ਸਿਰੀਰਾਗੁ ਮਹਲਾ ੧ ॥
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
The virtuous wife exudes virtue; the unvirtuous suffer in misery.
ਜਿਸ ਜੀਵ-ਇਸਤ੍ਰੀ ਨੇ ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਸਾਈ ਹੋਈ ਹੈ ਉਹ ਪ੍ਰਭੂ ਦੇ ਗੁਣਾਂ ਦੀ ਹੀ ਕਥਾ ਵਾਰਤਾ ਕਰਦੀ ਹੈ। ਪਰ ਜਿਸ ਦੇ ਅੰਦਰ (ਮਾਇਆ ਦੇ ਮੋਹ ਦੇ ਕਾਰਨ) ਔਗੁਣ ਹੀ ਔਗੁਣ ਹਨ ਉਹ (ਆਪਣੇ ਹੀ ਔਗੁਣਾਂ ਦੇ ਪ੍ਰਭਾਵ ਹੇਠ) ਸਦਾ ਝੂਰਦੀ ਰਹਿੰਦੀ ਹੈ। ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ। ਵੀਥਰੈ = ਵਿਥਾਰ ਕਰਦੀ ਹੈ, ਕਥਨ ਕਰਦੀ ਹੈ। ਝੂਰਿ = ਝੂਰੇ, ਝੂਰਦੀ ਹੈ।
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
If you long for your Husband Lord, O soul-bride, you must know that He is not met by falsehood.
ਹੇ ਜੀਵ-ਇਸਤ੍ਰੀ! ਜੇ ਤੂੰ ਖਸਮ-ਪ੍ਰਭੂ ਨੂੰ ਮਿਲਣਾ ਚਾਹੁੰਦੀ ਹੈਂ, ਤਾਂ (ਚੇਤੇ ਰੱਖ ਕਿ) ਕੂੜੇ ਮੋਹ ਵਿਚ ਫਸੇ ਰਿਹਾਂ ਪਤੀ-ਪ੍ਰਭੂ ਨੂੰ ਨਹੀਂ ਮਿਲ ਸਕਦੀ। ਵਰੁ = ਖਸਮ-ਪ੍ਰਭੂ। ਕਾਮਣੀ = ਹੇ ਜੀਵ-ਇਸਤ੍ਰੀ! ਨਹ ਮਿਲੀਐ ਪਿਰ = ਪਿਰ ਨੂੰ ਨਹੀਂ ਮਿਲ ਸਕੀਦਾ। ਕੂਰਿ = ਕੂੜ ਦੀ ਰਾਹੀਂ, ਕੂੜੇ ਮੋਹ ਵਿਚ ਪਏ ਰਿਹਾਂ।
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
No boat or raft can take you to Him. Your Husband Lord is far away. ||1||
(ਤੂੰ ਤਾਂ ਮੋਹ ਦੇ ਸਮੁੰਦਰ ਵਿਚ ਗੋਤੇ ਖਾ ਰਹੀ ਹੈਂ) ਤੇਰੇ ਪਾਸ ਨਾਹ ਬੇੜੀ ਹੈ, ਨਾਹ ਤੁਲਹਾ ਹੈ, ਇਸ ਤਰ੍ਹਾਂ ਪਤੀ-ਪ੍ਰਭੂ ਨਹੀਂ ਲੱਭ ਸਕਦਾ, (ਕਿਉਂਕਿ) ਉਹ ਤਾਂ (ਇਸ ਸੰਸਾਰ-ਸਮੁੰਦਰ ਤੋਂ ਪਾਰ ਹੈ,) ਦੂਰ ਹੈ ॥੧॥ ਤੁਲਹੜਾ = ਤੁਲਹਾ, ਕਾਹੀ ਪਿਲਛੀ ਤੇ ਲੱਕੜਾਂ ਦਾ ਬਣਿਆ ਹੋਇਆ ਆਸਰਾ ਜਿਸ ਉਤੇ ਚੜ੍ਹ ਕੇ ਦਰਿਆ-ਕੰਢੇ ਦੇ ਲੋਕ ਦਰਿਆ ਪਾਰ ਕਰ ਲੈਂਦੇ ਹਨ॥੧॥
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
My Lord and Master is Perfect; His Throne is Eternal and Immovable.
