ਆਸਾ ਘਰੁ ੯ ਮਹਲਾ ੫ ॥
Aasaa, Ninth House, Fifth Mehl:
ਰਾਗ ਆਸਾ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥
Contemplating Him within my consciousness, I obtain total peace; but hereafter, will I be pleasing to Him or not?
ਮੈਂ (ਸਦਾ) ਚਾਹੁੰਦਾ (ਤਾਂ ਇਹ) ਹਾਂ ਕਿ ਪਰਮਾਤਮਾ ਦਾ ਸਿਮਰਨ ਕਰ ਕੇ (ਉਸ ਪਾਸੋਂ) ਮੈਂ ਸਾਰੇ ਸੁਖ ਹਾਸਲ ਕਰਾਂ (ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਘ ਕਰ ਕੇ) ਮੈਂ ਪ੍ਰਭੂ ਦੀ ਹਜ਼ੂਰੀ ਵਿਚ ਚੰਗਾ ਲੱਗ ਰਿਹਾ ਜਾਂ ਨਹੀਂ। ਚਿਤਵਉ = ਮੈਂ ਚਾਹੁੰਦਾ ਹਾਂ, ਚਿਤਵਉਂ। ਚਿਤਵਿ = ਸਿਮਰ ਕੇ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਭਾਵਉ = ਮੈਂ ਪਸੰਦ ਹਾਂ, ਭਾਵਉਂ।
ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥
There is only One Giver; all others are beggars. Who else can we turn to? ||1||
(ਕੋਈ ਸੁਖ ਆਦਿਕ ਮੰਗਣ ਵਾਸਤੇ) ਮੈਂ ਕਿਸੇ ਹੋਰ ਪਾਸ ਜਾ ਭੀ ਨਹੀਂ ਸਕਦਾ, ਕਿਉਂਕਿ ਦਾਤਾਂ ਦੇਣ ਵਾਲਾ ਸਿਰਫ਼ ਇਕ ਪਰਮਾਤਮਾ ਹੈ ਤੇ ਸ੍ਰਿਸ਼ਟੀ (ਉਸ ਦੇ ਦਰ ਤੋਂ) ਮੰਗਣ ਵਾਲੀ ਹੈ ॥੧॥ ਸਗਲ = ਸਾਰੀ ਸ੍ਰਿਸ਼ਟੀ। ਜਾਚਿਕ = ਮੰਗਣ ਵਾਲੀ। ਕੈ ਪਹਿ = ਕਿਸ ਦੇ ਪਾਸ? ॥੧॥
ਹਉ ਮਾਗਉ ਆਨ ਲਜਾਵਉ ॥
When I beg from others, I am ashamed.
ਜਦੋਂ ਮੈਂ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮਾਂਦਾ ਹਾਂ, ਹਉ = ਮੈਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਆਨ = {अन्य} ਕੋਈ ਹੋਰ। ਲਜਾਵਉ = ਲਜਾਵਉਂ, ਮੈਂ ਸ਼ਰਮਾਂਦਾ ਹਾਂ।
ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥
The One Lord Master is the Supreme King of all; who else is equal to Him? ||1||Pause||
(ਕਿਉਂਕਿ) ਇਕ ਮਾਲਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ, ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖ਼ਿਆਲ ਨਹੀਂ ਕਰ ਸਕਦਾ ॥੧॥ ਰਹਾਉ ॥ ਛਤ੍ਰਪਤਿ = ਰਾਜਾ। ਠਾਕੁਰੁ = ਮਾਲਕ-ਪ੍ਰਭੂ। ਸਮਸਰਿ = ਬਰਾਬਰ। ਲਾਵਉ = ਲਾਵਉਂ, ਮੈਂ ਗਿਣਾਂ, ਮੈਂ ਮਿਥਾਂ ॥੧॥ ਰਹਾਉ ॥
ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥
Standing up and sitting down, I cannot live without Him. I search and search for the Blessed Vision of His Darshan.
