ਗੂਜਰੀ ਮਹਲਾ ੫ ॥
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥
He decides to go to the west, but the Lord leads him away to the east.
ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ। ਮਤਾ = ਸਲਾਹ। ਪਛਮ ਕੈ ਤਾਈ = ਪੱਛਮ ਵਲ ਜਾਣ ਵਾਸਤੇ। ਕੈ ਤਾਈ = ਦੇ ਵਾਸਤੇ।
ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥੧॥
In an instant, He establishes and disestablishes; He holds all matters in His hands. ||1||
ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ ॥੧॥ ਥਾਪਿ = ਸਾਜ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਹਾਥਿ = ਹੱਥ ਵਿਚ। ਮਤਾਤ = ਮਤਾਂਤ, ਸਲਾਹਾਂ ਦਾ ਅੰਤ, ਫ਼ੈਸਲਾ ॥੧॥
ਸਿਆਨਪ ਕਾਹੂ ਕਾਮਿ ਨ ਆਤ ॥
Cleverness is of no use at all.
(ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਕਾਹੂ ਕਾਮਿ = ਕਿਸੇ ਕੰਮ ਵਿਚ।
ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥੧॥ ਰਹਾਉ ॥
Whatever my Lord and Master deems to be right - that alone comes to pass. ||1||Pause||
ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ॥੧॥ ਰਹਾਉ ॥ ਅਨਰੂਪਿਓ = ਮਿਥ ਲਈ, ਠਾਠ ਲਈ। ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਹੋਇ ਰਹੀ = ਹੋ ਕੇ ਰਹਿੰਦੀ ਹੈ, ਜ਼ਰੂਰ ਹੁੰਦੀ ਹੈ ॥੧॥ ਰਹਾਉ ॥
ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥
In his desire to acquire land and accumulate wealth, one's breath escapes him.
(ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ, ਮਨਸਾ = ਕਾਮਨਾ, ਇੱਛਾ। ਬੀਚੇ = ਵਿੱਚੇ ਹੀ। ਨਿਕਸੇ = ਨਿਕਲ ਜਾਂਦੇ ਹਨ। ਸਾਸ = ਸਾਹ।
ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ ॥੨॥
He must leave all his armies, assistants and servants; rising up, he departs to the City of Death. ||2||
ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ) ॥੨॥ ਲਸਕਰ = ਫ਼ੌਜਾਂ। ਨੇਬ = ਨਾਇਬ, ਅਹਿਲਕਾਰ। ਖਵਾਸ = ਚੋਬ-ਦਾਰ। ਤਿਆਗੇ = ਤਿਆਗਿ, ਛੱਡ ਕੇ। ਜਮ ਪੁਰਿ = ਪਰਲੋਕ ਵਿਚ ॥੨॥
ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥
Believing himself to be unique, he clings to his stubborn mind, and shows himself off.
(ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ। ਅਨੰਨਿ = {अनन्य} ਜਿਸ ਨੇ ਹੋਰ ਪਾਸੇ ਛੱਡ ਦਿੱਤੇ ਹਨ। (ਮਾਇਆ ਵਾਲਾ ਪਾਸਾ ਛੱਡ ਕੇ=ਹੋਇ ਅਨੰਨਿ)। ਦ੍ਰਿੜਤਾ = ਪਕਿਆਈ। ਆਪਸ ਕਉ = ਆਪਣੇ ਆਪ ਨੂੰ। ਜਾਨਾਤ = (ਵੱਡਾ) ਜਣਾਉਂਦਾ ਹੈ।
ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥੩॥
That food, which the blameless people have condemned and discarded, he eats again and again. ||3||
ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ ॥੩॥ ਅਨਿੰਦੁ = ਨਾਹ ਨਿੰਦਣ-ਯੋਗ ॥੩॥
ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ ॥
One, unto whom the Lord shows His natural mercy, has the noose of Death cut away from him.
(ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ। ਸਹਜ = {सह जायते इति सहज} ਆਪਣਾ ਨਿੱਜੀ। ਸੁਭਾਇ = ਪ੍ਰੇਮ ਅਨੁਸਾਰ। ਸਹਜ ਸੁਭਾਇ = ਆਪਣੇ ਨਿੱਜੀ ਪ੍ਰੇਮ ਅਨੁਸਾਰ, ਆਪਣੇ ਸੁਭਾਵਿਕ ਪ੍ਰੇਮ ਨਾਲ।
ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥੪॥੪॥੫॥
Says Nanak, one who meets the Perfect Guru, is celebrated as a householder as well as a renunciate. ||4||4||5||
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੪॥੫॥ ਭੇਟਿਆ = ਮਿਲਿਆ ॥੪॥੪॥੫॥