਪ੍ਰਭੂ) ਨੇ। ਸਚਾ = ਸਦਾ ਕਾਇਮ ਰਹਿਣ ਵਾਲਾ।
ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥
He dwells in His own home deep within the self, where there is no emotional attachment to Maya.
ਉਸ ਸ੍ਵੈ-ਸਰੂਪ ਵਿਚ ਉਹ ਅਡੋਲ ਬੈਠਾ ਹੈ, ਉਥੇ ਮਾਇਆ ਦਾ ਮੋਹ ਅਸਰ ਨਹੀਂ ਕਰ ਸਕਦਾ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਸਰੂਪ ਵਿਚ। ਤਿਥੈ = ਉਸ ਸ੍ਵੈ-ਸਰੂਪ ਵਿਚ, ਉਸ 'ਨਿਜ ਘਰ' ਵਿਚ।
ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥
The True Lord dwells deep within the nucleus of the Gurmukh's heart forever; his actions are excellent. ||1||
ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ (ਹਰਿ-ਨਾਮ ਜਪਣ ਦਾ) ਸ੍ਰੇਸ਼ਟ ਕਰਨ-ਜੋਗ ਕੰਮ ਕਰਦਾ ਹੈ, ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ ॥੧॥ ਸਦ = ਸਦਾ। ਘਟ ਅੰਤਰਿ = ਹਿਰਦੇ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਰੀ = ਸ੍ਰੇਸ਼ਟ। ਕਰਣੀ = {करणीय} ਕਰਨ-ਯੋਗ ਕੰਮ ॥੧॥
ਸਚਾ ਸਉਦਾ ਸਚੁ ਵਾਪਾਰਾ ॥
True is his merchandise, and true is his trade.
ਨਾਮ-ਧਨ ਖੱਟਣਾ ਹੀ ਸਦਾ-ਥਿਰ ਸੌਦਾ ਹੈ ਸਦਾ-ਥਿਰ ਵਪਾਰ ਹੈ, ਸਚੁ = ਸਦਾ-ਥਿਰ ਹਰਿ-ਨਾਮ।
ਨ ਤਿਥੈ ਭਰਮੁ ਨ ਦੂਜਾ ਪਸਾਰਾ ॥
There is no doubt within him, and no expanse of duality.
ਉਸ ਸੌਦੇ-ਵਪਾਰ ਵਿਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲ-ਜਗਨ ਨਹੀਂ। ਤਿਥੈ = ਉਸ ਸੌਦੇ ਵਿਚ, ਉਸ ਵਪਾਰ ਵਿਚ। ਭਰਮੁ = ਭਟਕਣਾ। ਦੂਜਾ ਪਸਾਰਾ = ਮਾਇਆ ਦਾ ਖਲ-ਜਗਨ।
ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥
He has earned the true wealth, which is never exhausted. How few are those who contemplate this, and understand. ||2||
ਇਹ ਸਦਾ-ਥਿਰ ਨਾਮ-ਧਨ ਖੱਟਿਆਂ ਕਦੇ ਘਾਟਾ ਨਹੀਂ ਪੈਂਦਾ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ॥੨॥ ਖਟਿਆ = ਕਮਾਇਆ। ਤੋਟਿ = ਘਾਟਾ। ਕੋ = ਕੋਈ। ਵੀਚਾਰੀ = ਵਿਚਾਰਵਾਨ ॥੨॥
ਸਚੈ ਲਾਏ ਸੇ ਜਨ ਲਾਗੇ ॥
They alone are attached to the True Name, whom the Lord Himself attaches.