(ਪਰਮਾਤਮਾ ਦਾ ਦਰਸ਼ਨ ਕਰਨ ਲਈ) ਮੈਂ ਉੱਠਦਾ ਹਾਂ (ਹੰਭਲਾ ਮਾਰਦਾ ਹਾਂ, ਫਿਰ) ਬਹਿ ਜਾਂਦਾ ਹਾਂ, (ਪਰ ਦਰਸ਼ਨ ਕਰਨ ਤੋਂ ਬਿਨਾ) ਰਹਿ ਭੀ ਨਹੀਂ ਸਕਦਾ, ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਹਾਂ। ਬੈਸਉ = ਬੈਸਉਂ, ਮੈਂ ਬਹਿ ਜਾਂਦਾ ਹਾਂ। ਖੋਜਿ = ਖੋਜ ਕੇ।
ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨੑ ਕਉ ਮਹਲੁ ਦੁਲਭਾਵਉ ॥੨॥
Even Brahma and the sages Sanak, Sanandan, Sanaatan and Sanat Kumar, find it difficult to obtain the Mansion of the Lord's Presence. ||2||
(ਮੈਂ ਕਿਸ ਦਾ ਵਿਚਾਰਾ ਹਾਂ?) ਪਰਮਾਤਮਾ ਦਾ ਟਿਕਾਣਾ ਤਾਂ ਉਹਨਾਂ ਵਾਸਤੇ ਭੀ ਦੁਰਲੱਭ ਹੀ ਰਿਹਾ ਜੋ ਬ੍ਰਹਮਾ ਵਰਗੇ (ਵੱਡੇ ਵੱਡੇ ਦੇਵਤਾ ਮੰਨੇ ਗਏ) ਜੋ ਸਨਕ ਵਰਗੇ-ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਬ੍ਰਹਮਾ ਦੇ ਪੁੱਤਰ ਅਖਵਾਏ) ॥੨॥ ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ = ਇਹ ਚਾਰੇ ਬ੍ਰਹਮਾ ਦੇ ਪੁੱਤਰ ਹਨ। ਮਹਲੁ = ਪਰਮਾਤਮਾ ਦਾ ਟਿਕਾਣਾ। ਦੁਲਭਾਵਉ = ਦੁਲੱਭ, ਦੁਰਲੱਭ ॥੨॥
ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥
He is unapproachable and unfathomable; His wisdom is deep and profound; His value cannot be appraised.
ਪਰਮਾਤਮਾ ਅਪਹੁੰਚ ਹੈ, ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਉਹ ਇਕ ਅਥਾਹ ਸਮੁੰਦਰ ਹੈ ਜਿਸ ਦੀ ਡੂੰਘਾਈ ਦੀ ਸੂਝ ਨਹੀਂ ਪੈ ਸਕਦੀ, ਉਸ ਦੀ ਕੀਮਤ ਨਹੀਂ ਪੈ ਸਕਦੀ, ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ। ਅਗਮ = ਅਪਹੁੰਚ। ਅਗਾਧਿ = ਅਥਾਹ। ਬੋਧ = ਸੂਝ। ਪਰੈ ਨ = ਨਹੀਂ ਪੈ ਸਕਦੀ। ਨ ਪਾਵਉ = ਮੈਂ ਪਾ ਨਹੀਂ ਸਕਦਾ।
ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥
I have taken to the Sanctuary of the True Lord, the Primal Being, and I meditate on the True Guru. ||3||
(ਉਸ ਦੇ ਦਰਸ਼ਨ ਦੀ ਖ਼ਾਤਰ) ਮੈਂ ਗੁਰੂ ਮਹਾਪੁਰਖ ਦੀ ਸਰਨ ਤੱਕੀ ਹੈ, ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ ॥੩॥ ਤਾਕੀ = ਤੱਕੀ। ਧਿਆਵਉ = ਮੈਂ ਧਿਆਨ ਧਰਦਾ ਹਾਂ ॥੩॥
ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥
God, the Lord Master, has become kind and compassionate; He has cut the noose of death away from my neck.
ਜਿਸ ਮਨੁੱਖ ਉਤੇ ਠਾਕੁਰ-ਪ੍ਰਭੂ ਦਇਆਵਾਨ ਹੁੰਦਾ ਹੈ ਉਸ ਦੇ ਗਲੋਂ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ। ਗਰਾਵਉ = ਗਲੇ ਤੋਂ।
ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥
Says Nanak, now that I have obtained the Saadh Sangat, the Company of the Holy, I shall not have to be reincarnated again. ||4||1||121||
ਨਾਨਕ ਆਖਦਾ ਹੈ- ਜੇ ਮੈਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਏ, ਤਦੋਂ ਹੀ ਮੈਂ ਮੁੜ ਮੁੜ ਜਨਮ ਵਿਚ ਨਹੀਂ ਆਵਾਂਗਾ (ਜਨਮਾਂ ਦੇ ਗੇੜ ਤੋਂ ਬਚ ਸਕਾਂਗਾ) ॥੪॥੧॥੧੨੧॥ ਜਉ = ਜਦੋਂ। ਨ ਆਵਉ = ਆਵਉਂ, ਮੈਂ ਨਹੀਂ ਆਉਂਦਾ ॥੪॥੧॥੧੨੧॥