ਤੁਖਾਰੀ ਮਹਲਾ ੧ ॥
Tukhaari, First Mehl:
ਤੁਖਾਰੀ ਪਹਿਲੀ ਪਾਤਿਸ਼ਾਹੀ।
ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥
O my ignorant, unconscious mind, reform yourself.
ਹੇ ਮੇਰੇ ਮਨ! ਹੇ ਮੇਰੇ ਗ਼ਾਫ਼ਿਲ ਮਨ! ਹੇ ਮੇਰੇ ਅੰਞਾਣ ਮਨ! ਤੂੰ ਹੋਸ਼ ਕਰ। ਏ ਅਚੇਤ ਮਨ = ਹੇ ਗ਼ਾਫ਼ਿਲ ਮਨ! ਹੇ ਲਾ-ਪਰਵਾਹ ਮਨ!
ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥
O my mind, leave behind your faults and demerits, and be absorbed in virtue.
ਹੇ ਮੇਰੇ ਮਨ! ਮੰਦੇ ਕਰਮ ਕਰਨੇ ਛੱਡ ਦੇ, (ਪਰਮਾਤਮਾ ਦੇ) ਗੁਣਾਂ (ਦੀ ਯਾਦ) ਵਿਚ ਲੀਨ ਰਿਹਾ ਕਰ। ਗੁਣੀ ਸਮਾਣਿਆ = (ਪਰਮਾਤਮਾ ਦੇ) ਗੁਣਾਂ ਵਿਚ ਲੀਨ ਹੋ।
ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥
You are deluded by so many flavors and pleasures, and you act in such confusion. You are separated, and you will not meet your Lord.
ਹੇ ਮੇਰੇ ਮਨ! ਜਿਹੜੇ ਮਨੁੱਖ ਅਨੇਕਾਂ (ਪਦਾਰਥਾਂ ਦੇ) ਸੁਆਦਾਂ ਵਿਚ ਫਸੇ ਰਹਿੰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ। ਇਹਨਾਂ ਸੰਸਕਾਰਾਂ ਦੇ ਕਾਰਨ ਹੀ) ਉਹਨਾਂ ਵਿਛੁੜੇ ਹੋਇਆਂ ਦਾ (ਆਪਣੇ ਆਪ ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ। ਬਹੁ ਸਾਦ = ਅਨੇਕਾਂ ਸੁਆਦਾਂ ਵਿਚ। ਲੁਭਾਣੇ = ਫਸਣ ਵਾਲੇ, ਲੋਭ ਕਰਨ ਵਾਲੇ। ਕਿਰਤ ਕਮਾਣੇ = ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।
ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥
How can the impassible world-ocean be crossed? The fear of the Messenger of Death is deadly. The path of Death is agonizingly painful.
ਹੇ ਮੇਰੇ ਮਨ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਆਪਣੇ ਉੱਦਮ ਨਾਲ) ਪਾਰ ਨਹੀਂ ਲੰਘ ਸਕੀਦਾ। ਜਮਾਂ ਦੇ ਡਰ ਨਾਲ ਸਹਿਮੇ ਰਹੀਦਾ ਹੈ। ਹੇ ਮਨ! ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਡਰਿ = ਡਰ ਨਾਲ। ਮਰੀਐ = ਮਰੀਦਾ ਹੈ, ਸਹਿਮੇ ਰਹੀਦਾ ਹੈ। ਪੰਥੁ = ਰਸਤਾ। ਦੁਹੇਲਾ = ਦੁਖਦਾਈ।
ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥
The mortal does not know the Lord in the evening, or in the morning; trapped on the treacherous path, what will he do then?
ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਮਨ ਵਿਚ ਸਵੇਰੇ ਸ਼ਾਮ (ਕਿਸੇ ਭੀ ਵੇਲੇ) ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ (ਮਾਇਆ ਦੇ ਮੋਹ ਦੇ) ਔਖੇ ਰਾਹ ਵਿਚ ਫਸ ਜਾਂਦਾ ਹੈ (ਇਸ ਵਿਚੋਂ ਨਿਕਲਣ ਲਈ) ਉਹ ਕੁਝ ਭੀ ਨਹੀਂ ਕਰ ਸਕਦਾ। ਮਨਿ = ਮਨ ਵਿਚ। ਜਾਤਾ = ਜਾਣਿਆ, ਸਾਂਝ ਪਾਈ। ਸਾਝ = ਸ਼ਾਮ ਵੇਲੇ। ਪ੍ਰਭਾਤਾ = ਸਵੇਰੇ। ਅਵਘਟਿ = ਔਖੇ ਰਸਤੇ ਵਿਚ। ਰੁਧਾ = ਰੁਕਿਆ ਹੋਇਆ, ਫਸਿਆ ਹੋਇਆ। ਕਿਆ ਕਰੇ = ਕੀਹ ਕਰ ਸਕਦਾ ਹੈ? ਬੇ-ਬਸ ਹੋ ਜਾਂਦਾ ਹੈ।
ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥
Bound in bondage, he is released only by this method: as Gurmukh, serve the Lord. ||1||
(ਪਰ ਹਾਂ, ਮਾਇਆ ਦੇ ਮੋਹ ਦੀ) ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖ਼ਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ॥੧॥ ਬੰਧਨਿ = ਬੰਧਨ ਨਾਲ {ਇਕ-ਵਚਨ}, (ਮਾਇਆ ਦੇ ਮੋਹ ਦੀ) ਰੱਸੀ ਨਾਲ। ਇਨਿ ਬਿਧਿ = ਇਸ ਤਰੀਕੇ ਨਾਲ। ਛੂਟੈ = ਬੰਧਨ ਵਿਚੋਂ ਨਿਕਲ ਸਕਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਵੈ = ਸਿਮਰੇ। ਨਰਹਰੇ = ਪਰਮਾਤਮਾ ॥੧॥
ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥
O my mind, abandon your household entanglements.
ਹੇ ਮੇਰੇ ਮਨ! ਘਰ ਦੇ ਮੋਹ ਦੀਆਂ ਫਾਹੀਆਂ ਛੱਡ ਦੇ। ਆਲ = {आलय} ਘਰ। ਆਲ ਜੰਜਾਲਾ = ਘਰ ਦੇ ਜੰਜਾਲ, ਘਰ ਦੀਆਂ ਫਾਹੀਆਂ, ਘਰ ਦੇ ਮੋਹ ਦੀਆਂ ਫਾਹੀਆਂ।
ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥
O my mind, serve the Lord, the Primal, Detached Lord.
ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਿਮਰਦਾ ਰਹੁ, ਜੋ ਸਭਨਾਂ ਵਿਚ ਵਿਆਪਕ ਭੀ ਹੈ ਤੇ ਨਿਰਲੇਪ ਭੀ ਹੈ। ਸੇਵਹੁ = ਸਿਮਰੋ, ਸਿਮਰਦਾ ਰਹੁ। ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਰਾਲਾ = ਨਿਰਲੇਪ।
ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥
Meditate in remembrance on the One Universal Creator; the True Lord created the entire Universe.
ਹੇ ਮੇਰੇ ਮਨ! ਉਸ ਇਕ ਸਰਬ-ਵਿਆਪਕ ਅਤੇ ਸਦਾ-ਥਿਰ ਪਰਮਾਤਮਾ (ਦਾ ਨਾਮ) ਸਿਮਰਦਾ ਰਹੁ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ, ਏਕੰਕਾਰੁ = ਇਕ ਓਅੰਕਾਰ, ਜੋ ਇਕ ਆਪ ਹੀ ਆਪ ਅਤੇ ਸਰਬ-ਵਿਆਪਕ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਿੰਨਿ = ਜਿਨਿ, ਜਿਸ ਨੇ {ਛੰਤ ਦੀ ਚਾਲ ਪੂਰੀ ਰੱਖਣ ਲਈ ਇਕ ਮਾਤ੍ਰਾ ਵਧਾ ਕੇ 'ਜਿਨਿ' ਨੂੰ 'ਜਿੰਨਿ' ਲਿਖਿਆ ਹੈ}।
ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥
The Guru controls the air, water and fire; He has staged the drama of the world.
ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ (ਮਰਯਾਦਾ ਵਿਚ) ਬੰਨ੍ਹਿਆ ਹੋਇਆ ਹੈ। ਹੇ ਮੇਰੇ ਮਨ! (ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਨੂੰ) ਗੁਰੂ ਨੇ ਜਗਤ ਵਿਚ (ਪਰਮਾਤਮਾ ਦਾ ਇਹ) ਤਮਾਸ਼ਾ ਵਿਖਾ ਦਿੱਤਾ ਹੈ (ਅਤੇ ਨਾਮ ਵਿਚ ਜੋੜਿਆ ਹੈ)। ਪਉਣੁ = ਹਵਾ। ਅਗਨਿ = ਅੱਗ। ਬਾਧੇ = (ਮਰਯਾਦਾ ਵਿਚ) ਬੰਨ੍ਹੇ ਹੋਏ ਹਨ। ਗੁਰਿ ਦਿਖਾਇਆ = (ਜਿਸ ਨੂੰ) ਗੁਰੂ ਨੇ ਵਿਖਾਲ ਦਿੱਤਾ ਹੈ। ਜਗਤਿ = ਜਗਤ ਵਿਚ। ਖੇਲੁ = (ਪਰਮਾਤਮਾ ਦਾ ਰਚਿਆ) ਤਮਾਸ਼ਾ।
ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥
Reflect on your own self, and so practice good conduct; chant the Name of the Lord as your self-discipline and meditation.
ਹੇ ਮੇਰੇ ਮਨ! ਨਾਮ ਜਪਿਆਂ ਹੀ ਤੂੰ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ ਹੈਂ, ਨਾਮ ਜਪਿਆਂ ਹੀ ਤੂੰ ਉੱਚੀ ਆਤਮਕ ਜੀਵਨ ਦੀ ਵਿਚਾਰ ਦਾ ਮਾਲਕ ਹੈਂ। ਪਰਮਾਤਮਾ ਦਾ ਨਾਮ ਹੀ ਹੈ ਅਨੇਕਾਂ ਸੰਜਮ ਅਨੇਕਾਂ ਜਪ ਅਤੇ ਅਨੇਕਾਂ ਤਪ। ਆਚਾਰਿ = ਆਚਾਰੀ, ਕਰਮ-ਕਾਂਡੀ, ਮਿਥੀ ਹੋਈ ਖ਼ਾਸ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ। ਆਚਾਰ = ਧਾਰਮਿਕ ਮਿਥੀ ਹੋਈ ਮਰਯਾਦਾ। ਵੀਚਾਰਿ = ਵੀਚਾਰੀ, ਵਿਚਾਰ-ਵਾਨ, ਗਿਆਨਵਾਨ। ਆਪੇ = ਆਪ ਹੀ।
ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥
The Name of the Lord is your Companion, Friend and Dear Beloved; chant it, and meditate on it. ||2||
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਦਾ ਰਹੁ ਜਪਦਾ ਰਹੁ, ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ॥੨॥ ਸਖਾ = ਮਿੱਤਰ। ਸੈਨੁ = ਸੱਜਣ। ਜਪੋ = ਜਪੁ, ਜਪਦਾ ਰਹੁ ॥੨॥
ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥
O my mind, remain steady and stable, and you will not have to endure beatings.
