ਕਾਨੜਾ ਮਹਲਾ

Kaanraa, Fourth Mehl:

ਕਾਨੜਾ ਚੋਥੀ ਪਾਤਿਸ਼ਾਹੀ।

ਮਨ ਗੁਰਮਤਿ ਚਾਲ ਚਲਾਵੈਗੋ

O mind, walk on the Path of the Guru's Teachings.

ਹੇ ਮਨ (ਤੈਨੂੰ) ਗੁਰੂ ਦੀ ਸਿੱਖਿਆ (ਹੀ ਸਹੀ ਜੀਵਨ ਦੀ) ਚਾਲ ਚਲਾ ਸਕਦੀ ਹੈ। ਮਨ = ਹੇ ਮਨ! ਗੁਰਮਤਿ = ਗੁਰੂ ਦੀ ਸਿੱਖਿਆ (ਹੀ)। ਚਾਲ = (ਸਹੀ ਜੀਵਨ ਦੀ) ਚਾਲ।

ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ਗੁਰ ਅੰਕਸੁ ਸਬਦੁ ਦ੍ਰਿੜਾਵੈਗੋ ॥੧॥ ਰਹਾਉ

Just as the wild elephant is subdued by the prod, the mind is disciplined by the Word of the Guru's Shabad. ||1||Pause||

ਗੁਰੂ ਦਾ ਸ਼ਬਦ (ਮਾਨੋ, ਉਹ) ਕੁੰਡਾ ਹੈ (ਜਿਸ ਨਾਲ ਹਾਥੀ ਨੂੰ ਤੋਰੀਦਾ ਹੈ)। ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰੱਖੀਦਾ ਹੈ (ਤਿਵੇਂ ਗੁਰੂ ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ॥੧॥ ਰਹਾਉ ॥ ਮੈਗਲੁ = ਹਾਥੀ। ਦੀਜੈ = ਰੱਖਿਆ ਜਾਂਦਾ ਹੈ। ਤਲਿ ਕੁੰਡੇ = ਕੁੰਡੇ ਦੇ ਹੇਠ। ਅੰਕਸੁ = (ਹਾਥੀ ਨੂੰ ਚਲਾਣ ਵਾਸਤੇ ਵਰਤਣ ਵਾਲਾ) ਕੁੰਡਾ। ਦ੍ਰਿੜਾਵੈਗੋ = ਦ੍ਰਿੜਾਵੈ, ਹਿਰਦੇ ਵਿਚ ਪੱਕਾ ਕਰਦਾ ਹੈ ॥੧॥ ਰਹਾਉ ॥

ਚਲਤੌ ਚਲੈ ਚਲੈ ਦਹ ਦਹ ਦਿਸਿ ਗੁਰੁ ਰਾਖੈ ਹਰਿ ਲਿਵ ਲਾਵੈਗੋ

The wandering mind wanders, roams and rambles in the ten directions; but the Guru holds it, and lovingly attunes it to the Lord.

(ਮਨੁੱਖ ਦਾ ਮਨ) ਮੁੜ ਮੁੜ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਗੁਰੂ (ਇਸ ਨੂੰ) ਭਟਕਣ ਤੋਂ ਬਚਾਂਦਾ ਹੈ (ਇਸਦੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ। ਚਲਤੌ ਚਲੈ ਚਲੈ = ਮੁੜ ਮੁੜ ਭਟਕਦਾ ਹੈ। ਦਹ ਦਿਸਿ = ਦਸੀਂ ਪਾਸੀਂ। ਦਿਸਿ = ਪਾਸਾ। ਰਾਖੈ = ਰੱਖਿਆ ਕਰਦਾ। ਲਿਵ = ਲਗਨ। ਲਾਵੈਗੋ = ਲਾਵੈ, ਲਾਂਦਾ ਹੈ।

ਸਤਿਗੁਰੁ ਸਬਦੁ ਦੇਇ ਰਿਦ ਅੰਤਰਿ ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥੧॥

The True Guru implants the Word of the Shabad deep within the heart; the Ambrosial Naam, the Name of the Lord, trickles into the mouth. ||1||

ਗੁਰੂ (ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਟਿਕਾ ਦੇਂਦਾ ਹੈ, ਅਤੇ ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ ॥੧॥ ਦੇਇ = ਦੇਂਦਾ ਹੈ। ਰਿਦ ਅੰਤਰਿ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥

ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ

The snakes are filled with poisonous venom; the Word of the Guru's Shabad is the antidote - place it in your mouth.

