ਆਸਾ ਮਹਲਾ ੩ ॥
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥
Everyone longs for the Name, but he alone receives it, unto whom the Lord shows His Mercy.
ਸਾਰੀ ਲੁਕਾਈ ਹਰਿ-ਨਾਮ ਵਾਸਤੇ ਤਾਂਘ ਕਰਦੀ ਹੈ, ਪਰ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਕਰਦਾ ਹੈ। ਨਾਵੈ ਨੋ = ਹਰਿ-ਨਾਮ ਨੂੰ। ਸੋ = ਉਹ ਮਨੁੱਖ।
ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥
Without the Name, there is only pain; he alone obtains peace, whose mind is filled with the Name. ||1||
ਹਰਿ-ਨਾਮ ਤੋਂ ਖੁੰਝਿਆਂ (ਜਗਤ ਵਿਚ) ਨਿਰਾ ਦੁੱਖ ਹੀ ਦੁੱਖ ਹੈ, ਸੁਖ ਸਿਰਫ਼ ਉਸ ਨੂੰ ਹੈ ਜਿਸ ਦੇ ਮਨ ਵਿਚ ਪ੍ਰਭੂ ਆਪਣਾ ਨਾਮ ਵਸਾਂਦਾ ਹੈ ॥੧॥ ਤਿਸੁ = ਉਹ ਮਨੁੱਖ ਨੂੰ। ਮੰਨਿ = ਮਨ, ਮਨ ਵਿਚ ॥੧॥
ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥
You are infinite and merciful; I seek Your Sanctuary.
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੂੰ ਦਇਆ ਦਾ ਸੋਮਾ ਹੈਂ, ਮੈਂ ਤੇਰੀ ਸਰਨ ਆਇਆ ਹਾਂ। ਦਇਆਲੁ = ਦਇਆ ਦਾ ਘਰ। ਹੈ = ਹੈਂ।
ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥
From the Perfect Guru, the glorious greatness of the Naam is obtained. ||1||Pause||
ਤੇਰਾ ਨਾਮ ਪੂਰੇ ਗੁਰੂ ਪਾਸੋਂ ਮਿਲਦਾ ਹੈ ਤੇ ਤੇਰੇ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੧॥ ਰਹਾਉ ॥ ਤੇ = ਤੋਂ, ਪਾਸੋਂ। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਵਡਿਆਈ = ਇੱਜ਼ਤ ॥੧॥ ਰਹਾਉ ॥
ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥
Inwardly and outwardly, there is only the One Lord. He has created the world, with its many varieties.
ਪਰਮਾਤਮਾ ਨੇ ਇਹ ਕਈ ਰੰਗਾਂ ਦੀ ਦੁਨੀਆ ਪੈਦਾ ਕੀਤੀ ਹੋਈ ਹੈ, ਹਰੇਕ ਦੇ ਅੰਦਰ ਤੇ ਸਾਰੀ ਦੁਨੀਆ ਵਿਚ ਉਹ ਆਪ ਹੀ ਵੱਸਦਾ ਹੈ। ਏਕੁ = ਸਿਰਫ਼ ਪਰਮਾਤਮਾ। ਬਹੁ ਬਿਧਿ = ਕਈ ਕਿਸਮਾਂ ਦੀ।
ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥
According to the Order of His Will, He makes us act. What else can we talk about, O Siblings of Destiny? ||2||
ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਸਭ ਜੀਵਾਂ ਪਾਸੋਂ ਕੰਮ ਕਰਾਂਦਾ ਹੈ, ਕੋਈ ਹੋਰ ਅਜੇਹੀ ਸਮਰਥਾ ਵਾਲਾ ਨਹੀਂ ਹੈ ॥੨॥ ਹੁਕਮੇ = ਆਪਣੇ ਹੁਕਮ ਵਿਚ ਹੀ। ਕਿਸੁ = ਕਿਸ ਨੂੰ? ਭਾਈ = ਹੇ ਭਾਈ! ॥੨॥
ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥
Knowledge and ignorance are all your making; You have control over these.
