ਸਿਰੀਰਾਗੁ ਮਹਲਾ ੧ ॥
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
With the body of saffron, and the tongue a jewel, and the breath of the body pure fragrant incense;
ਜਿਸ ਮਨੁੱਖ ਦਾ ਸਰੀਰ ਕੇਸਰ (ਵਰਗਾ ਸੁੱਧ ਵਿਕਾਰ-ਰਹਿਤ) ਹੋਵੇ, ਜਿਸ ਦੀ ਜੀਭ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਉਸ ਦੀ ਲਕੜੀ ਦੀ ਸੁਗੰਧੀ ਵਾਲਾ ਹੋਵੇ (ਭਾਵ, ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਿਤ ਹੋਵੇ), ਕੁੰਗੂ = ਕੇਸਰ। ਕਾਂਇਆ = ਸਰੀਰ। ਰਤਨ = (ਭਾਵ) ਪ੍ਰਭੂ ਦੀ ਸਿਫ਼ਤ-ਸਾਲਾਹ। ਲਲਿਤਾ = ਜੀਭ। ਅਗਰਿ = ਊਦ ਦੀ ਲਕੜੀ ਨਾਲ। ਵਾਸੁ = ਸੁਗੰਧੀ। ਤਨਿ = ਸਰੀਰ ਵਿਚ। ਸਾਸੁ = (ਹਰੇਕ) ਸੁਆਸ।
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
with the face anointed at the sixty-eight holy places of pilgrimage, and the heart illuminated with wisdom
ਜਿਸ ਮਨੁੱਖ ਦੇ ਮੱਥੇ ਉੱਤੇ ਅਠਾਹਠ ਹੀ ਤੀਰਥਾਂ ਦਾ ਟਿੱਕਾ ਹੋਵੇ (ਭਾਵ, ਜੋ ਪ੍ਰਭੂ ਦਾ ਨਾਮ ਜਪ ਕੇ ਅਠਾਹਠ ਤੀਰਥਾਂ ਨਾਲੋਂ ਵਧੀਕ ਪਵਿਤ੍ਰ ਹੋ ਚੁਕਾ ਹੋਵੇ) ਉਸ ਮਨੁੱਖ ਦੇ ਅੰਦਰ ਮਤਿ ਖਿੜਦੀ ਹੈ। ਅਠਸਠਿ = ਅਠਾਹਠ। ਮੁਖਿ = ਮੂੰਹ ਉੱਤੇ, ਮੱਥੇ ਉੱਤੇ। ਤਿਤੁ ਘਟਿ = ਉਸ ਸਰੀਰ ਵਿਚ, ਉਸ ਮਨੁੱਖ ਦੇ ਅੰਦਰ। ਵਿਗਾਸੁ = ਖਿੜਾਉ।
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
-with that wisdom, chant the Praises of the True Name, the Treasure of Excellence. ||1||
ਉਸ ਖਿੜੀ ਹੋਈ ਮਤਿ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖ਼ਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ। ਓਤੁ ਮਤੀ = ਉਸ ਮਤਿ ਨਾਲ ਹੀ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੧॥
ਬਾਬਾ ਹੋਰ ਮਤਿ ਹੋਰ ਹੋਰ ॥
O Baba, other wisdom is useless and irrelevant.
ਹੇ ਭਾਈ! ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮਤਿ ਹੋਰ ਹੋਰ ਪਾਸੇ ਹੀ ਲੈ ਜਾਂਦੀ ਹੈ। ਬਾਬਾ = ਹੇ ਭਾਈ!
