ਆਸਾ ਮਹਲਾ ੩ ॥
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥
Those who are imbued with the True Lord are spotless and pure; their reputation is forever true.
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ, ਰਤੇ = ਰੰਗੇ ਹੋਏ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ।
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
Here, they are known in each and every home, and hereafter, they are famous throughout the ages. ||1||
ਇਸ ਦੁਨੀਆ ਵਿਚ ਉਹ ਹਰੇਕ ਘਰ ਵਿਚ ਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ ॥੧॥ ਐਥੈ = ਇਸ ਜਗਤ ਵਿਚ। ਘਰਿ ਘਰਿ = ਹਰੇਕ ਘਰ ਵਿਚ। ਆਗੈ = ਪਰਲੋਕ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਪਰਗਟੁ = ਮਸ਼ਹੂਰ ॥੧॥
ਏ ਮਨ ਰੂੜੑੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥
O beauteous and joyful mind, imbue yourself with your true color.
ਹੇ ਸੋਹਣੇ ਮਨ! ਹੇ ਰੰਗੀਲੇ ਮਨ! (ਤੂੰ ਆਪਣੇ ਉੱਤੇ) ਸਦਾ ਕਾਇਮ ਰਹਿਣ ਵਾਲਾ ਨਾਮ-ਰੰਗ ਚਾੜ੍ਹ। ਏ = ਹੇ! ਰੂੜ੍ਹ੍ਹੇ = ਸੁੰਦਰ। ਰੰਗੁਲੇ = ਰੰਗੀਲੇ। ਸਚਾ = ਸਦਾ-ਥਿਰ ਰਹਿਣ ਵਾਲਾ।
ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥
If you imbue yourself with the Beauteous Word of the Guru's Bani, then this color shall never fade away. ||1||Pause||
ਜੇ (ਇਹ ਮਨ) ਸੋਹਣੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਏ, ਤਾਂ (ਇਸ ਦਾ) ਇਹ ਰੰਗ ਕਦੇ ਨਹੀਂ ਉਤਰਦਾ ਕਦੇ ਦੂਰ ਨਹੀਂ ਹੁੰਦਾ ॥੧॥ ਰਹਾਉ ॥ ਰਪੈ = ਰੰਗਿਆ ਜਾਏ ॥੧॥ ਰਹਾਉ ॥
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥
I am lowly, filthy, and totally egotistical; I am attached to the corruption of duality.
ਮਾਇਆ ਦੇ ਪਿਆਰ ਵਿਚ ਵਿਕਾਰਾਂ ਵਿਚ ਫਸ ਕੇ ਅਸੀਂ ਜੀਵ ਨੀਵੇਂ ਗੰਦੇ ਆਚਰਨ ਵਾਲੇ ਤੇ ਅਹੰਕਾਰੀ ਬਣ ਜਾਂਦੇ ਹਾਂ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥
But meeting with the Guru, the Philosopher's Stone, I am transformed into gold; I am blended with the Pure Light of the Infinite Lord. ||2||
ਪਾਰਸ-ਗੁਰੂ ਦੇ ਮਿਲਿਆਂ ਅਸੀਂ ਸੋਨਾ ਬਣ ਜਾਂਦੇ ਹਾਂ, ਸਾਡੇ ਅੰਦਰ ਬੇਅੰਤ ਪ੍ਰਭੂ ਦੀ ਪਵਿਤ੍ਰ ਜੋਤਿ ਜਗ ਪੈਂਦੀ ਹੈ ॥੨॥ ਗੁਰਿ ਪਾਰਸਿ ਮਿਲਿਐ = ਜੇ ਪਾਰਸ-ਗੁਰੂ ਮਿਲ ਪਏ। ਕੰਚਨੁ = ਸੋਨਾ ॥੨॥
ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥
Without the Guru, no one is imbued with the color of the Lord's Love; meeting with the Guru, this color is applied.
ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਨਾਮ-ਰੰਗ ਨਾਲ) ਰੰਗਿਆ ਨਹੀਂ ਜਾ ਸਕਦਾ, ਜੇ ਗੁਰੂ ਮਿਲ ਪਏ ਤਾਂ ਹੀ ਨਾਮ-ਰੰਗ ਚੜ੍ਹਦਾ ਹੈ। ਰੰਗੀਐ = ਰੰਗਿਆ ਜਾਂਦਾ।
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥
Those who are imbued with the Fear, and the Love of the Guru, are absorbed in the Praise of the True Lord. ||3||
ਜੇਹੜੇ ਮਨੁੱਖ ਗੁਰੂ ਦੇ ਡਰ-ਅਦਬ ਦੀ ਰਾਹੀਂ ਗੁਰੂ ਦੇ ਪ੍ਰੇਮ ਦੀ ਰਾਹੀਂ ਰੰਗੇ ਜਾਂਦੇ ਹਨ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ ॥੩॥ ਭੈ = ਡਰ-ਅਦਬ ਵਿਚ। ਭਾਇ = ਪ੍ਰੇਮ ਵਿਚ। ਸਚਿ = ਸਦਾ-ਥਿਰ ਹਰੀ ਵਿਚ। ਸਮਾਉ = ਲੀਨਤਾ ॥੩॥
ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥
Without fear, the cloth is not dyed, and the mind is not rendered pure.
ਡਰ-ਅਦਬ ਤੋਂ ਬਿਨਾ (ਮਨ-ਕੱਪੜੇ ਨੂੰ) ਪਾਹ ਨਹੀਂ ਲੱਗ ਸਕਦੀ (ਪਾਹ ਤੋਂ ਬਿਨਾ ਮਨ-ਕੱਪੜੇ ਨੂੰ ਪੱਕਾ ਪ੍ਰੇਮ-ਰੰਗ ਨਹੀਂ ਚੜ੍ਹਦਾ) ਮਨ ਸਾਫ਼-ਸੁਥਰਾ ਨਹੀਂ ਹੋ ਸਕਦਾ। ਲਾਗਿ = ਪਾਹ (ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਜਾਂ ਸੋਡੇ ਵਿਚ ਰਿੰਨ੍ਹੀਦਾ ਹੈ, ਇਸ ਲਾਗ ਤੋਂ ਬਿਨਾ ਰੰਗ ਪੱਕਾ ਨਹੀਂ ਚੜ੍ਹਦਾ)।
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥
Without fear, the performance of rituals is false, and one finds no place of rest. ||4||
ਇਸ ਡਰ-ਅਦਬ ਤੋਂ ਬਿਨਾ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਭੀ ਜਾਣ ਤਾਂ ਭੀ (ਮਨੁੱਖ ਝੂਠ ਦਾ ਪ੍ਰੇਮੀ ਹੀ ਰਹਿੰਦਾ ਹੈ, ਤੇ ਝੂਠੇ ਨੂੰ (ਪ੍ਰਭੂ ਦੀ ਹਜ਼ੂਰੀ ਵਿਚ) ਥਾਂ ਨਹੀਂ ਮਿਲਦੀ ॥੪॥ ਕਰਮ = (ਮਿਥੇ ਹੋਏ ਧਾਰਮਿਕ) ਕੰਮ। ਠਾਉ = ਥਾਂ, ਆਸਰਾ ॥੪॥
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥
Only those whom the Lord imbues, are so imbued; they join the Sat Sangat, the True Congregation.
