ਆਸਾ ਮਹਲਾ ੧ ॥
Aasaa, First Mehl:
ਰਾਗ ਆਸਾ ਪਹਿਲੀ ਪਾਤਿਸ਼ਾਹੀ।
ਤਾਲ ਮਦੀਰੇ ਘਟ ਕੇ ਘਾਟ ॥
The urges of the heart are like cymbals and ankle-bells;
(ਮਨੁੱਖ ਦੇ) ਮਨ ਦੇ ਸੰਕਲਪ ਵਿਕਲਪ (ਮਾਨੋ) ਛੈਣੇ ਤੇ ਪੈਰਾਂ ਦੇ ਘੁੰਘਰੂ ਹਨ, ਤਾਲ = ਛੈਣੇ। ਮਦੀਰੇ = ਘੁੰਘਰੂ, ਝਾਂਝਰਾਂ। ਘਟ = ਹਿਰਦਾ। ਘਾਟ = ਰਸਤਾ। ਘਟ ਕੇ ਘਾਟ = ਮਨ ਦੇ ਰਸਤੇ, ਸੰਕਲਪ ਵਿਕਲਪ।
ਦੋਲਕ ਦੁਨੀਆ ਵਾਜਹਿ ਵਾਜ ॥
the drum of the world resounds with the beat.
ਦੁਨੀਆ ਦਾ ਮੋਹ ਢੋਲਕੀ ਹੈ-ਇਹ ਵਾਜੇ ਵੱਜ ਰਹੇ ਹਨ, ਦੋਲਕ = ਢੋਲਕੀ। ਦੁਨੀਆ = ਦੁਨੀਆ ਦਾ ਮੋਹ। ਵਾਜਹਿ = ਵੱਜ ਰਹੇ ਹਨ। ਵਾਜ = ਵਾਜੇ, ਸਾਜ। ਨਾਰਦੁ = ਮਨ।
ਨਾਰਦੁ ਨਾਚੈ ਕਲਿ ਕਾ ਭਾਉ ॥
Naarad dances to the tune of the Dark Age of Kali Yuga;
ਤੇ (ਪ੍ਰਭੂ ਦੇ ਨਾਮ ਤੋਂ ਸੁੰਞਾ) ਮਨ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ। (ਇਸ ਨੂੰ ਕਹੀਦਾ ਹੈ) ਕਲਿਜੁਗ ਦਾ ਪ੍ਰਭਾਵ। ਕਲਿ = ਕਲਿਜੁਗ। ਭਾਉ = ਪ੍ਰਭਾਉ।
ਜਤੀ ਸਤੀ ਕਹ ਰਾਖਹਿ ਪਾਉ ॥੧॥
where can the celibates and the men of truth place their feet? ||1||
ਜਤ ਸਤ ਨੂੰ ਸੰਸਾਰ ਵਿਚ ਕਿਤੇ ਥਾਂ ਨਹੀਂ ਰਿਹਾ ॥੧॥ ਕਹ = ਕਿਥੇ? ਪਾਉ = ਪੈਰ। ਜਤੀ...ਪਾਉ = ਜਤੀ ਸਤੀ ਕਿਥੇ ਪੈਰ ਰੱਖਣ? ਜਤ ਸਤ ਨੂੰ ਸੰਸਾਰ ਵਿਚ ਥਾਂ ਨਹੀਂ ਰਿਹਾ ॥੧॥
ਨਾਨਕ ਨਾਮ ਵਿਟਹੁ ਕੁਰਬਾਣੁ ॥
Nanak is a sacrifice to the Naam, the Name of the Lord.