ਮੇਰੇ ਪਾਲਣਹਾਰ ਪ੍ਰਭੂ ਦਾ ਅਹਿੱਲ ਟਿਕਾਣਾ ਉਸ ਤਖ਼ਤ ਉੱਤੇ ਹੈ ਜੇਹੜਾ (ਪ੍ਰਭੂ ਵਾਂਗ ਹੀ) ਸੰਪੂਰਨ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੈ)। ਮੇਰੇ ਠਾਕੁਰ ਅਡੋਲੁ = ਮੇਰੇ ਠਾਕੁਰ ਦਾ ਅਹਿੱਲ ਟਿਕਾਣਾ। ਤਖਤਿ = ਤਖ਼ਤ ਉੱਤੇ।
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
One who attains perfection as Gurmukh, obtains the Immeasurable True Lord. ||1||Pause||
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਸ ਦਾ ਤੋਲ-ਮਾਪ ਦੱਸਿਆ ਨਹੀਂ ਜਾ ਸਕਦਾ। ਪੂਰਾ ਗੁਰੂ ਜੇ ਮਿਹਰ ਕਰੇ, ਤਾਂ ਹੀ ਉਹ ਮਿਲ ਸਕਦਾ ਹੈ ॥੧॥ ਰਹਾਉ ॥ ਗੁਰਮੁਖਿ ਪੂਰਾ = ਪੂਰਾ ਗੁਰੂ। ਜੇ ਕਰੇ = ਜੇ ਮਿਹਰ ਕਰੇ॥੧॥ਰਹਾਉ॥
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
The Palace of the Lord God is so beautiful.
ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ। ਤਿਸੁ ਮਹਿ = ਉਸ (ਹਰਿਮੰਦਰ ਵਿਚ)। ਮਾਣਕ = ਮੋਤੀ।
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
Within it, there are gems, rubies, pearls and flawless diamonds. A fortress of gold surrounds this Source of Nectar.
(ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਆਨੰਦ ਦੇਣ ਵਾਲੇ ਕਿਲ੍ਹੇ ਹਨ। ਕੰਚਨ ਕੋਟ = ਸੋਨੇ ਦੇ ਕਿਲ੍ਹੇ। ਰੀਸਾਲ = ਸੁੰਦਰ, ਆਨੰਦ ਦਾ ਘਰ, ਆਨੰਦ ਦੇਣ ਵਾਲੇ।
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
How can I climb up to the Fortress without a ladder? By meditating on the Lord, through the Guru, I am blessed and exalted. ||2||
ਪਰ ਉਸ (ਮੰਦਰ-) ਕਿਲ੍ਹੇ ਉਤੇ ਪਉੜੀ ਤੋਂ ਬਿਨਾ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ, ਤਾਂ ਦਰਸਨ ਹੋ ਜਾਂਦਾ ਹੈ ॥੨॥ ਗੜਿ = ਕਿਲ੍ਹੇ ਉੱਤੇ। ਗੁਰ ਧਿਆਨ = ਗੁਰੂ (ਚਰਨਾਂ) ਦਾ ਧਿਆਨ। ਨਿਹਾਲ = ਵਿਖਾ ਦੇਂਦਾ ਹੈ॥੨॥
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
The Guru is the Ladder, the Guru is the Boat, and the Guru is the Raft to take me to the Lord's Name.
ਉਸ (ਹਰਿ-ਮੰਦਰ-ਕਿਲ੍ਹੇ ਉੱਤੇ ਚੜ੍ਹਨ ਵਾਸਤੇ) ਗੁਰੂ ਪਉੜੀ ਹੈ, (ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਗੁਰੂ ਬੇੜੀ ਹੈ, ਪ੍ਰਭੂ ਦਾ ਨਾਮ (ਦੇਣ ਵਾਲਾ) ਗੁਰੂ ਹੀ ਤੁਲਹਾ ਹੈ।
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
The Guru is the Boat to carry me across the world-ocean; the Guru is the Sacred Shrine of Pilgrimage, the Guru is the Holy River.