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥
If falsehood is practiced a hundred times, it is still false in its effects. ||1||Pause||
ਸਿਫ਼ਤ-ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਭੀ ਕਰੀਏ (ਤਾਂ ਕੁਝ ਨਹੀਂ ਬਣਦਾ, ਕਿਉਂਕਿ) ਕੂੜਾ ਕਰਮ ਕਰਨ ਨਾਲ ਕੂੜ ਦਾ ਹੀ ਜ਼ੋਰ ਵਧਦਾ ਹੈ ॥੧॥ ਕਮਾਈਐ = ਕਮਾਈ ਕਰੀਏ, ਉੱਦਮ ਕਰੀਏ। ਕੂੜੈ = ਕੂੜ ਨਾਲ॥੧॥ਰਹਾਉ॥
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
You may be worshipped and adored as a Pir (a spiritual teacher); you may be welcomed by all the world;
ਜੇ ਕੋਈ ਮਨੁੱਖ ਪੀਰ ਅਖਵਾਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਏ, ਪੂਜ = ਪੂਜਾ, ਮਾਣਤਾ। ਸਭੁ = ਸਾਰਾ।
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
you may adopt a lofty name, and be known to have supernatural spiritual powers
ਜੇ ਉਹ ਪੁੱਗਿਆ ਹੋਇਆ (ਕਰਾਮਾਤੀ) ਜੋਗੀ ਗਿਣਿਆ ਜਾਣ ਲੱਗ ਪਏ, ਵੱਡੇ ਨਾਮਣੇ ਵਾਲਾ ਸਦਾਣ ਲੱਗ ਪਏ, ਸਿਧੁ = ਜੋਗ-ਸਾਧਨਾਂ ਵਿਚ ਪੁੱਗਿਆ ਹੋਇਆ ਜੋਗੀ।
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
-even so, if you are not accepted in the Court of the Lord, then all this adoration is false. ||2||
(ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ, ਕਿਉਂਕਿ) ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ (ਦੁਨੀਆ ਵਿਚ ਹੋਈ) ਸਾਰੀ ਪੂਜਾ ਖ਼ੁਆਰ ਹੀ ਕਰਦੀ ਹੈ ॥੨॥ ਸਭਾ = ਸਾਰੀ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ॥੨॥
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
No one can overthrow those who have been established by the True Guru.
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਸ਼ਾਬਾਸ਼ੇ ਦਿੱਤੀ ਹੈ, ਉਹਨਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ। ਸਤਿਗੁਰਿ = ਗੁਰੂ ਨੇ। ਥਾਪਿਆ = ਥਾਪਣਾ ਦਿੱਤੀ, ਦਿਲਾਸਾ ਦਿੱਤਾ।
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
The Treasure of the Naam, the Name of the Lord, is within them, and through the Naam, they are radiant and famous.
(ਕਿਉਂਕਿ) ਉਹਨਾਂ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੇ ਅੰਦਰ ਨਾਮ ਹੀ ਉੱਘੜਦਾ ਹੈ। ਨਾਮੋ = ਨਾਮ ਹੀ।
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
They worship the Naam, and they believe in the Naam. The True One is forever Intact and Unbroken. ||3||
(ਇਹ ਪੱਕਾ ਨਿਯਮ ਜਾਣੋ ਕਿ) ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ ਸਦਾ-ਥਿਰ ਰਹਿਣ ਵਾਲਾ ਹੈ ॥੩॥ ਅਖੰਡ = ਇਕ-ਰਸ, ਸਦਾ, ਲਗਾਤਾਰ॥੩॥
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
When the body mingles with dust, what happens to the soul?
(ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਾਹ ਜਪਿਆ, ਉਹਨਾਂ ਦਾ ਸਰੀਰ ਜਦੋਂ) ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ (ਨਾਮ-ਹੀਣ) ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ। ਖੇਹ = ਮਿੱਟੀ। ਜੀਉ = ਜਿੰਦ। ਕੇਹਾ ਹੋਇ = ਭੈੜੀ ਹਾਲਤ ਹੁੰਦੀ ਹੈ।
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
All clever tricks are burnt away, and you shall depart crying.
(ਦੁਨੀਆ ਵਿਚ ਕੀਤੀਆਂ) ਸਾਰੀਆਂ ਚਤੁਰਾਈਆਂ ਸੁਆਹ ਹੋ ਜਾਂਦੀਆਂ ਹਨ, ਜਗਤ ਤੋਂ ਜੀਵ ਦੁਖੀ ਹੋ ਕੇ ਹੀ ਤੁਰਦਾ ਹੈ। ਸਭਿ = ਸਾਰੀਆਂ। ਰੋਇ = ਦੁਖੀ ਹੋ ਕੇ।
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
O Nanak, those who forget the Naam-what will happen when they go to the Court of the Lord? ||4||8||
ਹੇ ਨਾਨਕ! ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਭੈੜਾ ਹਾਲ ਹੀ ਹੁੰਦਾ ਹੈ ॥੪॥੮॥ ਨਾਮਿ ਵਿਸਾਰਿਐ = ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ। ਦਰਿ = (ਪ੍ਰਭੂ ਦੇ) ਦਰ ਤੇ। ਕਿਆ ਹੋਇ = ਭੈੜੀ ਹਾਲਤ ਹੀ ਹੁੰਦੀ ਹੈ॥੪॥