ਤੁਖਾਰੀ ਛੰਤ ਮਹਲਾ ੪ ॥
Tukhaari Chhant, Fourth Mehl:
ਰਾਗ ਤੁਖਾਰੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥
My inner being is filled with love for my Beloved Husband Lord. How can I live without Him?
(ਹੇ ਸਖੀਏ!) ਮੇਰੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸ ਰਿਹਾ ਹੈ। ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਜੀਵਨ (ਕਦੇ) ਨਹੀਂ ਮਿਲ ਸਕਦਾ। ਅੰਤਰਿ = ਅੰਦਰ, ਮੇਰੇ ਅੰਦਰ, ਮੇਰੇ ਹਿਰਦੇ ਵਿਚ। ਪਿਰੀ = ਪਿਰ ਦਾ, ਪ੍ਰਭੂ-ਪਤੀ ਦਾ। ਕਿਉ ਜੀਵੀਐ = ਕਿਵੇਂ ਜੀਵਿਆ ਜਾ ਸਕਦਾ ਹੈ? ਆਤਮਕ ਜੀਵਨ ਪ੍ਰਾਪਤ ਨਹੀਂ ਹੋ ਸਕਦਾ।
ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥
As long as I do not have the Blessed Vision of His Darshan, how can I drink in the Ambrosial Nectar?
(ਹੇ ਸਖੀ!) ਜਦੋਂ ਤਕ ਪ੍ਰਭੂ-ਪਤੀ ਦਾ ਦਰਸ਼ਨ ਨਹੀਂ ਹੁੰਦਾ, (ਤਦ ਤਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਨਹੀਂ ਜਾ ਸਕਦਾ। ਜਬ ਲਗੁ = ਜਦੋਂ ਤਕ। ਦਰਸੁ = ਦਰਸਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਕਿਉ ਪੀਵੀਐ = ਨਹੀਂ ਪੀਤਾ ਜਾ ਸਕਦਾ।
ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥
How can I drink in the Ambrosial Nectar without the Lord? I cannot survive without Him.
(ਹੇ ਸਖੀ! ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ ਭੀ) ਪੀਤਾ ਨਹੀਂ ਜਾ ਸਕਦਾ, ਪ੍ਰਭੂ-ਪਤੀ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸ਼ਾਂਤੀ ਨਹੀਂ ਮਿਲ ਸਕਦੀ। ਹਰਿ ਬਿਨੁ ਜੀਵੀਐ = (ਕਿਉ) ਹਰਿ ਬਿਨੁ ਜੀਵੀਐ, ਪ੍ਰਭੂ-ਮਿਲਾਪ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਰਹਨੁ ਨ ਜਾਇ = ਰਿਹਾ ਨਹੀਂ ਜਾ ਸਕਦਾ, ਸ਼ਾਂਤੀ ਨਹੀਂ ਮਿਲਦੀ।
ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥
Night and day, I cry out, "Pri-o! Pri-o! Beloved! Beloved!", day and night. Without my Husband Lord, my thirst is not quenched.
(ਹੇ ਸਖੀ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸਦਾ ਹੈ, ਉਹ) ਹਰ ਵੇਲੇ ਦਿਨ ਰਾਤ ਪ੍ਰਭੂ-ਪਤੀ ਨੂੰ ਮੁੜ ਮੁੜ ਯਾਦ ਕਰਦੀ ਰਹਿੰਦੀ ਹੈ। (ਹੇ ਸਖੀ!) ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਮਾਇਆ ਦੀ) ਤ੍ਰਿਸ਼ਨਾ ਦੂਰ ਨਹੀਂ ਹੁੰਦੀ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਮਿਟਦੀ)। ਅਨਦਿਨੁ = ਹਰ ਰੋਜ਼, ਹਰ ਵੇਲੇ। ਪ੍ਰਿਉ ਪ੍ਰਿਉ ਕਰੇ = ਪਿਆਰੇ (ਪ੍ਰਭੂ) ਨੂੰ ਮੁੜ ਮੁੜ ਯਾਦ ਕਰਦੀ ਹੈ। ਪਿਆਸ = ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਬੁੱਝਦੀ)।
ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥
Please, bless me with Your Grace, O my Beloved Lord, that I may dwell on the Name of the Lord, Har, Har, forever.
