ਸੂਹੀ ਮਹਲਾ ੧ ॥
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
The Yogi practices yoga, and the pleasure-seeker practices eating.
ਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ), ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ। ਜੋਗਵੈ = ਜੋਗ ਕਮਾਂਦਾ ਹੈ। ਭੋਗੀ = ਮਾਇਕ ਪਦਾਰਥਾਂ ਨੂੰ ਭੋਗਣ ਵਾਲਾ, ਗ੍ਰਿਹਸਤੀ। ਖਾਇ = ਖਾਂਦਾ ਹੈ, ਭੋਗਾਂ ਵਿਚ ਮਸਤ ਹੈ।
ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥
The austere practice austerities, bathing and rubbing themselves at sacred shrines of pilgrimage. ||1||
ਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ ॥੧॥ ਤੀਰਥਿ = ਤੀਰਥ ਉਤੇ। ਮਲਿ = ਮਲ ਕੇ। ਨਾਇ = ਇਸ਼ਨਾਨ ਕਰਦਾ ਹੈ ॥੧॥
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥
Let me hear some news of You, O Beloved; if only someone would come and sit with me, and tell me. ||1||Pause||
(ਪਰ) ਹੇ ਪਿਆਰੇ (ਪ੍ਰਭੂ)! ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ ॥੧॥ ਰਹਾਉ ॥ ਸਦੜਾ = ਸੋਹਣਾ ਸੱਦ, ਸੋਹਣਾ ਸ਼ਬਦ। ਸੁਣੀਜੈ = ਸੁਣਨਾ ਚਾਹੁੰਦਾ ਹਾਂ। ਭਾਈ = ਹੇ ਪਿਆਰੇ! ਕੋ = ਕੋਈ ਮਨੁੱਖ। ਬਹੈ = (ਮੇਰੇ ਕੋਲ) ਬੈਠ ਜਾਏ। ਅਲਾਇ = ਅਲਾਪ ਕਰੇ, ਸੁਣਾਏ ॥੧॥ ਰਹਾਉ ॥
ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥
As one plants, so does he harvest; whatever he earns, he eats.
(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ)। ਲੁਣੇ = ਵੱਢਦਾ ਹੈ। ਜੋ = ਜੋ ਕੁਝ। ਸ = ਉਹੀ ਖੱਟੀ {ਨੋਟ: ਲਫ਼ਜ਼ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਪਾਠ 'ਸੋ' ਹੈ, ਇਥੇ 'ਸੁ' ਪੜ੍ਹਨਾ ਹੈ}। ਖਾਇ = ਖਾਂਦਾ ਹੈ, ਫਲ ਭੋਗਦਾ ਹੈ।
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥
In the world hereafter, his account is not called for, if he goes with the insignia of the Lord. ||2||
ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ ॥੨॥ ਨ ਹੋਵਈ = ਨ ਹੋਵਏ, ਨ ਹੋਵੈ, ਨਹੀਂ ਹੁੰਦੀ। ਸਣੁ = ਸਮੇਤ। ਨੀਸਾਣੁ = ਪਰਵਾਨਾ, ਰਾਹਦਾਰੀ, ਨਾਮ। ਸਣੁ ਨੀਸਾਣੈ = ਸਿਫ਼ਤਿ-ਸਾਲਾਹ ਦੇ ਪਰਵਾਨੇ ਸਮੇਤ ॥੨॥
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥
According to the actions the mortal commits, so is he proclaimed.
ਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ। ਭਗਤ ਉਹੀ ਜੋ ਭਗਤੀ ਕਰਦਾ ਹੈ। ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ)। ਕਾਢੀਐ = ਕਿਹਾ ਜਾਂਦਾ ਹੈ।
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥
And that breath which is drawn without thinking of the Lord, that breath goes in vain. ||3||
(ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ ॥੩॥ ਚਿਤਿ = ਚਿੱਤ ਵਿਚ। ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ। ਬਿਰਥਾ = ਵਿਅਰਥ ॥੩॥
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
I would sell this body, if someone would only purchase it.
(ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ। ਵੇਚੀ = ਮੈਂ ਵੇਚਦਾ ਹਾਂ, ਵੇਚਣ ਨੂੰ ਤਿਆਰ ਹਾਂ। ਬੈ ਕਰੀ = ਕੀਮਤ ਲੈ ਕੇ ਦੇਣ ਨੂੰ ਤਿਆਰ ਹਾਂ। ਵਿਕਾਇ = ਕੀਮਤ ਦੇ ਕੇ।
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
O Nanak, that body is of no use at all, if it does not enshrine the Name of the True Lord. ||4||5||7||
ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ ॥੪॥੫॥੭॥ ਜਿਤੁ = ਜਿਸ ਵਿਚ। ਜਿਤੁ ਤਨਿ = ਜਿਸ ਸਰੀਰ ਵਿਚ ॥੪॥੫॥੭॥