(ਇਸ ਨਾਮ-ਧਨ ਦੇ ਵਪਾਰ ਵਿਚ) ਉਹੀ ਮਨੁੱਖ ਲੱਗਦੇ ਹਨ, ਜਿਨ੍ਹਾਂ ਨੂੰ ਸਦਾ-ਥਿਰ ਪਰਮਾਤਮਾ ਨੇ ਆਪ ਲਾਇਆ ਹੈ। ਲਾਏ = (ਇਸ ਸੌਦੇ, ਵਪਾਰ ਵਿਚ) ਲਾ ਦਿੱਤੇ। ਸੇ = ਉਹ {ਬਹੁ-ਵਚਨ}।
ਅੰਤਰਿ ਸਬਦੁ ਮਸਤਕਿ ਵਡਭਾਗੇ ॥
The Word of the Shabad is deep within the nucleus of the self; good fortune is recorded upon their foreheads.
ਉਹਨਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ। ਅੰਤਰਿ (ਉਹਨਾਂ ਦੇ) ਅੰਦਰ। ਸਬਦੁ = ਸਿਫ਼ਤ-ਸਾਲਾਹ ਦੀ ਬਾਣੀ। ਮਸਤਕਿ = ਮੱਥੇ ਉੱਤੇ।
ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥
Through the True Word of the Shabad, they sing the True Praises of the Lord; they are attuned to contemplative meditation on the Shabad. ||3||
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ ਹਰਿ-ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਗੁਰ-ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉੱਚੀ ਵੀਚਾਰ ਦੇ ਮਾਲਕ ਬਣ ਜਾਂਦੇ ਹਨ ॥੩॥ ਸਬਦਿ = ਸ਼ਬਦ ਦੀ ਰਾਹੀਂ, ਬਾਣੀ ਦੀ ਰਾਹੀਂ। ਗਾਵਹਿ = ਗਾਂਦੇ ਹਨ। ਰਤੇ = ਰੰਗੇ ਹੋਏ ॥੩॥
ਸਚੋ ਸਚਾ ਸਚੁ ਸਾਲਾਹੀ ॥
I praise the True Lord, the Truest of the True.
ਮੈਂ ਤਾਂ ਸਦਾ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ।
ਏਕੋ ਵੇਖਾ ਦੂਜਾ ਨਾਹੀ ॥
I see the One Lord, and no other.
ਮੈਂ ਤਾਂ (ਹਰ ਥਾਂ) ਸਿਰਫ਼ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਮੈਨੂੰ ਉਸ ਤੋਂ ਬਿਨਾ) ਕੋਈ ਹੋਰ ਨਹੀਂ (ਦਿੱਸਦਾ)। ਵੇਖਾ = ਵੇਖਾਂ, ਮੈਂ ਵੇਖਦਾ ਹਾਂ।
ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥
The Guru's Teachings are the ladder to reach the highest of the high. the jewel of spiritual wisdom conquers egotism. ||4||
ਗੁਰੂ ਦੀ ਮੱਤ ਉਤੇ ਤੁਰ ਕੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਹੀ ਪਰਮਾਤਮਾ ਦੇ ਚਰਨਾਂ ਤਕ ਪਹੁੰਚਣ ਲਈ) ਸਭ ਤੋਂ ਉੱਚੀ ਪੌੜੀ ਹੈ। ਇਸ ਸ੍ਰੇਸ਼ਟ ਗਿਆਨ ਦੀ ਬਰਕਤਿ ਨਾਲ ਮਨੁੱਖ (ਆਪਣੇ ਅੰਦਰੋਂ) ਹਉਮੈ ਮਾਰ ਮੁਕਾਂਦਾ ਹੈ ॥੪॥ ਗੁਰਮਤਿ = ਗੁਰੂ ਦੀ ਮੱਤ ਉਤੇ ਤੁਰ ਕੇ। ਗਿਆਨਿ = ਗਿਆਨ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ। ਗਿਆਨਿ ਰਤਨਿ = ਗਿਆਨ = ਰਤਨ ਦੀ ਰਾਹੀਂ, ਸ੍ਰੇਸ਼ਟ ਗਿਆਨ ਦੀ ਰਾਹੀਂ ॥੪॥
ਮਾਇਆ ਮੋਹੁ ਸਬਦਿ ਜਲਾਇਆ ॥
Emotional attachment to Maya is burnt away by the Word of the Shabad.