ਸੱਪ ਜ਼ਹਰ ਨਾਲ ਨਕਾ-ਨਕ ਭਰੇ ਹੁੰਦੇ ਹਨ (ਉਹਨਾਂ ਦੇ ਅਸਰ ਤੋਂ ਬਚਾਣ ਲਈ) ਗਾਰੁੜ ਮੰਤਰ ਹੈ (ਇਸੇ ਤਰ੍ਹਾਂ) ਗੁਰੂ (ਆਪਣਾ) ਸ਼ਬਦ (-ਮੰਤ੍ਰ ਜਿਸ ਮਨੁੱਖ ਦੇ) ਮੂੰਹ ਵਿਚ ਪਾ ਦੇਂਦਾ ਹੈ, ਬਿਸੀਅਰ = ਸੱਪ। ਬਿਸੂ = ਜ਼ਹਰ। ਗਰੁੜ = ਗਾਰੁੜ ਮੰਤ੍ਰ!

ਮਾਇਆ ਭੁਇਅੰਗ ਤਿਸੁ ਨੇੜਿ ਆਵੈ ਬਿਖੁ ਝਾਰਿ ਝਾਰਿ ਲਿਵ ਲਾਵੈਗੋ ॥੨॥

Maya, the serpent, does not even approach one who is rid of the poison, and lovingly attuned to the Lord. ||2||

ਮਾਇਆ ਸਪਣੀ ਉਸ ਦੇ ਨੇੜੇ ਨਹੀਂ ਢੁਕਦੀ। (ਗੁਰੂ ਸ਼ਬਦ-ਮੰਤ੍ਰ ਦੀ ਬਰਕਤਿ ਨਾਲ ਉਸ ਦਾ) ਜ਼ਹਰ ਝਾੜ ਝਾੜ ਕੇ (ਉਸ ਦੇ ਅੰਦਰ) ਪਰਮਾਤਮਾ ਦੀ ਲਗਨ ਪੈਦਾ ਕਰ ਦੇਂਦਾ ਹੈ ॥੨॥ ਭੁਇਅੰਗ = ਸੱਪਣੀ। ਬਿਖੁ = ਜ਼ਹਰ। ਝਾਰਿ = ਝਾੜ ਕੇ ॥੨॥

ਸੁਆਨੁ ਲੋਭੁ ਨਗਰ ਮਹਿ ਸਬਲਾ ਗੁਰੁ ਖਿਨ ਮਹਿ ਮਾਰਿ ਕਢਾਵੈਗੋ

The dog of greed is very powerful in the village of the body; the Guru strikes it and drives it out in an instant.

ਲੋਭ-ਕੁੱਤਾ (ਮਨੁੱਖ ਦੇ) ਸਰੀਰ-ਨਗਰ ਵਿਚ ਬਲਵਾਨ ਹੋਇਆ ਰਹਿੰਦਾ ਹੈ, ਪਰ ਗੁਰੂ ਇਕ ਛਿਨ ਵਿਚ (ਇਸ ਕੁੱਤੇ ਨੂੰ) ਮਾਰ ਕੇ (ਉਸ ਦੇ ਅੰਦਰੋਂ) ਕੱਢ ਦੇਂਦਾ ਹੈ। ਸੁਆਨੁ = ਕੁੱਤਾ। ਨਗਰ = ਸਰੀਰ-ਨਗਰ। ਸਬਲਾ = (ਸ-ਬਲ) ਬਲ ਵਾਲਾ। ਮਾਰਿ = ਮਾਰਿ ਕੇ।

ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿ ਨਗਰੀ ਹਰਿ ਗੁਨ ਗਾਵੈਗੋ ॥੩॥

Truth, contentment, righteousness and Dharma have settled there; in the village of the Lord, sing the Glorious Praises of the Lord. ||3||

(ਗੁਰੂ ਨੇ) ਸਤ ਸੰਤੋਖ ਧਰਮ (ਇਹ ਗੁਣ) ਸਾਧ ਸੰਗਤ-ਨਗਰੀ ਵਿਚ ਲਿਆ ਕੇ ਰੱਖੇ ਹੋਏ ਹਨ (ਲੋਭ-ਕੁੱਤੇ ਤੋਂ ਬਚਣ ਲਈ ਮਨੁੱਖ) ਸਾਧ ਸੰਗਤ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥ ਆਨਿ = ਲਿਆ ਕੇ। ਹਰਿ ਨਗਰੀ = ਹਰੀ ਦੀ ਨਗਰੀ ਵਿਚ, ਸਾਧ ਸੰਗਤ ਵਿਚ ॥੩॥

ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ

The mortal beings are sinking in the swamp of emotional attachment; the Guru lifts them up, and saves them from sinking.