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਸਦਕੇ ਹੋ। ਨਾਨਕ = ਹੇ ਨਾਨਕ! ਵਿਟਹੁ = ਤੋਂ।
ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥
The world is blind; our Lord and Master is All-seeing. ||1||Pause||
(ਨਾਮ ਤੋਂ ਬਿਨਾ) ਦੁਨੀਆ (ਮਾਇਆ ਵਿਚ) ਅੰਨ੍ਹੀ ਹੋ ਰਹੀ ਹੈ, ਇਕ ਮਾਲਕ ਪ੍ਰਭੂ ਆਪ ਹੀ ਸੁਜਾਖਾ ਹੈ (ਉਸ ਦੀ ਸਰਨ ਪਿਆਂ ਹੀ ਜ਼ਿੰਦਗੀ ਦਾ ਸਹੀ ਰਸਤਾ ਦਿੱਸ ਸਕਦਾ ਹੈ) ॥੧॥ ਰਹਾਉ ॥ ਅੰਧੀ = ਅੰਨ੍ਹੀ। ਜਾਣੁ = ਸੁਜਾਣ, ਸੁਜਾਖਾ ॥੧॥ ਰਹਾਉ ॥
ਗੁਰੂ ਪਾਸਹੁ ਫਿਰਿ ਚੇਲਾ ਖਾਇ ॥
The disciple feeds on the Guru;
(ਚੇਲੇ ਨੇ ਗੁਰੂ ਦੀ ਸੇਵਾ ਕਰਨੀ ਹੁੰਦੀ ਹੈ, ਹੁਣ) ਸਗੋਂ ਚੇਲਾ ਹੀ ਗੁਰੂ ਤੋਂ ਉਦਰ-ਪੂਰਨਾ ਕਰਦਾ ਹੈ, ਪਾਸਹੁ = ਤੋਂ। ਫਿਰਿ = ਉਲਟਾ, ਸਗੋਂ। ਖਾਇ = ਖਾਂਦਾ ਹੈ।
ਤਾਮਿ ਪਰੀਤਿ ਵਸੈ ਘਰਿ ਆਇ ॥
out of love for bread, he comes to dwell in his home.
ਰੋਟੀ ਦੀ ਖ਼ਾਤਰ ਹੀ ਚੇਲਾ ਆ ਬਣਦਾ ਹੈ। ਤਾਮਿ = ਤੁਆਮ, ਰੋਟੀ। ਘਰਿ = ਘਰ ਵਿਚ, ਗੁਰੂ ਦੇ ਘਰ ਵਿਚ। ਵਸੈ ਘਰਿ ਆਇ = (ਗੁਰੂ ਦੇ) ਘਰ ਵਿਚ ਆ ਵੱਸਦਾ ਹੈ, ਗੁਰੂ ਦਾ ਚੇਲਾ ਆ ਬਣਦਾ ਹੈ।
ਜੇ ਸਉ ਵਰ੍ਹਿਆ ਜੀਵਣ ਖਾਣੁ ॥
If one were to live and eat for hundreds of years,
(ਇਸ ਹਾਲਤ ਵਿਚ) ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ (ਤਾਂ ਭੀ ਇਹ ਉਮਰ ਵਿਅਰਥ ਹੀ ਸਮਝੋ)।
ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥
that day alone would be auspicious, when he recognizes his Lord and Master. ||2||
(ਜ਼ਿੰਦਗੀ ਦਾ ਸਿਰਫ਼) ਉਹੀ ਦਿਨ ਭਾਗਾਂ ਵਾਲਾ ਹੈ ਜਦੋਂ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਸਾਂਝ ਪਾਂਦਾ ਹੈ ॥੨॥ ਪਰਵਾਣੁ = ਕਬੂਲ, ਭਾਗਾਂ ਵਾਲਾ ॥੨॥
ਦਰਸਨਿ ਦੇਖਿਐ ਦਇਆ ਨ ਹੋਇ ॥
Beholding the sight of the petitioner, compassion is not aroused.
ਮਨੁੱਖ ਇਕ ਦੂਜੇ ਨੂੰ ਵੇਖ ਕੇ (ਆਪਣਾ ਭਰਾ ਜਾਣ ਕੇ ਆਪੋ ਵਿਚ) ਪਿਆਰ ਦਾ ਜਜ਼ਬਾ ਨਹੀਂ ਵਰਤ ਰਹੇ। (ਕਿਉਂਕਿ ਸੰਬੰਧ ਹੀ ਮਾਇਆ ਦਾ ਬਣ ਰਿਹਾ ਹੈ), ਦਰਸਨਿ = ਦਰਸਨ ਦੀ ਰਾਹੀਂ। ਦਰਸਨਿ ਦੇਖਿਐ = ਦਰਸਨ ਕਰਨ ਨਾਲ, ਇਕ ਦੂਜੇ ਨੂੰ ਵੇਖ ਕੇ।
ਲਏ ਦਿਤੇ ਵਿਣੁ ਰਹੈ ਨ ਕੋਇ ॥
No one lives without give and take.