ਹੇ ਮੇਰੇ ਮਨ! ਤੂੰ (ਪਰਮਾਤਮਾ ਦੇ ਚਰਨਾਂ ਵਿਚ) ਅਡੋਲ ਟਿਕਿਆ ਰਿਹਾ ਕਰ, (ਇਸ ਤਰ੍ਹਾਂ) ਤੂੰ (ਵਿਕਾਰਾਂ ਦੀ) ਸੱਟ ਨਹੀਂ ਖਾਹਿਂਗਾ। ਥਿਰੁ = (ਪ੍ਰਭੂ-ਚਰਨਾਂ ਵਿਚ) ਅਡੋਲ। ਨ ਖਾਵਹੀ = ਨ ਖਾਵਹਿ, {ਮੱਧਮ ਪੁਰਖ, ਇਕ-ਵਚਨ} ਤੂੰ ਨਹੀਂ ਖਾਹਿਂਗਾ। ਚੋਟ = (ਵਿਕਾਰਾਂ ਦੀ) ਸੱਟ।
ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥
O my mind, singing the Glorious Praises of the Lord, you shall merge into Him with intuitive ease.
ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿਚ ਲੀਨ ਰਹੇਂਗਾ। ਗੁਣ ਗਾਵਹਿ = (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਸਮਾਵਹੀ = ਸਮਾਵਹਿ, ਤੂੰ ਸਮਾ ਜਾਹਿਂਗਾ।
ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥
Singing the Glorious Praises of the Lord, be happy. Apply the ointment of spiritual wisdom to your eyes.
ਹੇ ਮਨ! ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ। (ਹੇ ਮੇਰੇ ਮਨ!) ਜੇ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਏਂ, ਗਾਇ = ਗਾ ਕੇ। ਗੁਣ ਰਾਮ = ਰਾਮ ਦੇ ਗੁਣ। ਰਸਾਇ = ਰਸਾ ਕੇ, ਸੁਆਦ ਨਾਲ। ਰਸੀਅਹਿ = ਤੂੰ ਰਸ ਜਾਹਿਂਗਾ, ਤੇਰੇ ਅੰਦਰ ਰਸ ਜਾਣਗੇ। ਅੰਜਨੁ = ਸੁਰਮਾ। ਗੁਰ ਗਿਆਨ ਅੰਜਨੁ = ਗੁਰੂ ਦੇ ਗਿਆਨ ਦਾ ਸੁਰਮਾ, ਗੁਰੂ ਦੀ ਬਖ਼ਸ਼ੀ ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਗਿਆਨ = ਆਤਮਕ ਜੀਵਨ ਦੀ ਸੂਝ। ਸਾਰਹੇ = ਸਾਰਹਿ, ਜੇ ਤੂੰ ਪਾ ਲਏਂ (ਅੱਖਾਂ ਵਿਚ)। ਦੀਪਕੁ = ਦੀਵਾ।
ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥
The Word of the Shabad is the lamp which illuminates the three worlds; it slaughters the five demons.
ਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ), ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ)। ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ। ਤ੍ਰੈ ਲੋਕ = ਤਿੰਨ ਲੋਕ (ਧਰਤੀ, ਆਕਾਸ਼, ਪਾਤਾਲ) ਸਾਰਾ ਜਗਤ। ਤ੍ਰੈ ਲੋਕ ਦੀਪਕੁ = ਸਾਰੇ ਜਗਤ ਦਾ ਦੀਵਾ, ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਦੂਤ = ਵੈਰੀ। ਪੰਚ ਦੂਤ = ਕਾਮਾਦਿਕ ਪੰਜ ਵੈਰੀ। ਸੰਘਾਰਹੇ = ਸੰਘਾਰਹਿ, ਤੂੰ ਮਾਰ ਲਏਂਗਾ।
ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥
Quieting your fears, become fearless, and you shall cross over the impassible world ocean. Meeting the Guru, your affairs shall be resolved.
ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ ਗੁਣ ਗਾਂਦਾ ਰਹੇਂਗਾ, ਤਾਂ ਆਪਣੇ ਅੰਦਰੋਂ ਦੁਨੀਆ ਦੇ ਸਾਰੇ) ਡਰ ਕੱਟ ਕੇ ਨਿਰਭਉ ਹੋ ਜਾਹਿਂਗਾ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ। ਹੇ ਮਨ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਜੀਵ ਦੇ ਸਾਰੇ ਕੰਮ ਸੰਵਾਰ ਦੇਂਦਾ ਹੈ। ਭੈ = ਸਾਰੇ ਡਰ {ਬਹੁ-ਵਚਨ}। ਕਾਟਿ = ਕੱਟ ਕੇ। ਤਰਹਿ = ਤੂੰ ਪਾਰ ਲੰਘ ਜਾਹਿਂਗਾ। ਦੁਤਰੁ = (ਉਹ ਸੰਸਾਰ-ਸਮੁੰਦਰ) ਜਿਸ ਤੋਂ ਪਾਰ ਲੰਘਣਾ ਔਖਾ ਹੈ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਾਰਏ = ਸਾਰ ਦੇਂਦਾ ਹੈ, (ਪ੍ਰਭੂ) ਸਵਾਰ ਦੇਂਦਾ ਹੈ। ਕਾਰਜ = ਸਾਰੇ ਕੰਮ।
ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥
You shall find the joy and the beauty of the Lord's Love and Affection; the Lord Himself shall shower you with His Grace. ||3||
ਹੇ ਮਨ! ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ (ਸੋਹਣਾ ਆਤਮਕ) ਰੂਪ ਹੋ ਜਾਂਦਾ ਹੈ (ਸੋਹਣਾ ਆਤਮਕ) ਰੰਗ ਹੋ ਜਾਂਦਾ ਹੈ, ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ॥੩॥ ਸਿਉ = ਨਾਲ। ਧਾਰਏ = ਧਾਰੈ, ਧਾਰਦਾ ਹੈ ॥੩॥
ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥
O my mind, why did you come into the world? What will you take with you when you go?
ਹੇ ਮੇਰੇ ਮਨ! ਨਾਹ ਤੂੰ (ਜਨਮ ਸਮੇ) ਆਪਣੇ ਨਾਲ ਕੁਝ ਲੈ ਕੇ ਆਇਆ ਸੀ, ਨਾਹ ਤੂੰ (ਇਥੋਂ ਤੁਰਨ ਵੇਲੇ) ਆਪਣੇ ਨਾਲ ਕੁਝ ਲੈ ਕੇ ਜਾਹਿਂਗਾ (ਵਿਅਰਥ ਹੀ ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚ ਫਸ ਰਿਹਾ ਹੈਂ)। ਕਿਆ ਲੈ ਆਇਆ = (ਜੰਮਣ ਸਮੇ ਆਪਣੇ ਨਾਲ) ਕੀਹ ਲੈ ਕੇ ਤੂੰ ਆਇਆ ਸੀ? ਲੈ = ਲੈ ਕੇ। ਜਾਇਸੀ = ਤੂੰ ਜਾਹਿਂਗਾ।
ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥
O my mind, you shall be emancipated, when you eliminate your doubts.
ਹੇ ਮਨ! (ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚੋਂ) ਤਦੋਂ ਤੇਰੀ ਖ਼ਲਾਸੀ ਹੋਵੇਗੀ, ਜਦੋਂ ਤੂੰ (ਮਾਇਆ ਦੀ ਖ਼ਾਤਰ) ਭਟਕਣਾ ਛੱਡ ਦੇਵੇਂਗਾ। ਤਾ = ਤਦੋਂ। ਛੁਟਸੀ = (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਕਰੇਂਗਾ। ਜਾ = ਜਦੋਂ। ਭਰਮੁ = (ਮਾਇਆ ਦੀ ਖ਼ਾਤਰ) ਭਟਕਣਾ। ਚੁਕਾਇਸੀ = ਤੂੰ ਦੂਰ ਕਰੇਂਗਾ।
ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥
So gather the wealth and capital of the Name of the Lord, Har, Har; through the Word of the Guru's Shabad, you shall realize its value.