ਹੇ ਪਿਆਰੇ ਹਰੀ! (ਜਿਸ ਜੀਵ ਉੱਤੇ) ਤੂੰ ਆਪਣੀ ਮਿਹਰ ਕਰਦਾ ਹੈਂ, ਉਹ ਹਰ ਵੇਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਵਸਾਈ ਰੱਖਦਾ ਹੈ। ਕਰਹੁ = ਕਰਦੇ ਹੋ। ਹਰਿ ਪਿਆਰੇ = ਹੇ ਪਿਆਰੇ ਹਰੀ! ਸਦ = ਸਦਾ। ਸਾਰਿਆ = ਸੰਭਾਲਿਆ ਹੈ, ਯਾਦ ਕੀਤਾ ਹੈ।
ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥
Through the Word of the Guru's Shabad, I have met my Beloved; I am a sacrifice to the True Guru. ||1||
ਮੈਂ (ਆਪਣੇ) ਗੁਰੂ ਤੋਂ ਸਦਾ ਸਦਕੇ ਹਾਂ, (ਕਿਉਂਕਿ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ (ਭੀ) ਪ੍ਰਭੂ-ਪ੍ਰੀਤਮ ਮਿਲ ਪਿਆ ਹੈ ॥੧॥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮੈ = ਮੈਨੂੰ। ਹਉ = ਮੈਂ। ਵਿਟਹੁ = ਤੋਂ। ਵਾਰਿਆ = ਕੁਰਬਾਨ ॥੧॥
ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥
When I see my Beloved Husband Lord, I chant the Lord's Glorious Praises with love.
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ-ਪਤੀ ਦਾ ਦਰਸਨ ਕਰਦੀ ਹਾਂ, ਤਦੋਂ ਮੈਂ ਬੜੇ ਸੁਆਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਹਾਂ, ਦੇਖਾਂ = ਮੈਂ ਵੇਖਦੀ ਹਾਂ। ਪਿਰੁ = ਪਤੀ। ਰਸਿ = ਰਸ ਨਾਲ, ਸੁਆਦ ਨਾਲ। ਰਵਾ = ਰਵਾਂ, ਮੈਂ ਯਾਦ ਕਰਦੀ ਹਾਂ।
ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥
My inner being blossoms forth; I continually utter, "Pri-o! Pri-o! Beloved! Beloved!"
ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ। (ਤਾਹੀਏਂ, ਹੇ ਸਖੀ!) ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ। ਮੇਰੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਵਿਗਾਸੁ = ਖਿੜਾਉ, ਖ਼ੁਸ਼ੀ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ! ਨਿਤ = ਸਦਾ। ਚਵਾ = ਚਵਾਂ, ਮੈਂ ਉਚਾਰਦੀ ਹਾਂ।
ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥
I speak of my Dear Beloved, and through the Shabad, I am saved. Unless I can see Him, I am not satisfied.
ਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ। ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ। ਪ੍ਰਿਉ ਚਵਾ ਪਿਆਰੇ = ਪਿਆਰੇ ਪਤੀ ਨੂੰ ਯਾਦ ਕਰਦੀ ਹਾਂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਤ੍ਰਿਪਤਿ = (ਮਾਇਆ ਦੀ ਭੁੱਖ ਵੱਲੋਂ) ਰਜੇਵਾਂ। ਆਵਏ = ਆਵੈ, ਆਉਂਦੀ।
ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥
That soul-bride who is ever adorned with the Shabad, meditates on the Name of the Lord, Har, Har.
ਹੇ ਸਖੀ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ। ਕਾਮਣਿ = (ਜੀਵ-) ਇਸਤ੍ਰੀ। ਧਿਆਵਏ = ਧਿਆਵੈ, ਧਿਆਉਂਦੀ ਹੈ।
ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥
Please bless this beggar, Your humble servant, with the Gift of Mercy; please unite me with my Beloved.
