ਸੂਹੀ ਮਹਲਾ ੧ ॥
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥
That vessel alone is pure, which is pleasing to Him.
ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ। ਭਾਂਡਾ = ਹਿਰਦਾ। ਹਛਾ = ਪਵਿਤ੍ਰ। ਤਿਸੁ = ਉਸ (ਪਰਮਾਤਮਾ) ਨੂੰ। ਭਾਵਸੀ = ਚੰਗਾ ਲੱਗੇ।
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥
The filthiest vessel does not become pure, simply by being washed.
ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ। ਧੋਤਾ = ਬਾਹਰੋਂ ਸਾਫ਼ ਕੀਤਿਆਂ, ਤੀਰਥ ਆਦਿਕ ਦੇ ਇਸ਼ਨਾਨ ਨਾਲ।
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥
Through the Gurdwara, the Guru's Gate, one obtains understanding.
ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ। ਦੁਆਰੈ = ਦਰ ਤੇ। ਹੋਇ = ਹੋ ਕੇ, ਮੰਗਤਾ ਬਣ ਕੇ। ਸੋਝੀ = (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ। ਪਾਇਸੀ = ਪ੍ਰਾਪਤ ਕਰਦਾ ਹੈ।
ਏਤੁ ਦੁਆਰੈ ਧੋਇ ਹਛਾ ਹੋਇਸੀ ॥
By being washed through this Gate, it becomes pure.
ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ। ਏਤੁ ਦੁਆਰੈ = ਇਸ ਦਰ ਤੇ, ਗੁਰੂ ਦੇ ਦਰ ਤੇ। ਧੋਇ = ਧੋ ਕੇ, ਸੁੱਧ ਕੀਤਿਆਂ।
ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥
The Lord Himself sets the standards to differentiate between the dirty and the pure.
(ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ। ਵੀਚਾਰੁ = ਸਮਝ। ਆਪਿ = ਪ੍ਰਭੂ ਆਪ। ਵਰਤਾਇਸੀ = ਦੇਂਦਾ ਹੈ।
ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥
Do not think that you will automatically find a place of rest hereafter.
(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ। ਮਤੁ ਕੋ ਜਾਣੈ = ਕੋਈ ਮਨੁੱਖ ਇਹ ਨਾਹ ਸਮਝੇ। ਜਾਇ = (ਇਥੋਂ ਜਗਤ ਤੋਂ) ਜਾ ਕੇ। ਅਗੈ = ਪਰਲੋਕ ਵਿਚ।
ਜੇਹੇ ਕਰਮ ਕਮਾਇ ਤੇਹਾ ਹੋਇਸੀ ॥
According to the actions one has committed, so does the mortal become.
(ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ।
ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥
He Himself bestows the Ambrosial Name of the Lord.
(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥
Such a mortal departs with honor and renown; his life is embellished and redeemed, and the trumpets resound with his glory.
(ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ। ਪਤਿ ਸਿਉ = ਇੱਜ਼ਤ ਨਾਲ। ਵਾਇਸੀ = ਵਜਾਏਗਾ।
ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥
Why speak of poor mortals? His glory shall echo throughout the three worlds.
ਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ। ਤਿਹੁ ਲੋਕ = ਤਿੰਨਾਂ ਹੀ ਲੋਕਾਂ ਵਿਚ।
ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥
O Nanak, he himself shall be enraptured, and he shall save his entire ancestry. ||1||4||6||
ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ) ॥੧॥੪॥੬॥ ਨਿਹਾਲ = ਪ੍ਰਸੰਨ-ਚਿੱਤ। ਸਭਿ = ਸਾਰੇ ॥੧॥੪॥੬॥