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਿਆ ਕਰ, ਨਾਮ ਦਾ ਸੌਦਾ (ਵਿਹਾਝਿਆ ਕਰ)। ਹੇ ਮਨ! ਜੇ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਪ੍ਰਭੂ ਦਾ) ਪਿਆਰ ਪਛਾਣ ਲਏਂ, ਸੰਚਿ = ਇਕੱਠਾ ਕਰ। ਵਖਰੁ = ਸੌਦਾ (ਵਿਹਾਝ)। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਭਾਉ = ਪ੍ਰੇਮ, ਪਿਆਰ। ਪਛਾਣਹੇ = ਪਛਾਣਹਿ, ਜੇ ਤੂੰ ਪਛਾਣ ਲਏਂ।
ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥
Filth shall be taken away, through the Immaculate Word of the Shabad; you shall know the Mansion of the Lord's Presence, your true home.
ਤਾਂ ਸ਼ਬਦ ਦੀ ਬਰਕਤਿ ਨਾਲ (ਵਿਕਾਰਾਂ ਦੀ) ਮੈਲ ਦੂਰ ਕਰ ਕੇ ਤੂੰ ਪਵਿੱਤਰ ਹੋ ਜਾਹਿਂਗਾ। ਤੂੰ ਸਦਾ ਕਾਇਮ ਰਹਿਣ ਵਾਲਾ ਘਰ-ਮਹਲ ਲੱਭ ਲਏਂਗਾ। ਮੈਲੁ = ਵਿਕਾਰਾਂ ਦੀ ਮੈਲ। ਪਰਹਰਿ = ਦੂਰ ਕਰ ਕੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਚੁ ਮਹਲੁ = ਸਦਾ-ਥਿਰ ਟਿਕਾਣਾ। ਸਚੁ ਘਰੁ = ਸਦਾ-ਥਿਰ ਘਰ। ਜਾਣਹੇ = ਜਾਣਹਿ, ਤੂੰ ਜਾਣ ਲਏਂਗਾ, ਤੂੰ ਲੱਭ ਲਏਂਗਾ।
ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥
Through the Naam, you shall obtain honor, and come home. Eagerly drink in the Ambrosial Amrit.
ਹੇ ਮੇਰੇ ਮਨ! ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰੇਮ ਨਾਲ ਪੀਆ ਕਰ, ਤੂੰ (ਲੋਕ ਪਰਲੋਕ ਦੀ) ਇੱਜ਼ਤ (ਲੋਕ ਪਰਲੋਕ ਦਾ) ਨਾਮਣਾ ਖੱਟ ਲਏਂਗਾ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਹਿਂਗਾ। ਪਤਿ = (ਲੋਕ ਪਰਲੋਕ ਦੀ) ਇੱਜ਼ਤ। ਘਰਿ = ਘਰ ਵਿਚ, (ਅਸਲ) ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸਿਧਾਵਹਿ = ਤੂੰ ਪਹੁੰਚ ਜਾਹਿਂਗਾ। ਝੋਲਿ = ਹਿਲਾ ਕੇ, ਨਿਤਾਰ ਕੇ, ਪ੍ਰੇਮ ਨਾਲ। ਅੰਮ੍ਰਿਤ ਰਸੋ = ਅੰਮ੍ਰਿਤ ਰਸੁ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ।
ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥
Meditate on the Lord's Name, and you shall obtain the sublime essence of the Shabad; by great good fortune, chant the Praises of the Lord. ||4||
ਹੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਨਾਮ ਦਾ) ਸੁਆਦ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਪ੍ਰਾਪਤ ਹੋ ਸਕਦਾ ਹੈ। ਹੇ ਮਨ! ਵੱਡੀ ਕਿਸਮਤ ਨਾਲ (ਹੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ॥੪॥ ਧਿਆਈਐ = ਧਿਆਉਣਾ ਚਾਹੀਦਾ ਹੈ। ਰਸੁ = ਸੁਆਦ। ਪਾਈਐ = ਮਿਲ ਸਕਦਾ ਹੈ। ਵਡਭਾਗਿ = ਵੱਡੀ ਕਿਸਮਤ ਨਾਲ। ਜਪੀਐ = ਜਪਿਆ ਜਾ ਸਕਦਾ ਹੈ। ਹਰਿ ਜਸੋ = ਹਰਿ-ਜਸੁ ॥੪॥
ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥
O my mind, without a ladder, how will you climb up to the Temple of the Lord?