ਹੇ ਪ੍ਰਭੂ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ, ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥
The True One comes to dwell in the mind, when it pleases You, O Lord.
ਜਦੋਂ ਉਹ ਮਨੁੱਖ ਤੈਨੂੰ ਚੰਗਾ ਲੱਗ ਪਿਆ ਤਦੋਂ ਤੇਰਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵੱਸ ਪਿਆ। ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਜਾ = ਜਾਂ, ਜਦੋਂ। ਤੁਧੁ = ਤੈਨੂੰ। ਭਾਇਆ = ਚੰਗਾ ਲੱਗਾ।
ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥
True are all the actions of the truthful; the thirst of egotism is subdued. ||5||
ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ, ਉਸ ਨੂੰ ਅਭੁੱਲ ਪਰਮਾਤਮਾ ਦੀ ਸਾਰੀ ਕਾਰ ਅਭੁੱਲ ਜਾਪਣ ਲੱਗ ਪਈ ॥੫॥ ਤਿਖਾ = ਤ੍ਰਿਸ਼ਨਾ। ਨਿਵਾਰੀ = ਦੂਰ ਕੀਤੀ ॥੫॥
ਮਾਇਆ ਮੋਹੁ ਸਭੁ ਆਪੇ ਕੀਨਾ ॥
All by Himself, God created emotional attachment to Maya.
ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ, ਸਭੁ = ਸਾਰਾ। ਆਪੇ = ਆਪ ਹੀ। ਵਿਰਲੈ
ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥
How rare are those who, as Gurmukh, realize the Lord.
ਪਰ ਇਹ ਗੱਲ ਕਿਸੇ ਉਸ ਵਿਰਲੇ ਨੇ ਹੀ ਪਛਾਣੀ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ। ਕਿਨ ਹੀ = ਕਿਸੇ ਵਿਰਲੇ ਨੇ ਹੀ {ਕਿਨ ਹੀ: ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਨਿ' ਦੀ 'ਿ' ਉੱਡ ਗਈ ਹੈ}। ਚੀਨਾ = ਪਛਾਣਿਆ।
ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥
One who becomes Gurmukh practices Truth; true and excellent are his actions. ||6||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਉਸ ਨੂੰ ਨਾਮ ਸਿਮਰਨ ਵਾਲੀ ਕਾਰ ਹੀ ਸ੍ਰੇਸ਼ਟ ਲੱਗਦੀ ਹੈ ॥੬॥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸਾਰੀ = ਸ੍ਰੇਸ਼ਟ ॥੬॥
ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥
He does those deeds which are pleasing to my God;
ਜਿਸ ਮਨੁੱਖ ਨੇ ਉਹ ਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਮੇਰੇ ਪ੍ਰਭੂ ਨੂੰ ਪਸੰਦ ਆਉਂਦੀ ਹੈ (ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸ਼ੁਰੂ ਕਰ ਦਿੱਤਾ), ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗੀ।
ਹਉਮੈ ਤ੍ਰਿਸਨਾ ਸਬਦਿ ਬੁਝਾਈ ॥
through the Shabad, he burns away egotism and the thirst of desire.
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤ੍ਰਿਸ਼ਨਾ ਮਿਟਾ ਦਿੱਤੀ, ਸਬਦਿ = ਸ਼ਬਦ ਦੀ ਬਰਕਤਿ ਨਾਲ। ਹਰੇਕ = ਮਿਟਾ ਦਿੱਤੀ।
ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥
Following the Guru's Teachings, he remains forever cool and calm deep within; he conquers and subdues his ego. ||7||
ਜਿਸ ਨੇ ਹਉਮੈ ਮਾਰ ਕੇ ਮੁਕਾ ਦਿੱਤੀ, ਗੁਰੂ ਦੀ ਮੱਤ ਉੱਤੇ ਤੁਰ ਕੇ ਉਸ ਦਾ ਹਿਰਦਾ ਸਦਾ ਹੀ ਸ਼ਾਂਤ ਰਹਿੰਦਾ ਹੈ ॥੭॥ ਸਦ = ਸਦਾ। ਅੰਤਰੁ = ਹਿਰਦਾ, ਅੰਦਰਲਾ। ਸੀਤਲੁ = ਸ਼ਾਂਤ, ਠੰਢਾ। ਮਾਰਿ = ਮਾਰ ਕੇ ॥੭॥
ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥
Those who are attached to the Truth are pleased with everything.
ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਕੀਤਾ ਹੋਇਆ ਹਰੇਕ ਕੰਮ ਭਲਾ ਜਾਪਦਾ ਹੈ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਸਭੁ ਕਿਛੁ = (ਪਰਮਾਤਮਾ ਦਾ ਕੀਤਾ) ਹਰੇਕ ਕੰਮ।
ਸਚੈ ਸਬਦੇ ਸਚਿ ਸੁਹਾਵੈ ॥
They are embellished with the True Word of the Shabad.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਮਨੁੱਖ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ। ਸਚੈ ਸਬਦੇ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸੁਹਾਵੈ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।
ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥
Those who are true in this world, are true in the Court of the Lord. The Merciful Lord adorns them with His Mercy. ||8||
(ਸਿਮਰਨ ਦੀ ਬਰਕਤਿ ਨਾਲ ਜਿਹੜੇ ਮਨੁੱਖ) ਇਸ ਲੋਕ ਵਿਚ ਸੁਰਖ਼ਰੂ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਜਾਂਦੇ ਹਨ। ਮਿਹਰ ਦੀ ਨਿਗਾਹ ਵਾਲੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਉਹਨਾਂ ਦਾ ਜੀਵਨ ਸੰਵਾਰ ਦੇਂਦੀ ਹੈ ॥੮॥ ਐਥੈ = ਇਸ ਲੋਕ ਵਿਚ। ਸੇ = ਉਹ {ਬਹੁ-ਵਚਨ}। ਦਰਿ = ਪ੍ਰਭੂ ਦੇ ਦਰ ਤੇ। ਸਾਚੇ = ਸੁਰਖ਼ਰੂ। ਨਦਰੀ = ਮਿਹਰ ਦੀ ਨਿਗਾਹ ਕਰਨ ਵਾਲਾ ਪ੍ਰਭੂ ॥੮॥
ਬਿਨੁ ਸਾਚੇ ਜੋ ਦੂਜੈ ਲਾਇਆ ॥
Those who are attached to duality, and not the Truth,
ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਖੁੰਝ ਕੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਬਿਨੁ ਸਾਚੇ = ਸਦਾ-ਥਿਰ ਪ੍ਰਭੂ ਤੋਂ ਖੁੰਝ ਕੇ। ਦੂਜੈ = ਮਾਇਆ (ਦੇ ਪਿਆਰ) ਵਿਚ।
ਮਾਇਆ ਮੋਹ ਦੁਖ ਸਬਾਇਆ ॥
are trapped in emotional attachment to Maya; they totally suffer in pain.
ਉਸ ਨੂੰ ਮਾਇਆ ਦੇ ਮੋਹ ਦੇ ਸਾਰੇ ਦੁੱਖ (ਚੰਬੜੇ ਰਹਿੰਦੇ ਹਨ), ਸਬਾਇਆ = ਸਾਰੇ।
ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥
Without the Guru, they do not understand pain and pleasure; attached to Maya, they suffer in terrible pain. ||9||
ਮਾਇਆ ਦੇ ਮੋਹ ਦਾ ਭਾਰੀ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਇਹ ਸਮਝ ਨਹੀਂ ਪੈਂਦੀ ਕਿ ਦੁੱਖ ਕਿਵੇਂ ਦੂਰ ਹੋਵੇ ਅਤੇ ਸੁਖ ਕਿਵੇਂ ਮਿਲੇ ॥੯॥ ਜਾਪੈ ਨਾਹੀ = ਸਮਝ ਨਹੀਂ ਪੈਂਦੀ ॥੯॥
ਸਾਚਾ ਸਬਦੁ ਜਿਨਾ ਮਨਿ ਭਾਇਆ ॥
Those whose minds are pleased with the True Word of the Shabad
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ, ਸਾਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ। ਮਨਿ = ਮਨ ਵਿਚ। ਭਾਇਆ = ਪਿਆਰਾ ਲੱਗਾ।
ਪੂਰਬਿ ਲਿਖਿਆ ਤਿਨੀ ਕਮਾਇਆ ॥
act according to pre-ordained destiny.
