ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥

By listening, how can the blind find the path?

ਅੰਨ੍ਹਾ ਮਨੁੱਖ (ਨਿਰਾ) ਸੁਣ ਕੇ ਕਿਵੇਂ ਰਾਹ ਲੱਭ ਲਏ? ਸੁਨਿ = ਸੁਣ ਕੇ। ਮਾਰਗੁ = ਰਸਤਾ। ਪਾਵੈ = ਲੱਭ ਲਏ।

ਕਰੁ ਗਹਿ ਲੇਹੁ ਓੜਿ ਨਿਬਹਾਵੈ ॥

Take hold of his hand, and then he can reach his destination.

(ਹੇ ਪ੍ਰਭੂ! ਆਪ ਇਸ ਦਾ) ਹੱਥ ਫੜ ਲਵੋ (ਤਾਕਿ ਇਹ) ਅਖ਼ੀਰ ਤਕ (ਪ੍ਰੀਤ) ਨਿਬਾਹ ਸਕੇ। ਕਰੁ = ਹੱਥ। ਗਹਿ ਲੇਹੁ = ਫੜ ਲਵੋ। ਓੜਿ = ਅਖ਼ੀਰ ਤਕ।

ਕਹਾ ਬੁਝਾਰਤਿ ਬੂਝੈ ਡੋਰਾ ॥

How can a riddle be understood by the deaf?

ਬੋਲਾ ਮਨੁੱਖ (ਨਿਰੀ) ਸੈਨਤ ਨੂੰ ਕੀਹ ਸਮਝੇ? ਬੁਝਾਰਤਿ = ਸੈਨਤ। ਡੋਰਾ = ਬੋਲਾ।

ਨਿਸਿ ਕਹੀਐ ਤਉ ਸਮਝੈ ਭੋਰਾ ॥

Say 'night', and he thinks you said 'day'.

(ਸੈਨਤ ਨਾਲ ਜੇ) ਆਖੀਏ (ਇਹ) ਰਾਤ ਹੈ ਤਾਂ ਉਹ ਸਮਝ ਲੈਂਦਾ ਹੈ (ਇਹ) ਦਿਨ (ਹੈ)। ਨਿਸਿ = ਰਾਤ। ਭੋਰਾ = ਦਿਨ।

ਕਹਾ ਬਿਸਨਪਦ ਗਾਵੈ ਗੁੰਗ ॥

How can the mute sing the Songs of the Lord?

ਗੂੰਗਾ ਕਿਵੇਂ ਬਿਸ਼ਨ-ਪਦੇ ਗਾ ਸਕੇ?

ਜਤਨ ਕਰੈ ਤਉ ਭੀ ਸੁਰ ਭੰਗ ॥

He may try, but his voice will fail him.

(ਕਈ) ਜਤਨ (ਭੀ) ਕਰੇ ਤਾਂ ਭੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ। ਭੰਗ = ਟੁੱਟੀ ਹੋਈ।

ਕਹ ਪਿੰਗੁਲ ਪਰਬਤ ਪਰ ਭਵਨ ॥

How can the cripple climb up the mountain?

ਲੂਲ੍ਹਾ ਕਿਥੇ ਪਹਾੜਾਂ ਤੇ ਭਉਂ ਸਕਦਾ ਹੈ? ਪਿੰਗੁਲ = ਲੂਲ੍ਹਾ। ਪਰਭਵਨ = (Skt. प्रभवन) ਭੌਣਾ, ਫਿਰਨਾ।

ਨਹੀ ਹੋਤ ਊਹਾ ਉਸੁ ਗਵਨ ॥

He simply cannot go there.

ਓਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ। ਉਸ = ਉਸ ਦੀ। ਗਵਨ = ਪਹੁੰਚ।

ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥

O Creator, Lord of Mercy - Your humble servant prays;

ਹੇ ਕਰਤਾਰ! ਹੇ ਦਇਆ ਦੇ ਸਾਗਰ! (ਇਹ) ਨਿਮਾਣਾ ਦਾਸ ਬੇਨਤੀ ਕਰਦਾ ਹੈ, ਕਰੁਣਾ = ਤਰਸ। ਕਰੁਣਾ ਮੈ = ਤਰਸਵਾਨ, ਦਇਆ ਕਰਨ ਵਾਲਾ (Note = Skt. मय (ਪੰਜਾਬੀ 'ਮੈ') is an affix used to indicate 'made of, consisting of.' 'full of')। ਦੀਨੁ = ਨਿਮਾਣਾ (ਜੀਵ)।

ਨਾਨਕ ਤੁਮਰੀ ਕਿਰਪਾ ਤਰੈ ॥੬॥

Nanak: by Your Grace, please save me. ||6||

ਹੇ ਨਾਨਕ! (ਇਸ ਹਾਲਤ ਵਿਚ ਕੇਵਲ ਅਰਦਾਸ ਕਰ ਤੇ ਆਖ) ਤੇਰੀ ਮੇਹਰ ਨਾਲ (ਹੀ) ਤਰ ਸਕਦਾ ਹੈ ॥੬॥