ਹੇ ਮੇਰੇ ਮਨ! (ਜਿਵੇਂ) ਪੌੜੀਆਂ ਤੋਂ ਬਿਨਾ (ਕੋਈ ਭੀ ਮਨੁੱਖ) ਕੋਠੇ (ਦੀ ਛੱਤ) ਉਤੇ ਨਹੀਂ ਚੜ੍ਹ ਸਕਦਾ (ਤਿਵੇਂ ਉੱਚੇ ਆਤਮਕ ਟਿਕਾਣੇ ਤੇ ਵੱਸਦੇ ਪਰਮਾਤਮਾ ਤਕ ਸਿਮਰਨ ਦੀ ਪੌੜੀ ਤੋਂ ਬਿਨਾ ਪਹੁੰਚ ਨਹੀਂ ਹੋ ਸਕਦੀ)। ਮੰਦਰਿ = ਮੰਦਰ ਉੱਤੇ, ਕੋਠੇ ਉੱਤੇ। ਕਿਉ ਚੜੈ = ਕਿਵੇਂ (ਕੋਈ) ਚੜ੍ਹ ਸਕਦਾ ਹੈ? (ਕੋਈ) ਨਹੀਂ ਚੜ੍ਹ ਸਕਦਾ।
ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥
O my mind, without a boat, you shall not reach the other shore.
ਹੇ ਮੇਰੇ ਮਨ! ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਅੱਪੜ ਸਕਦਾ। ਨ ਅੰਬੜੈ = ਨਹੀਂ ਅੱਪੜ ਸਕਦਾ। ਪਾਰਿ = (ਦਰੀਆ ਦੇ) ਪਾਰਲੇ ਪਾਸੇ।
ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰਸਬਦ ਸੁਰਤਿ ਲੰਘਾਵਏ ॥
On that far shore is Your Beloved, Infinite Friend. Only your awareness of the Guru's Shabad will carry you across.
ਹੇ ਮਨ! ਸੱਜਣ ਪ੍ਰਭੂ! ਬੇਅੰਤ ਪ੍ਰਭੂ, ਪ੍ਰੀਤਮ ਪ੍ਰਭੂ (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ (ਵੱਸਦਾ ਹੈ)। ਗੁਰੂ ਦੇ ਸ਼ਬਦ ਦੀ ਸੂਝ (ਹੀ ਇਸ ਸਮੁੰਦਰ ਦੇ ਪਾਰਲੇ ਪਾਸੇ) ਲੰਘਾ ਸਕਦੀ ਹੈ। ਪਾਰਿ = ਪਾਰਲੇ ਪਾਸੇ, (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ। ਅਪਾਰੁ = ਬੇਅੰਤ ਪ੍ਰਭੂ। ਸਬਦ ਸੁਰਤਿ = ਸ਼ਬਦ ਦੀ ਸੁਰਤ, ਸ਼ਬਦ ਦੀ ਸੋਝੀ। ਲੰਘਾਵਏ = ਲੰਘਾਵੈ, (ਪਾਰ) ਲੰਘਾਂਦੀ ਹੈ।
ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥
Join the Saadh Sangat, the Company of the Holy, and you shall enjoy ecstasy; you shall not regret or repent later on.