ਰਿਸ਼ਵਤ ਲੈਣ ਦੇਣ ਤੋਂ ਬਿਨਾ ਨਹੀਂ ਰਹਿੰਦਾ। ਲਏ ਦਿਤੇ ਵਿਣੁ = ਮਾਇਆ ਲੈਣ ਦੇਣ ਤੋਂ ਬਿਨਾ, ਰਿਸ਼ਵਤ ਤੋਂ ਬਿਨਾ।
ਰਾਜਾ ਨਿਆਉ ਕਰੇ ਹਥਿ ਹੋਇ ॥
The king administers justice only if his palm is greased.
(ਇਥੋਂ ਤਕ ਕਿ) ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ। ਨਿਆਉ = ਇਨਸਾਫ਼। ਹਥਿ ਹੋਇ = ਹੱਥ ਵਿਚ ਹੋਵੇ, ਕੁਝ ਦੇਣ ਨੂੰ ਪੱਲੇ ਹੋਵੇ।
ਕਹੈ ਖੁਦਾਇ ਨ ਮਾਨੈ ਕੋਇ ॥੩॥
No one is moved by the Name of God. ||3||
ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥ ਕਹੈ ਖੁਦਾਇ = ਜੇ ਕੋਈ ਰੱਬ ਦਾ ਵਾਸਤਾ ਪਾਏ ॥੩॥
ਮਾਣਸ ਮੂਰਤਿ ਨਾਨਕੁ ਨਾਮੁ ॥
O Nanak, they are human beings in form and name only;
ਨਾਨਕ (ਆਖਦਾ ਹੈ-ਵੇਖਣ ਨੂੰ ਹੀ) ਮਨੁੱਖ ਦੀ ਸ਼ਕਲ ਹੈ, ਨਾਮ-ਮਾਤ੍ਰ ਹੀ ਮਨੁੱਖ ਹੈ, ਮਾਣਸ ਮੂਰਤਿ = ਮਨੁੱਖ ਦੀ ਸ਼ਕਲ ਹੈ। ਨਾਨਕੁ = ਨਾਨਕ (ਆਖਦਾ ਹੈ)। ਨਾਮੁ = ਨਾਮ-ਮਾਤ੍ਰ।
ਕਰਣੀ ਕੁਤਾ ਦਰਿ ਫੁਰਮਾਨੁ ॥
by their deeds they are dogs - this is the Command of the Lord's Court.
ਪਰ ਆਚਰਨ ਵਿਚ ਮਨੁੱਖ (ਉਹ) ਕੁੱਤਾ ਹੈ ਜੋ (ਮਾਲਕ ਦੇ) ਦਰ ਤੇ (ਰੋਟੀ ਦੀ ਖ਼ਾਤਰ) ਹੁਕਮ (ਮੰਨ ਰਿਹਾ ਹੈ)। ਕਰਣੀ = ਕਰਣੀ ਵਿਚ, ਆਚਰਨ ਵਿਚ। ਦਰਿ = (ਮਾਲਕ ਦੇ) ਦਰ ਤੇ। ਫੁਰਮਾਨੁ = ਹੁਕਮ।
ਗੁਰ ਪਰਸਾਦਿ ਜਾਣੈ ਮਿਹਮਾਨੁ ॥
By Guru's Grace, if one sees himself as a guest in this world,
ਜੇ ਗੁਰੂ ਦੀ ਮਿਹਰ ਨਾਲ (ਸੰਸਾਰ ਵਿਚ ਆਪਣੇ ਆਪ ਨੂੰ) ਪਰਾਹੁਣਾ ਸਮਝੇ (ਤੇ ਮਾਇਆ ਨਾਲ ਇਤਨੀ ਪਕੜ ਨਾਹ ਰੱਖੇ,
ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥
then he gains honor in the Court of the Lord. ||4||4||
ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਤਦੋਂ ਹੀ ਕੁਝ ਇੱਜ਼ਤ-ਮਾਣ ਲੈ ਸਕਦਾ ਹੈ ॥੪॥੪॥