ਹੇ ਪ੍ਰਭੂ! ਸਮਝ ਤੇ ਬੇ-ਸਮਝੀ ਇਹ ਖੇਡ ਤੂੰ ਹੀ ਰਚੀ ਹੈ, ਹਰੇਕ ਜੀਵ ਦੇ ਸਿਰ ਉਤੇ ਤੇਰੀ ਹੀ ਫ਼ੁਰਮਾਈ ਹੋਈ ਕਰਨ-ਜੋਗ ਕਾਰ ਹੈ (ਤੇਰੇ ਹੀ ਹੁਕਮ ਵਿਚ ਕੋਈ ਸਮਝ ਵਾਲਾ ਤੇ ਕੋਈ ਬੇ-ਸਮਝੀ ਵਾਲਾ ਕੰਮ ਕਰਦਾ ਹੈ)। ਬੁਝਣਾ = ਸਮਝ। ਅਬੁਝਣਾ = ਬੇ-ਸਮਝੀ। ਸਿਰਿ = (ਹਰੇਕ ਦੇ) ਸਿਰ ਉੱਤੇ।
ਇਕਨੑਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥
Some, You forgive, and unite with Yourself; while others, the wicked, you strike down and drive out of Your Court. ||3||
ਕਈ ਜੀਵਾਂ ਉਤੇ ਤੂੰ ਬਖ਼ਸ਼ਸ਼ ਕਰਦਾ ਹੈਂ (ਤੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਕਈ ਮਾਇਆ-ਵੇੜ੍ਹੇ ਜੀਵਾਂ ਨੂੰ ਆਪਣੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਂਦਾ ਹੈਂ ॥੩॥ ਮੇਲਿ ਲੈਹਿ = ਤੂੰ ਮਿਲਾ ਲੈਂਦਾ ਹੈਂ। ਕੂੜਿਆਰ = ਝੂਠੇ ॥੩॥
ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥
Some, from the very beginning, are pure and pious; You attach them to Your Name.
ਹੇ ਪ੍ਰਭੂ! ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਧੁਰੋਂ ਹੀ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ ਹੈ, ਤੂੰ ਉਹਨਾਂ ਨੂੰ ਆਪਣੇ ਨਾਮ ਵਿਚ ਜੋੜਿਆ ਹੋਇਆ ਹੈ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਧੁਰਿ = ਤੇਰੀ ਹਜ਼ੂਰੀ ਤੋਂ ਹੀ।
ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥
Serving the Guru, peace wells up; through the True Word of the Shabad, one comes to understand. ||4||
ਗੁਰੂ ਦੀ ਦੱਸੀ ਸੇਵਾ ਤੋਂ ਉਹਨਾਂ ਨੂੰ ਆਤਮਕ ਆਨੰਦ ਮਿਲਦਾ ਹੈ। ਗੁਰੂ ਉਹਨਾਂ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੋੜ ਕੇ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੪॥ ਸਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ॥੪॥
ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥
Some are crooked, filthy and vicious; the Lord Himself has led them astray from the Name.
ਕਈ ਐਸੇ ਮਨੁੱਖ ਹਨ ਜੋ ਕੁਚੱਲਣੇ ਹਨ ਗੰਦੇ ਹਨ ਦੁਰਾਚਾਰੀ ਹਨ, ਜਿਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਵਲੋਂ ਖੁੰਝਾ ਰੱਖਿਆ ਹੈ, ਕੁਚਲ = ਕੁਚੱਲਣੇ, ਖੋਟੀ ਚਾਲ ਵਾਲੇ। ਕੁਚੀਲ = ਗੰਦੇ। ਵਿਖਲੀ = ਦੁਰਾਚਾਰਨ। ਵਿਖਲੀਪਤੇ = ਦੁਰਾਚਾਰੀ ਮਨੁੱਖ। ਨਾਵਹੁ = ਨਾਮ ਤੋਂ। ਖੁਆਏ = ਖੁੰਝਾਏ।
ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥
They have no intuition, no understanding and no self-discipline; they wander around delirious. ||5||
ਉਹਨਾਂ ਜ਼ਿੰਦਗੀ ਵਿਚ ਕਾਮਯਾਬੀ ਨਹੀਂ ਖੱਟੀ, ਚੰਗੀ ਅਕਲ ਨਹੀਂ ਸਿੱਖੀ, ਉਹ ਚੰਗੀ ਰਹਿਣੀ ਵਾਲੇ ਨਹੀਂ ਬਣੇ, ਡਾਵਾਂ ਡੋਲ ਭਟਕਦੇ ਫਿਰਦੇ ਹਨ ॥੫॥ ਓਨ = ਉਹਨਾਂ ਨੂੰ। ਸਿਧਿ = ਸਫਲਤਾ। ਬੁਧਿ = ਅਕਲ। ਸੰਜਮੀ = ਚੰਗੀ ਰਹਿਣੀ ਵਾਲੇ। ਉਤਵਤਾਏ = ਉਖੜੇ ਹੋਏ, ਡਾਵਾਂ ਡੋਲ ॥੫॥
ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥
He grants faith to those whom He has blessed with His Glance of Grace.