ਸਾਧ ਸੰਧਤਿ ਵਿਚ ਲਿਆ ਕੇ ਜਿਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਆਪ ਹੀ ਨਾਮ-ਰੰਗ ਚਾੜ੍ਹਦਾ ਹੈ ਉਹੀ ਰੰਗਿਆ ਜਾਇਗਾ। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਰਪਸੀ = ਰੰਗਿਆ ਜਾਇਗਾ।
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥
From the Perfect Guru, the Sat Sangat emanates, and one easily merges into the Love of the True One. ||5||
ਸਾਧ ਸੰਗਤਿ ਪੂਰੇ ਗੁਰੂ ਦੀ ਰਾਹੀਂ ਮਿਲਦੀ ਹੈ (ਜਿਸ ਨੂੰ ਮਿਲਦੀ ਹੈ ਉਹ) ਆਤਮਕ ਅਡੋਲਤਾ ਵਿਚ, ਸਦਾ-ਥਿਰ ਪ੍ਰਭੂ ਵਿਚ, ਪ੍ਰਭੂ-ਪ੍ਰੇਮ ਵਿਚ (ਮਸਤ ਰਹਿੰਦਾ ਹੈ) ॥੫॥ ਤੇ = ਪਾਸੋਂ ॥੫॥
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥
Without the Sangat, the Company of the Holy, all remain like beasts and animals.
ਸਾਧ ਸੰਗਤਿ ਤੋਂ ਬਿਨਾ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ, ਸਭਿ = ਸਾਰੇ। ਢੋਰ = ਡੰਗਰ।
ਜਿਨੑਿ ਕੀਤੇ ਤਿਸੈ ਨ ਜਾਣਨੑੀ ਬਿਨੁ ਨਾਵੈ ਸਭਿ ਚੋਰ ॥੬॥
They do not know the One who created them; without the Name, all are thieves. ||6||
ਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦੇ, ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ ॥੬॥ ਜਿਨ੍ਹ੍ਹਿ = ਜਿਸ (ਪਰਮਾਤਮਾ) ਨੇ। ਤਿਸੈ = ਉਸ ਨੂੰ। ਜਾਣਨ੍ਹ੍ਹੀ = ਜਾਣਨ੍ਹ੍ਹਿ, ਜਾਣਦੇ ॥੬॥
ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥
Some purchase merits and sell off their demerits; through the Guru, they obtain peace and poise.
ਕਈ ਮਨੁੱਖ ਐਸੇ ਭੀ ਹਨ ਜੇਹੜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕਦੇ ਹਨ, ਪ੍ਰਭੂ-ਪ੍ਰੇਮ ਵਿਚ ਜੁੜਦੇ ਹਨ, ਉਹ ਪਰਮਾਤਮਾ ਦੇ ਗੁਣ ਖ਼ਰੀਦਦੇ ਹਨ (ਗੁਣਾਂ ਦੇ ਵੱਟੇ) ਉਹਨਾਂ ਦੇ ਔਗੁਣ ਵਿਕ ਜਾਂਦੇ ਹਨ (ਦੂਰ ਹੋ ਜਾਂਦੇ ਹਨ)। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਵਿਕਣਹਿ = ਵਿਕ ਜਾਂਦੇ ਹਨ।
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥
Serving the Guru, they obtain the Name, which comes to dwell deep within. ||7||
ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਹ ਪ੍ਰਭੂ ਦਾ ਨਾਮ-ਸੌਦਾ ਪ੍ਰਾਪਤ ਕਰ ਲੈਂਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰ ਆ ਵੱਸਦਾ ਹੈ ॥੭॥ ਵੁਠਾ = ਆ ਵੱਸਿਆ ॥੭॥
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥
The One Lord is the Giver of all; He assigns tasks to each and every person.
ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਸਭ ਕੁਝ ਦੇਣ ਵਾਲਾ ਹੈ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ। ਸਿਰਿ = ਸਿਰਿ ਸਿਰਿ, ਹਰੇਕ ਦੇ ਸਿਰ ਦੀ ਰਾਹੀਂ, ਹਰੇਕ ਨੂੰ।
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥
O Nanak, the Lord embellishes us with the Name; attached to the Word of the Shabad, we are merged into Him. ||8||9||31||
ਹੇ ਨਾਨਕ! ਉਸ ਨੇ ਆਪ ਹੀ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਏ ਹਨ ਉਸ ਨੇ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ ॥੮॥੯॥੩੧॥ ਸਵਾਰਿਅਨੁ = ਉਸ ਨੇ ਸੰਵਾਰ ਦਿੱਤੇ ਹਨ ॥੮॥੯॥੩੧॥