ਉਹੀ ਮਨੁੱਖ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਨਾਮ ਸਿਮਰਨ ਦੀ) ਕਮਾਈ ਕਰਦੇ ਹਨ। ਪੂਰਬਿ = ਪੂਰਬਲੇ ਜਨਮ ਵਿਚ। ਲਿਖਿਆ = ਕੀਤੇ ਕਰਮਾਂ ਦੇ ਸੰਸਕਾਰ। ਤਿਨੀ = ਉਹਨਾਂ ਨੇ।
ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥
They serve the True Lord, and meditate on the True Lord; they are imbued with contemplative meditation on the True Lord. ||10||
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਤੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ॥੧੦॥ ਸੇਵਹਿ = ਸੇਵਾ-ਭਗਤੀ ਕਰਦੇ ਹਨ {ਬਹੁ-ਵਚਨ}। ਸਚੁ = ਸਦਾ-ਥਿਰ ਹਰਿ-ਨਾਮ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੰਗੇ ਹੋਏ। ਵੀਚਾਰੀ = ਉੱਚੀ ਸੂਝ ਵਾਲੇ ॥੧੦॥
ਗੁਰ ਕੀ ਸੇਵਾ ਮੀਠੀ ਲਾਗੀ ॥
Service to the Guru seems sweet to them.
ਜਿਸ ਮਨੁੱਖ ਨੂੰ ਗੁਰੂ ਦੀ (ਦੱਸੀ) ਸੇਵਾ ਪਿਆਰੀ ਲੱਗਦੀ ਹੈ,
ਅਨਦਿਨੁ ਸੂਖ ਸਹਜ ਸਮਾਧੀ ॥
Night and day, they are intuitively immersed in celestial peace.
ਉਹ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਉਸ ਦੀ ਆਮਤਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜ = ਆਤਮਕ ਅਡੋਲਤਾ। ਸਹਜ ਸਮਾਧੀ = ਆਤਮਕ ਅਡੋਲਤਾ ਵਾਲੀ ਸਮਾਧੀ।
ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥
Chanting the Name of the Lord, Har, Har, their minds become immaculate; they love to serve the Guru. ||11||
ਪਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਸਰਨ ਵਿਚ ਪਏ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ ॥੧੧॥
ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥
Those humble beings are at peace, whom the True Guru attaches to the Truth.
ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ, ਉਹ ਸੁਖੀ ਜੀਵਨ ਬਿਤੀਤ ਕਰਦੇ ਹਨ, ਸਤਿਗੁਰਿ = ਗੁਰੂ ਨੇ। ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਲਾਏ = ਜੋੜ ਦਿੱਤੇ।
ਆਪੇ ਭਾਣੇ ਆਪਿ ਮਿਲਾਏ ॥
He Himself, in His Will, merges them into Himself.