ਹੇ ਮਨ! ਜੇ ਤੂੰ ਸਾਧ ਸੰਗਤ ਵਿਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇਂ (ਤਾਂ ਤੂੰ ਭੀ ਇਸ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚ ਜਾਏਂ। ਜਿਹੜਾ ਭੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਨਾਮ ਜਪਦਾ ਹੈ, ਉਸ ਨੂੰ) ਮੁੜ ਪਛੁਤਾਣਾ ਨਹੀਂ ਪੈਂਦਾ (ਕਿਉਂਕਿ ਉਸ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰ-ਠਿੱਲ੍ਹਾਂ ਦੁੱਖ ਨਹੀਂ ਦੇ ਸਕਦੀਆਂ)। ਮਿਲਿ = ਮਿਲ ਕੇ। ਕਰਹਿ ਰਲੀਆ = ਜੇ ਤੂੰ ਆਤਮਕ ਆਨੰਦ ਮਾਣੇਂ। ਨ ਪਛੋਤਾਵਏ = ਨ ਪਛੋਤਾਵੈ, ਨਹੀਂ ਪਛੁਤਾਂਦਾ {ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ}।
ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥
Be Merciful, O Merciful True Lord God: please give me the Blessing of the Lord's Name, and the Sangat, the Company of the Holy.
ਹੇ ਦਇਆਲ ਪ੍ਰਭੂ! (ਮੇਰੇ ਉਤੇ) ਦਇਆ ਕਰ, ਮੈਨੂੰ ਆਪਣੇ ਸਦਾ-ਥਿਰ ਨਾਮ ਦਾ ਦਾਨ ਦੇਹ, ਮੈਂ ਤੇਰੇ ਨਾਮ ਦੀ ਸੰਗਤ ਹਾਸਲ ਕਰੀ ਰੱਖਾਂ। ਦਇਆਲ = ਹੇ ਦਇਆਲ ਪ੍ਰਭੂ! ਸਾਚਾ ਦਾਨੁ = ਸਦਾ-ਥਿਰ ਨਾਮ ਦਾ ਦਾਨ। ਪਾਵਓ = ਪਾਵਓਂ, ਮੈਂ ਪ੍ਰਾਪਤ ਕਰਾਂ। ਨਾਮ ਸੰਗਤਿ = ਨਾਮ ਦਾ ਸਾਥ।
ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥
Nanak prays: please hear me, O my Beloved; instruct my mind through the Word of the Guru's Shabad. ||5||6||
ਨਾਨਕ ਬੇਨਤੀ ਕਰਦਾ ਹੈ- ਹੇ ਪ੍ਰੀਤਮ! (ਮੇਰੀ ਬੇਨਤੀ) ਸੁਣ (ਮਿਹਰ ਕਰ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ (ਆਤਮਕ ਜੀਵਨ ਦੀ) ਸੂਝ ਦੇਂਦਾ ਰਹਾਂ ॥੫॥੬॥ ਨਾਨਕੁ ਪਇਅੰਪੈ = ਨਾਨਕ ਬੇਨਤੀ ਕਰਦਾ ਹੈ। ਪ੍ਰੀਤਮ = ਹੇ ਪ੍ਰੀਤਮ! {ਲਫ਼ਜ਼ 'ਪ੍ਰੀਤਮੁ' ਅਤੇ 'ਪ੍ਰੀਤਮ' ਦਾ ਵਿਆਕਰਣਿਕ ਫ਼ਰਕ ਧਿਆਨ ਨਾਲ ਵੇਖਣ ਦੀ ਲੋੜ ਹੈ}। ਸਮਝਾਵਓ = ਸਮਝਾਵਓਂ, ਮੈਂ ਸਮਝਾਵਾਂ ॥੫॥੬॥