ਆਸਾ ਮਹਲਾ ੫ ॥
Aasaa, Fifth Mehl:
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥
Inwardly, I sing His Praises, and outwardly, I sing His Praises; I sing His Praises while awake and asleep.
ਹੁਣ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਂਦਾ ਹਾਂ, ਬਾਹਰ ਦੁਨੀਆ ਨਾਲ ਵਰਤਨ-ਵਿਹਾਰ ਕਰਦਾ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਰੱਖਦਾ ਹਾਂ, ਸੌਣ ਵੇਲੇ ਭੀ ਤੇ ਜਾਗ ਕੇ ਭੀ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ।੧। ਗਾਵਉ = ਮੈਂ ਗਾਂਦਾ ਹਾਂ। ਜਾਗਿ = ਜਾਗ ਕੇ। ਸਵਾਰੀ = ਸੌਣ ਵੇਲੇ।
ਸੰਗਿ ਚਲਨ ਕਉ ਤੋਸਾ ਦੀਨੑਾ ਗੋਬਿੰਦ ਨਾਮ ਕੇ ਬਿਉਹਾਰੀ ॥੧॥
I am a trader in the Name of the Lord of the Universe; He has given it to me as my supplies, to carry with me. ||1||
ਪਰਮਾਤਮਾ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ (ਪਰਮਾਤਮਾ ਦਾ ਨਾਮ) ਸਫ਼ਰ-ਖ਼ਰਚ (ਵਜੋਂ) ਦਿੱਤਾ ਹੈ ॥੧॥ ਸੰਗਿ = ਨਾਲ। ਕਉ = ਵਾਸਤੇ। ਤੋਸਾ = ਰਾਹ ਦਾ ਖ਼ਰਚ। ਬਿਉਹਾਰੀ = ਵਣਜਾਰੇ ॥੧॥
ਅਵਰ ਬਿਸਾਰੀ ਬਿਸਾਰੀ ॥
I have forgotten and forsaken other things.
(ਪਰਮਾਤਮਾ ਤੋਂ ਬਿਨਾ) ਕੋਈ ਹੋਰ ਓਟ ਮੈਂ ਉੱਕਾ ਹੀ ਭੁਲਾ ਦਿੱਤੀ ਹੈ। ਅਵਰ = ਹੋਰ (ਓਟ)। ਬਿਸਾਰੀ = ਮੈਂ ਭੁਲਾ ਦਿੱਤੀ ਹੈ।
ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥
The Perfect Guru has given me the Gift of the Naam; this alone is my Support. ||1||Pause||
ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਦੇ ਨਾਮ (ਦੀ) ਦਾਤ ਦਿੱਤੀ ਹੈ, ਮੈਂ ਇਸੇ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ ॥੧॥ ਰਹਾਉ ॥ ਗੁਰਿ = ਗੁਰੂ ਨੇ। ਆਧਾਰੀ = ਆਸਰਾ ॥੧॥ ਰਹਾਉ ॥
ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮੑਾਰੀ ॥
I sing His Praises while suffering, and I sing His Praises while I am at peace as well. I contemplate Him while I walk along the Path.
ਹੁਣ ਮੈਂ ਦੁੱਖਾਂ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਸੁਖ ਵਿਚ ਭੀ ਗਾਂਦਾ ਹਾਂ, ਰਸਤੇ ਤੁਰਦਾ ਭੀ (ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿਚ) ਸੰਭਾਲੀ ਰੱਖਦਾ ਹਾਂ।੨। ਦੂਖਨਿ = ਦੁੱਖਾਂ ਵਿਚ। ਸੁਖਿ = ਸੁਖ ਵਿਚ। ਮਾਰਗਿ = ਰਸਤੇ ਤੇ। ਪੰਥਿ = ਰਾਹ ਵਿਚ। ਸਮ੍ਹ੍ਹਾਰੀ = ਮੈਂ (ਹਿਰਦੇ ਵਿਚ) ਸੰਭਾਲਦਾ ਹਾਂ।
ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥੨॥
The Guru has implanted the Naam within my mind, and my thirst has been quenched. ||2||
ਗੁਰੂ ਨੇ ਮੇਰੇ ਮਨ ਵਿਚ ਪ੍ਰਭੂ-ਨਾਮ ਦੀ ਦ੍ਰਿੜ੍ਹਤਾ ਕਰ ਦਿੱਤੀ ਹੈ (ਉਸ ਨਾਮ ਨੇ) ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ॥੨॥ ਦ੍ਰਿੜੁ = ਪੱਕਾ। ਮੋਰੀ = ਮੇਰੀ। ਤਿਸਾ = ਤ੍ਰਿਸ਼ਨਾ ॥੨॥
ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥
I sing His Praises during the day, and I sing His Praises during the night; I sing them with each and every breath.
ਹੁਣ ਮੈਂ ਦਿਨ ਵੇਲੇ ਭੀ ਤੇ ਰਾਤ ਨੂੰ ਭੀ, ਤੇ ਹਰੇਕ ਸੁਆਸ ਦੇ ਨਾਲ ਭੀ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ, ਰੈਨੀ = ਰਾਤ ਵੇਲੇ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਰਸਨਾ = ਜੀਭ।
ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥੩॥
In the Sat Sangat, the True Congregation, this faith is established, that the Lord is with us, in life and in death. ||3||
(ਇਹ ਸਾਰੀ ਬਰਕਤਿ ਸਾਧ ਸੰਗਤਿ ਦੀ ਹੈ) ਸਾਧ ਸੰਗਤਿ ਵਿਚ ਟਿਕਿਆਂ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ ਜਿਊਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ॥੩॥ ਬਿਸਾਸੁ = ਸ਼ਰਧਾ, ਨਿਸ਼ਚਾ। ਸੰਗਾਰੀ = ਸੰਗੀ, ਸਾਥੀ ॥੩॥
ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥
Bless servant Nanak with this gift, O God, that he may obtain, and enshrine in his heart, the dust of the feet of the Saints.
ਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਨ ਦਿਉ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਕਰਾਂ। ਕਉ = ਨੂੰ। ਪ੍ਰਭ = ਹੇ ਪ੍ਰਭੂ! ਪਾਵਉ = ਪਾਵਉਂ, ਮੈਂ ਹਾਸਲ ਕਰਾਂ। ਰੇਨ = ਚਰਨ-ਧੂੜ। ਉਰਿ = ਹਿਰਦੇ ਵਿਚ।
ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥੪॥੨॥੧੨੨॥
Hear the Lord's Sermon with your ears, and behold the Blessed Vision of His Darshan with your eyes; place your forehead upon the Guru's Feet. ||4||2||122||
ਤੇਰੀ ਯਾਦ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ, ਤੇਰੀ ਸਿਫ਼ਤ-ਸਾਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾਂ, ਤੇਰਾ ਦਰਸ਼ਨ ਆਪਣੀਆਂ ਅੱਖਾਂ ਨਾਲ ਕਰਦਾ ਰਹਾਂ, ਤੇ ਆਪਣਾ ਮੱਥਾ ਗੁਰੂ ਦੇ ਚਰਨਾਂ ਉਤੇ ਰੱਖੀ ਰੱਖਾਂ ॥੪॥੨॥੧੨੨॥ ਸ੍ਰਵਨੀ = ਕੰਨਾਂ ਨਾਲ। ਨੈਨ = ਅੱਖਾਂ ਨਾਲ। ਪੇਖਉ = ਪੇਖਉਂ, ਮੈਂ ਵੇਖਾਂ। ਮਸਤਕੁ = ਮੱਥਾ ॥੪॥੨॥੧੨੨॥