ਗੁਰੂ ਸਰੋਵਰ ਹੈ, ਗੁਰੂ ਸਮੁੰਦਰ ਹੈ, ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਹੈ ਤੇ ਦਰੀਆ ਹੈ। ਸਰੁ = ਤਾਲਾਬ। ਸਾਗਰੁ = ਸਮੁੰਦਰ। ਬੋਹਿਥੋ = ਜਹਾਜ਼।
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
If it pleases Him, I bathe in the Pool of Truth, and become radiant and pure. ||3||
ਜੇ ਪ੍ਰਭੂ ਦੀ ਰਜ਼ਾ ਹੋਵੇ, ਤਾਂ (ਗੁਰੂ ਨੂੰ ਮਿਲ ਕੇ) ਮਨੁੱਖ ਦੀ ਮਤਿ ਸ਼ੁੱਧ ਹੋ ਜਾਂਦੀ ਹੈ (ਕਿਉਂਕਿ) ਮਨੁੱਖ ਸਾਧ ਸੰਗਤਿ ਸਰੋਵਰ ਵਿਚ (ਮਾਨਸਕ) ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ ॥੩॥ ਤਿਸੁ ਭਾਵੈ = ਉਸ (ਗੁਰੂ) ਨੂੰ ਚੰਗਾ ਲੱਗੇ। ਊਜਲੀ = ਮਤਿ ਉਜਲੀ (ਹੋ ਜਾਂਦੀ ਹੈ)। ਸਤਸਰਿ = ਸਤਸੰਗ ਸਰੋਵਰ ਵਿਚ। ਨਾਵਣ = ਇਸ਼ਨਾਨ ਕਰਨ ਲਈ, ਮਨ ਧੋਣ ਲਈ॥੩॥
ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
He is called the Most Perfect of the Perfect. He sits upon His Perfect Throne.
ਹਰ ਕੋਈ ਆਖਦਾ ਹੈ ਕਿ ਪਰਮਾਤਮਾ ਵਿਚ ਕੋਈ ਉਕਾਈ ਨਹੀਂ ਹੈ, ਉਸ ਦਾ ਨਿਵਾਸ ਭੀ ਐਸੇ ਤਖ਼ਤ ਉੱਤੇ ਹੈ ਜਿਸ ਵਿਚ ਕੋਈ ਘਾਟ ਨਹੀਂ ਹੈ।
ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
He looks so Beautiful in His Perfect Place. He fulfills the hopes of the hopeless.
ਉਹ ਪੂਰਾ ਪ੍ਰਭੂ ਸੋਹਣੇ ਉਕਾਈ-ਹੀਣ ਥਾਂ ਤੇ ਬੈਠਾ ਹੈ ਤੇ ਟੁੱਟੇ ਦਿਲਾਂ ਵਾਲੇ ਬੰਦਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਥਾਨਿ = ਥਾਂ ਉੱਤੇ। ਪੂਰੈ = ਪੂਰੀ ਕਰਦਾ ਹੈ। ਆਸ ਨਿਰਾਸ = ਨਿਰਾਸਿਆਂ ਦੀ ਆਸ।
ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥
O Nanak, if one obtains the Perfect Lord, how can his virtues decrease? ||4||9||
ਹੇ ਨਾਨਕ! ਉਹ ਪੂਰਨ ਪ੍ਰਭੂ ਜੇ ਮਨੁੱਖ ਨੂੰ ਮਿਲ ਪਏ ਤਾਂ ਉਸ ਦੇ ਗੁਣਾਂ ਵਿਚ ਭੀ ਕਿਵੇਂ ਕੋਈ ਘਾਟ ਆ ਸਕਦੀ ਹੈ? ॥੪॥੯॥ ਕਿਉ ਘਾਟੈ = ਨਹੀਂ ਘਟਦੇ। ਤਾਸ = ਉਸ (ਜੀਵ) ਦੇ॥੪॥