ਮਨੁੱਖ (ਮਾਇਆ ਦੇ) ਮੋਹ ਦੇ ਖੋਭੇ ਵਿਚ ਖੁੱਭਦਾ ਜਾਂਦਾ ਹੈ, ਗੁਰੂ (ਇਸ ਖੋਭੇ ਵਿਚ) ਖੁੱਭ ਰਹੇ ਮਨੁੱਖ ਨੂੰ (ਖੋਭੇ ਵਿਚੋਂ) ਕੱਢ ਕੇ ਬੰਨੇ ਲਾ ਦੇਂਦਾ ਹੈ। ਪੰਕਜ = ਚਿੱਕੜ। ਨਿਘਰਤੁ ਹੈ = ਖੁੱਭਦਾ ਜਾਂਦਾ ਹੈ। ਕਾਢਿ = ਕੱਢ ਕੇ। ਕਢਾਵੈਗੋ = ਬੰਨੇ ਲਾ ਦੇਂਦਾ ਹੈ।

ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥੪॥

Crying, "Save me! Save me!", the humble come to His Sanctuary; the Guru reaches out His Hand, and lifts them up. ||4||

'ਬਚਾ ਲੈ ਬਚਾ ਲੈ'-ਇਹ ਆਖਦੇ (ਜਿਹੜੇ) ਮਨੁੱਖ (ਗੁਰੂ ਦੀ) ਸਰਨ ਆਉਂਦੇ ਹਨ, ਗੁਰੂ ਆਪਣਾ ਹੱਥ ਫੜਾ ਕੇ ਉਹਨਾਂ ਨੂੰ (ਮਾਇਆ ਦੇ ਮੋਹ ਦੇ ਚਿੱਕੜ ਵਿਚੋਂ) ਬਾਹਰ ਕੱਢ ਲੈਂਦਾ ਹੈ ॥੪॥ ਤ੍ਰਾਹਿ ਤ੍ਰਾਹਿ = ਬਚਾ ਲੈ ਬਚਾ ਲੈ। ਹਾਥੀ = ਹੱਥ। ਦੇ = ਦੇ ਕੇ ॥੪॥

ਸੁਪਨੰਤਰੁ ਸੰਸਾਰੁ ਸਭੁ ਬਾਜੀ ਸਭੁ ਬਾਜੀ ਖੇਲੁ ਖਿਲਾਵੈਗੋ

The whole world is like a game in a dream, all a game. God plays and causes the game to be played.

ਇਹ ਸੰਸਾਰ (ਮਨੁੱਖ ਦੇ) ਮਨ ਦੀ ਭਟਕਣਾ (ਦਾ ਮੂਲ) ਹੈ, (ਜੀਵਾਂ ਨੂੰ ਪਰਚਾਣ ਲਈ) ਸਾਰਾ ਜਗਤ (ਇਕ) ਖੇਡ (ਜਿਹੀ ਹੀ) ਹੈ। ਇਹ ਖੇਡ (ਜੀਵਾਂ ਨੂੰ ਪਰਮਾਤਮਾ ਆਪ) ਖਿਡਾ ਰਿਹਾ ਹੈ। ਸੁਪਨੰਤਰੁ = (ਸੁਪਨ-ਅੰਤਰ) ਅੰਦਰਲਾ ਸੁਪਨਾ, ਮਨ ਦਾ ਸੁਪਨਾ, ਮਨ ਦੀ ਭਟਕਣ। {ਨੋਟ: ਲਫ਼ਜ਼ 'ਅੰਤਰ' ਅਤੇ 'ਅੰਤਰਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ (ਵੇਖੋ ਬੰਦ ਨੰ: ੮ ਵਿਚ 'ਰਿਦ ਅੰਤਰਿ')}। ਸਭੁ = ਸਾਰਾ (ਸੰਸਾਰ)। ਖਿਲਾਵੈਗੋ = ਖਿਲਾਵੈ, (ਪਰਮਾਤਮਾ ਆਪ) ਖਿਡਾ ਰਿਹਾ ਹੈ।

ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥੫॥

So earn the Profit of the Naam by following the Guru's Teachings; you shall go to the Court of the Lord in robes of honor. ||5||

(ਇਸ ਖੇਡ ਵਿਚ ਪਰਮਾਤਮਾ ਦਾ) ਨਾਮ (ਹੀ) ਲਾਭ ਹੈ। ਗੁਰੂ ਦੀ ਮੱਤ ਦੀ ਰਾਹੀਂ ਇਹ ਲਾਭ ਖੱਟ ਕੇ ਜਾਵੋ। (ਜਿਹੜਾ ਮਨੁੱਖ ਇਹ ਲਾਭ ਖੱਟ ਕੇ ਇਥੋਂ ਜਾਂਦਾ ਹੈ, ਉਹ) ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੫॥ ਲਾਹਾ = ਲਾਭ, ਖੱਟੀ। ਲੈ = ਲੈ ਕੇ। ਚਾਲਹੁ = (ਜਗਤ ਤੋਂ) ਤੁਰੋ। ਪੈਧਾ = ਸਰੋਪਾ ਹਾਸਲ ਕਰ ਕੇ, ਇੱਜ਼ਤ ਨਾਲ। ਜਾਵੈਗੋ = ਜਾਵੈ, ਜਾਂਦਾ ਹੈ ॥੫॥

ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਆਨਿ ਜਮਾਵੈਗੋ

They act in egotism, and make others act in egotism; they collect and gather up the blackness of sin.

ਜਿਹੜਾ ਮਨੁੱਖ ਸਾਰੀ ਉਮਰ 'ਹਉਂ, ਹਉਂ' ਹੀ ਕਰਦਾ ਰਹਿੰਦਾ ਹੈ, ਉਹ ਮਨੁੱਖ (ਆਪਣੀ ਮਾਨਸਿਕ ਖੇਤੀ ਵਿਚ) ਪਾਪ ਕੋਲੇ ਲਿਆ ਕੇ ਬੀਜਦਾ ਰਹਿੰਦਾ ਹੈ। ਕਰੈ ਕਰਾਵੈ = ਕਰਦਾ ਕਰਾਂਦਾ, ਹਰ ਵੇਲੇ ਕਰਦਾ। ਆਨਿ = ਲਿਆ ਕੇ। ਜਮਾਵੈਗੋ = ਜਮਾਵੈ, ਜਮਾਂਦਾ ਹੈ, ਬੀਜਦਾ ਹੈ।

ਆਇਆ ਕਾਲੁ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈਗੋ ॥੬॥

And when death comes, they suffer in agony; they must eat what they have planted. ||6||

ਜਦੋਂ ਮੌਤ ਆਉਂਦੀ ਹੈ; (ਉਹ ਬੀਜੇ ਹੋਏ ਕਮਾਏ ਹੋਏ ਪਾਪ) ਦੁਖਦਾਈ ਬਣ ਜਾਂਦੇ ਹਨ (ਪਰ ਉਸ ਵੇਲੇ ਕੀਹ ਹੋ ਸਕਦਾ ਹੈ?) ਜਿਹੜੇ ਕੋਲੇ-ਪਾਪ ਬੀਜੇ ਹੋਏ ਹੁੰਦੇ ਹਨ (ਸਾਰੀ ਉਮਰ ਕੀਤੇ ਹੁੰਦੇ ਹਨ) ਉਹਨਾਂ ਦਾ ਫਲ ਖਾਣਾ ਪੈਂਦਾ ਹੈ ॥੬॥ ਕਾਲੁ = ਮੌਤ। ਜੋ = ਜਿਹੜੇ। ਕੋਇਲੇ = ਪਾਪ। ਬੀਜੇ = ਬੀਜੇ ਹੁੰਦੇ ਹਨ। ਖਵਲਾਵੈਗੋ = ਫਲ ਭੁਗਤਾਂਦਾ ਹੈ ॥੬॥

ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਚਲੇ ਪਤਿ ਪਾਵੈਗੋ

O Saints, gather the Wealth of the Lord's Name; if you depart after packing these provisions, you shall be honored.

ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦੇ ਰਹੋ, (ਜਿਹੜੇ ਮਨੁੱਖ ਜੀਵਨ-ਸਫ਼ਰ ਵਿਚ ਵਰਤਣ ਲਈ ਨਾਮ-) ਖ਼ਰਚ ਲੈ ਕੇ ਤੁਰਦੇ ਹਨ, (ਪਰਮਾਤਮਾ ਉਹਨਾਂ ਨੂੰ) ਇੱਜ਼ਤ-ਮਾਣ ਦੇਂਦਾ ਹੈ। ਸੰਤਹੁ = ਹੇ ਸੰਤ ਜਨੋ! ਸੰਚਹੁ ਇਕੱਠਾ ਕਰੋ। ਲੈ = ਲੈ ਕੇ। ਚਲੇ = ਤੁਰਦੇ ਹਨ। ਪਤਿ = ਇੱਜ਼ਤ। ਪਾਵੈਗੋ = ਪੱਲੇ ਪਾਂਦਾ ਹੈ, ਦੇਂਦਾ ਹੈ।

ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਆਵੈਗੋ ॥੭॥

So eat, spend, consume and give abundantly; the Lord will give - there will be no deficiency. ||7||

ਉਹ ਮਨੁੱਖ (ਇਹ ਨਾਮ-ਧਨ ਆਪ) ਖੁਲ੍ਹਾ ਵਰਤ ਕੇ (ਹੋਰਨਾਂ ਨੂੰ ਭੀ) ਬਹੁਤ ਵੰਡਦੇ ਹਨ, ਇਸ ਹਰਿ-ਨਾਮ ਧਨ ਦੇ ਵੰਡਦਿਆਂ ਇਸ ਵਿਚ ਕਮੀ ਨਹੀਂ ਹੁੰਦੀ ॥੭॥ ਖਾਇ = (ਆਪ) ਖਾ ਕੇ। ਖਰਚਿ = ਖ਼ਰਚ ਕੇ, (ਹੋਰਨਾਂ ਨੂੰ) ਵੰਡ ਕੇ। ਦੇਵਹਿ = (ਸੰਤ ਜਨ) ਦੇਂਦੇ ਹਨ। ਦੇਦੇ = ਦੇਂਦਿਆਂ। ਤੋਟਿ = ਕਮੀ, ਘਾਟ ॥੭॥

ਰਾਮ ਨਾਮ ਧਨੁ ਹੈ ਰਿਦ ਅੰਤਰਿ ਧਨੁ ਗੁਰ ਸਰਣਾਈ ਪਾਵੈਗੋ

The wealth of the Lord's Name is deep within the heart. In the Sanctuary of the Guru, this wealth is found.

(ਹੇ ਭਾਈ!) ਇਹ ਨਾਮ-ਧਨ ਗੁਰੂ ਦੀ ਸਰਨ ਪਿਆਂ ਮਿਲਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਇਹ ਨਾਮ-ਧਨ ਵੱਸਦਾ ਹੈ, ਰਿਦ ਅੰਤਰਿ = ਹਿਰਦੇ ਵਿਚ।

ਨਾਨਕ ਦਇਆ ਦਇਆ ਕਰਿ ਦੀਨੀ ਦੁਖੁ ਦਾਲਦੁ ਭੰਜਿ ਸਮਾਵੈਗੋ ॥੮॥੫॥

O Nanak, God has been kind and compassionate; He has blessed me. Removing pain and poverty, He has blended me with Himself. ||8||5||

ਜਿਸ ਮਨੁੱਖ ਨੂੰ ਪਰਮਾਤਮਾ ਨਾਮ-ਧਨ ਦੀ ਦਾਤ ਮਿਹਰ ਕਰ ਕੇ ਦੇਂਦਾ ਹੈ, ਹੇ ਨਾਨਕ! ਉਹ ਆਪਣਾ ਹਰੇਕ ਦੁੱਖ ਦੂਰ ਕਰ ਕੇ (ਆਤਮਕ) ਗਰੀਬੀ ਮੁਕਾ ਕੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੫॥ ਦੀਨੀ = (ਨਾਮ-ਧਨ ਦੀ ਦਾਤਿ) ਦਿੱਤੀ। ਕਰਿ = ਕਰ ਕੇ। ਦਾਲਦੁ = ਗਰੀਬੀ। ਭੰਜਿ = ਤੋੜ ਕੇ, ਨਾਸ ਕਰ ਕੇ, ਮੁਕਾ ਕੇ ॥੮॥੫॥