(ਇਹ ਪਰਮਾਤਮਾ ਦੀ ਆਪਣੀ ਹੀ ਮਿਹਰ ਹੈ, ਪ੍ਰਭੂ ਨੂੰ) ਆਪ ਹੀ (ਅਜਿਹੇ ਮਨੁੱਖ) ਚੰਗੇ ਲੱਗੇ, ਤੇ, ਆਪ ਹੀ ਉਸ ਨੇ (ਆਪਣੇ ਚਰਨਾਂ ਵਿਚ) ਜੋੜ ਲਏ। ਆਪੇ = ਆਪ ਹੀ। ਭਾਣੇ = ਚੰਗੇ ਲੱਗੇ।
ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥
Those humble beings, whom the True Guru protects, are saved. The rest are ruined through emotional attachment to Maya. ||12||
ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਗਏ, ਹੋਰ ਲੁਕਾਈ ਮਾਇਆ ਦੇ ਮੋਹ ਦੀ ਖ਼ੁਆਰੀ (ਸਾਰੀ ਉਮਰ) ਝੱਲਦੀ ਰਹੀ ॥੧੨॥ ਸੇ = ਉਹ {ਬਹੁ-ਵਚਨ}। ਉਬਰੇ = ਬਚ ਗਏ। ਹੋਰ = ਬਾਕੀ ਦੀ ਲੁਕਾਈ ॥੧੨॥
ਗੁਰਮੁਖਿ ਸਾਚਾ ਸਬਦਿ ਪਛਾਤਾ ॥
The Gurmukh realizes the True Word of the Shabad.
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਨਾਲ ਸਾਂਝ ਪਾ ਲਈ, ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਪਛਾਤਾ = ਪਛਾਣ ਲਿਆ, ਸਾਂਝ ਪਾ ਲਈ।
ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥
He has no family, and he has no mother.
(ਉਸ ਨੂੰ ਇਹ ਸਮਝ ਆ ਗਈ ਕਿ) ਉਸ (ਪਰਮਾਤਮਾ) ਦਾ ਨਾਹ ਕੋਈ (ਖ਼ਾਸ) ਪਰਵਾਰ ਹੈ ਨਾਹ ਉਸ ਦੀ ਮਾਂ ਹੈ, ਤਿਸੁ = ਉਸ (ਪਰਮਾਤਮਾ) ਦਾ। ਕੁਟੰਬੁ = ਪਰਵਾਰ। ਮਾਤਾ = ਮਾਂ।
ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥
The One and Only Lord is pervading and permeating deep within the nucleus of all. He is the Support of all beings. ||13||
ਉਹ ਆਪ ਹੀ ਆਪ ਸਭ ਜੀਵਾਂ ਵਿਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ ॥੧੩॥ ਏਕੋ ਏਕੁ = ਉਹ ਆਪ ਹੀ ਆਪ। ਰਵਿਆ = ਵਿਆਪਕ ਹੈ। ਅੰਤਰਿ = ਅੰਦਰ। ਆਧਾਰੀ = ਆਸਰਾ ਦੇਣ ਵਾਲਾ ॥੧੩॥
ਹਉਮੈ ਮੇਰਾ ਦੂਜਾ ਭਾਇਆ ॥
Egotism, possessiveness, and the love of duality
(ਕਈ ਐਸੇ ਹਨ ਜਿਨ੍ਹਾਂ ਨੂੰ) ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ, ਮਾਇਆ ਦਾ ਮੋਹ ਪਸੰਦ ਹੈ; ਮੇਰਾ = ਮਮਤਾ। ਦੂਜਾ = ਮਾਇਆ ਦਾ ਮੋਹ। ਭਾਇਆ = ਪਸੰਦ ਆਇਆ।
ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥
- none of these shall go along with you; such is the pre-ordained will of our Lord and Master.