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰ ਆਪਣੇ ਨਾਮ ਦੀ ਸਰਧਾ ਪੈਦਾ ਕਰਦਾ ਹੈ, ਤਿਸ ਨੋ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਭਾਵਨੀ = ਸਰਧਾ।
ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥
This mind finds truth, contentment and self-discipline, hearing the Immaculate Word of the Shabad. ||6||
ਉਸ ਨੂੰ (ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਦਾ) ਪਵਿਤ੍ਰ ਸ਼ਬਦ ਸੁਣਾਂਦਾ ਹੈ ਜਿਸ ਨਾਲ ਉਹ ਸੇਵਾ ਕਰਨ ਤੇ ਸੰਤੋਖ ਧਾਰਨ ਵਾਲੀ ਰਹਿਣੀ ਵਾਲਾ ਬਣ ਜਾਂਦਾ ਹੈ ॥੬॥ ਸਤੁ = ਦਾਨ, ਦਇਆ ॥੬॥
ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥
By reading books, one cannot reach Him; by speaking and talking, His limits cannot be found.
ਹਿਸਾਬ ਕਰ ਕੇ (ਪ੍ਰਭੂ ਦੇ ਗੁਣਾਂ ਦੇ ਅਖ਼ੀਰ ਤਕ) ਪਹੁੰਚ ਨਹੀਂ ਸਕੀਦਾ, ਉਸ ਦੇ ਗੁਣ ਗਿਣ ਗਿਣ ਕੇ ਬਿਆਨ ਕਰ ਕਰ ਕੇ ਗੁਣਾਂ ਦੀ ਗਿਣਤੀ ਮੁਕਾ ਨਹੀਂ ਸਕੀਦੀ। ਕਥਿ = ਬਿਆਨ ਕਰ ਕੇ। ਕਹਣੈ = ਆਖਣ ਨਾਲ। ਤੇ = ਤੋਂ।
ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥
Through the Guru, His value is found; through the True Word of the Shabad, understanding is obtained. ||7||
ਉਸ ਪ੍ਰਭੂ ਦੀ ਕਦਰ-ਕੀਮਤਿ ਗੁਰੂ ਪਾਸੋਂ ਮਿਲਦੀ ਹੈ (ਕਿ ਉਹ ਬੇਅੰਤ ਹੈ ਬੇਅੰਤ ਹੈ)। ਗੁਰੂ ਆਪਣੇ ਸ਼ਬਦ ਵਿਚ ਜੋੜਦਾ ਹੈ, ਗੁਰੂ ਸਦਾ-ਥਿਰ ਹਰਿ-ਨਾਮ ਵਿਚ ਜੋੜਦਾ ਹੈ, ਤੇ ਸੂਝ ਬਖ਼ਸ਼ਦਾ ਹੈ ॥੭॥ ਸਚਿ = ਸਦਾ-ਥਿਰ ਹਰੀ ਵਿਚ। ਸਬਦਿ = ਸ਼ਬਦ ਵਿਚ ॥੭॥
ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥
So reform this mind and body, by contemplating the Word of the Guru's Shabad.
ਤੂੰ ਆਪਣੇ ਇਸ ਮਨ ਨੂੰ ਖੋਜ, ਆਪਣੇ ਸਰੀਰ ਨੂੰ ਖੋਜ, ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰ ਕਰ! ਦੇਹੀ = ਸਰੀਰ। ਸੋਧਿ = ਭਾਲ ਕਰ, ਪਰਖ।
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥
O Nanak, within this body is the treasure of the Naam, the Name of the Lord; it is found through the Love of the Infinite Guru. ||8||10||32||
ਹੇ ਨਾਨਕ! ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਰੀਰ ਦੇ ਵਿਚ ਹੀ ਹੈ। ਗੁਰੂ ਦੀ ਅਪਾਰ ਮੇਹਰ ਨਾਲ ਹੀ ਮਿਲਦਾ ਹੈ ॥੮॥੧੦॥੩੨॥ ਨਿਧਾਨੁ = ਖ਼ਜ਼ਾਨਾ। ਹੇਤਿ = ਪ੍ਰੇਮ ਦੀ ਰਾਹੀਂ। ਹੇਤਿ ਅਪਾਰਿ = ਅਤੁੱਟ ਪ੍ਰੇਮ ਦੀ ਰਾਹੀਂ ॥੮॥੧੦॥੩੨॥