(ਮੈਂ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦਾ ਹਾਂ-ਹੇ ਗੁਰੂ!) ਦਇਆ ਕਰ, ਮੈਨੂੰ ਆਪਣੇ ਮੰਗਤੇ ਦਾਸ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ। ਮੰਗਤ ਜਨ ਦੀਜੈ = ਮੰਗਤੇ ਦਾਸ ਨੂੰ ਦੇਹੁ। ਮੈ = ਮੈਨੂੰ। ਦੇਹੁ ਮਿਲਾਏ = ਮਿਲਾ ਦੇਹ।
ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥
Night and day, I meditate on the Guru, the Lord of the World; I am a sacrifice to the True Guru. ||2||
ਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ਅਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥ ਅਨਦਿਨੁ = ਹਰ ਰੋਜ਼, ਹਰ ਵੇਲੇ। ਗੋਪਾਲੁ = {ਗੋ = ਸ੍ਰਿਸ਼ਟੀ} ਸ੍ਰਿਸ਼ਟੀ ਨੂੰ ਪਾਲਣ ਵਾਲਾ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਵਿਟਹੁ = ਤੋਂ। ਘੁਮਾਏ = ਘੁਮਾਈ, ਸਦਕੇ, ਕੁਰਬਾਨ ॥੨॥
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥
I am a stone in the Boat of the Guru. Please carry me across the terrifying ocean of poison.
ਹੇ ਪ੍ਰਭੂ! ਅਸੀਂ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ। (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ। ਹਮ = ਅਸੀਂ ਜੀਵ। ਪਾਥਰ = ਪੱਥਰ {ਬਹੁ-ਵਚਨ}। ਨਾਵ = ਬੇੜੀ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਭਵਜਲੁ = ਸੰਸਾਰ-ਸਮੁੰਦਰ। ਤਾਰੀਐ = ਪਾਰ ਲੰਘਾ ਲੈ।
ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥
O Guru, please, lovingly bless me with the Word of the Shabad. I am such a fool - please save me!
ਹੇ ਪ੍ਰਭੂ! ਆਪਣੇ ਪਿਆਰੇ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ। ਗੁਰ ਸਬਦੁ = ਗੁਰੂ ਦਾ ਸ਼ਬਦ। ਸੁਭਾਇ = ਪਿਆਰ ਵਿਚ (ਜੋੜ ਕੇ)। ਮੈ = ਮੈਨੂੰ।
ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥
I am a fool and an idiot; I know nothing of Your extent. You are known as Inaccessible and Great.
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ। ਤੂੰ ਕੇਡਾ ਵੱਡਾ ਹੈਂ-ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ। ਮੂੜ = ਮੂਰਖ। ਮੁਗਧ = ਮੂਰਖ, ਅਗਿਆਨੀ। ਮਿਤਿ = ਮਾਪ, ਤੇਰੀ ਮਿਤਿ, ਤੇਰਾ ਮਾਪ, ਤੂੰ ਕੇਡਾ ਵੱਡਾ ਹੈਂ, ਇਹ ਗੱਲ। ਅਗੰਮੁ = ਅਪਹੁੰਚ। ਵਡ = ਵੱਡਾ।
ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥
You Yourself are Merciful; please, mercifully bless me. I am unworthy and dishonored - please, unite me with Yourself!
ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ। ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ। ਦਰਿਆਲੁ = ਦਇਆ ਦਾ ਘਰ। ਕਰਿ = ਕਰ ਕੇ। ਨਿਰਗੁਣੀ = ਗੁਣ-ਹੀਨ। ਨਿਮਾਣਿਆ = ਨਿਆਸਰਿਆਂ ਨੂੰ। ਕਰਿ = ਕਰ ਕੇ।
ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥
Through countless lifetimes, I wandered in sin; now, I have come seeking Your Sanctuary.
ਹੇ ਪ੍ਰਭੂ ਜੀ! ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ। ਭਰਮੇ = ਭਟਕਦੇ ਰਹੇ। ਤਉ = ਤੇਰੀ।
ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥
Take pity on me and save me, Dear Lord; I have grasped the Feet of the True Guru. ||3||
ਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ ॥੩॥ ਹਮ ਲਾਗਹ = ਅਸੀਂ ਲੱਗੇ ਰਹੀਏ। ਪਾਏ = ਪੈਰੀਂ ॥੩॥
ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥
The Guru is the Philosopher's Stone; by His touch, iron is transformed into gold.
ਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, (ਜਿਵੇਂ ਲੋਹਾ ਪਾਰਸ ਨੂੰ) ਮਿਲ ਕੇ ਸੋਨਾ ਹੋ ਜਾਂਦਾ ਹੈ, ਲੋਹ = ਲੋਹਾ। ਮਿਲਿ = (ਗੁਰੂ-ਪਾਰਸ ਨੂੰ) ਮਿਲ ਕੇ। ਕੰਚਨੁ = ਸੋਨਾ।
ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥
My light merges into the Light, and my body-fortress is so beautiful.
(ਤਿਵੇਂ ਗੁਰੂ ਦੀ ਰਾਹੀਂ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਜਿੰਦ ਮਿਲਾ ਕੇ (ਅਸਾਂ ਜੀਵਾਂ ਦਾ) ਸਰੀਰ-ਕਿਲ੍ਹਾ ਸੁੰਦਰ ਬਣ ਜਾਂਦਾ ਹੈ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਕਾਇਆ = ਸਰੀਰ। ਗੜੁ = ਕਿਲ੍ਹਾ। ਸੋਹਿਆ = ਸੋਹਣਾ ਬਣ ਗਿਆ ਹੈ।
ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥
My body-fortress is so beautiful; I am fascinated by my God. How could I forget Him, for even a breath, or a morsel of food?
(ਜਿਸ ਜੀਵ ਨੂੰ) ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿਚ ਜੋੜ ਲਿਆ, ਉਸ ਦਾ ਸਰੀਰ-ਕਿਲ੍ਹਾ ਸੋਹਣਾ ਹੋ ਜਾਂਦਾ ਹੈ, ਉਸ ਪ੍ਰਭੂ ਨੂੰ (ਹਰੇਕ) ਸਾਹ ਦੇ ਨਾਲ (ਹਰੇਕ) ਗਿਰਾਹੀ ਦੇ ਨਾਲ (ਯਾਦ ਰੱਖਣਾ ਚਾਹੀਦਾ ਹੈ, ਉਸ ਨੂੰ) ਕਦੇ ਭੀ ਭੁਲਾਣਾ ਨਹੀਂ ਚਾਹੀਦਾ। ਪ੍ਰਭਿ = ਪ੍ਰਭੂ ਨੇ। ਮੋਹਿਆ = ਮੋਹ ਲਿਆ ਹੈ, ਆਪਣੇ ਪ੍ਰੇਮ ਵਿਚ ਜਕੜ ਲਿਆ ਹੈ। ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ। ਕਿਉ ਵਿਸਾਰੀਐ = ਨਹੀਂ ਵਿਸਾਰਨਾ ਚਾਹੀਦਾ।
ਅਦ੍ਰਿਸਟੁ ਅਗੋਚਰੁ ਪਕੜਿਆ ਗੁਰਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥
I have seized the Unseen and Unfathomable Lord, through the Word of the Guru's Shabad. I am a sacrifice to the True Guru.
ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਮੈਂ ਗੁਰੂ ਤੋਂ ਸਦਕੇ ਹਾਂ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਬਦੀ = ਸ਼ਬਦ ਦੀ ਰਾਹੀਂ। ਹਉ = ਹਉ, ਮੈਂ। ਕੈ = ਤੋਂ।
ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥
I place my head in offering before the True Guru, if it truly pleases the True Guru.
ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ। ਸੀਸੁ = ਸਿਰ। ਦੇਉ = ਦੇਉਂ, ਮੈਂ ਦੇ ਦਿਆਂ। ਭਾਵੇ = ਚੰਗਾ ਲੱਗੇ।
ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥
Take pity on me, O God, Great Giver, that Nanak may merge in Your Being. ||4||1||
ਹੇ ਨਾਨਕ! ਹੇ ਦਾਤਾਰ! ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ॥੪॥੧॥ ਪ੍ਰਭ = ਹੇ ਪ੍ਰਭੂ! ਦਾਤੇ = ਹੇ ਦਾਤਾਰ! ਅੰਕਿ = ਅੰਕ ਵਿਚ, ਗੋਦ ਵਿਚ, ਚਰਨਾਂ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ ॥੪॥੧॥