ਪਰ ਮਾਲਕ-ਪ੍ਰਭੂ ਨੇ ਧੁਰੋਂ ਹੀ ਇਹ ਮਰਯਾਦਾ ਚਲਾ ਰੱਖੀ ਹੈ ਕਿ ਕੋਈ ਭੀ ਚੀਜ਼ (ਕਿਸੇ ਦੇ ਨਾਲ) ਨਹੀਂ ਜਾਂਦੀ। ਧੁਰਿ = ਧੁਰ ਦਰਗਾਹ ਤੋਂ। ਖਸਮਿ = ਮਾਲਕ-ਪ੍ਰਭੂ ਨੇ। ਲਿਖਿ = ਲਿਖ ਕੇ।
ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥
Through the True Guru, practice Truth, and the True Lord shall take away your pains. ||14||
ਅਭੁੱਲ ਗੁਰੂ ਤੋਂ (ਸਿੱਖਿਆ ਲੈ ਕੇ) ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੧੪॥ ਤੇ = ਤੋਂ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਮਾਵਹਿ = ਕਮਾਂਦੇ ਹਨ {ਬਹੁ-ਵਚਨ}। ਸਾਚੈ = ਸਦਾ-ਥਿਰ ਪ੍ਰਭੂ ਨੇ। ਦੂਖ = ਸਾਰੇ ਦੁੱਖ। ਨਿਵਾਰੀ = ਦੂਰ ਕਰ ਦਿੱਤੇ ਹਨ ॥੧੪॥
ਜਾ ਤੂ ਦੇਹਿ ਸਦਾ ਸੁਖੁ ਪਾਏ ॥
If You so bless me, then I shall find lasting peace.
ਹੇ ਪ੍ਰਭੂ! ਜਦੋਂ (ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ (ਉਹ ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ। ਜਾ = ਜਾਂ, ਜਦੋਂ। ਸੁਖੁ = ਆਤਮਕ ਆਨੰਦ।
ਸਾਚੈ ਸਬਦੇ ਸਾਚੁ ਕਮਾਏ ॥
Through the True Word of the Shabad, I live the Truth.
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ-ਥਿਰ ਸਰੂਪ ਵਿਚ ਟਿਕ ਕੇ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਸਾਚੁ ਕਮਾਏ = ਨਾਮ-ਸਿਮਰਨ ਦੀ ਕਮਾਈ ਕਰਦਾ ਹੈ।
ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥
The True Lord is within me, and my mind and body have become True. I am blessed with the overflowing treasure of devotional worship. ||15||
ਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ, ਉਸ ਦਾ ਸਰੀਰ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ, (ਉਸ ਦੇ ਅੰਦਰ) ਭਗਤੀ ਦੇ ਭੰਡਾਰੇ ਭਰ ਜਾਂਦੇ ਹਨ ॥੧੫॥ ਅੰਦਰੁ = ਹਿਰਦਾ। ਸਾਚਾ = ਅਡੋਲ। ਭੰਡਾਰੀ = ਖ਼ਜ਼ਾਨੇ ॥੧੫॥
ਆਪੇ ਵੇਖੈ ਹੁਕਮਿ ਚਲਾਏ ॥
He Himself watches, and issues His Command.
ਪਰਮਾਤਮਾ ਆਪ ਹੀ (ਸਭ ਜੀਵਾਂ ਦੀ) ਸੰਭਾਲ ਕਰ ਰਿਹਾ ਹੈ (ਸਭ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ, ਆਪੇ = ਆਪ ਹੀ। ਵੇਖੈ = ਵੇਖਦਾ ਹੈ। ਹੁਕਮਿ = ਹੁਕਮ ਵਿਚ।
ਅਪਣਾ ਭਾਣਾ ਆਪਿ ਕਰਾਏ ॥
He Himself inspires us to obey His Will.
ਆਪਣੀ ਰਜ਼ਾ (ਜੀਵਾਂ ਪਾਸੋਂ) ਆਪ ਕਰਾਂਦਾ ਹੈ। ਭਾਣਾ = ਰਜ਼ਾ।
ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥
O Nanak, only those who are attuned to the Naam are detached; their minds, bodies and tongues are embellished with the Naam. ||16||7||
ਹੇ ਨਾਨਕ! ਜਿਹੜੇ ਮਨੁੱਖ ਉਸ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹਨ ॥੧੬॥੭॥ ਨਾਮਿ = ਨਾਮ-ਰੰਗ ਵਿਚ। ਰਤੇ = ਰੰਗੇ ਹੋਏ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਨਿਰਲੇਪ। ਰਸਨਾ = ਜੀਭ। ਨਾਮਿ = ਨਾਮ ਨੇ ॥੧੬॥੭॥