ਕਾਨੜਾ ਮਹਲਾ ੪ ॥
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
ਮਨੁ ਹਰਿ ਰੰਗਿ ਰਾਤਾ ਗਾਵੈਗੋ ॥
O mind, be attuned to His Love, and sing.
(ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀ ਮੱਤ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੱਤਾ, ਰੰਗਿਆ ਹੋਇਆ। ਗਾਵੈਗੋ = ਗਾਵੈ, ਗਾਂਦਾ ਰਹਿੰਦਾ ਹੈ।
ਭੈ ਭੈ ਤ੍ਰਾਸ ਭਏ ਹੈ ਨਿਰਮਲ ਗੁਰਮਤਿ ਲਾਗਿ ਲਗਾਵੈਗੋ ॥੧॥ ਰਹਾਉ ॥
The Fear of God makes me fearless and immaculate; I am dyed in the color of the Guru's Teachings. ||1||Pause||
(ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਤ੍ਰਾਸ = ਡਰ, ਸਹਮ। ਨਿਰਮਲ = ਮਲ-ਰਹਿਤ, ਪਵਿੱਤਰ। ਲਾਗਿ = ਪਾਹ (ਕੱਪੜੇ ਨੂੰ ਰੰਗ ਚਾੜ੍ਹਨ ਤੋਂ ਪਹਿਲਾਂ 'ਪਾਹ' ਦੇਈਦੀ ਹੈ, ਲੂਣ ਜਾਂ ਸੋਡੇ ਆਦਿਕ ਵਿਚ ਰਿੰਨ੍ਹੀਦਾ ਹੈ)। ਲਗਾਵੈਗੋ = ਲਾਂਦਾ ਹੈ, ਲਗਾਵੈ ॥੧॥ ਰਹਾਉ ॥
ਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥
Those who are attuned to the Lord's Love remain balanced and detached forever; they live near the Lord, who comes into their house.
ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ। ਸਦ = ਸਦਾ। ਬੈਰਾਗੀ = ਵਿਰਕਤ, ਮਾਇਆ ਦੇ ਮੋਹ ਤੋਂ ਉਪਰਾਮ। ਨਿਕਟਿ = ਨੇੜੇ। ਘਰਿ = (ਹਿਰਦੇ-) ਘਰ ਵਿਚ।
ਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥੧॥
If I am blessed with the dust of their feet, then I live. Granting His Grace, He Himself bestows it. ||1||
ਜੇ ਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ। (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ ॥੧॥ ਪੰਕ = ਚਰਨ-ਧੂੜ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ। ਕਰਿ = ਕਰ ਕੇ ॥੧॥
ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥
Mortal beings are attached to greed and duality. Their minds are unripe and unfit, and will not accept the Dye of His Love.
ਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ। ਦੁਬਿਧਾ = ਮੇਰ-ਤੇਰ। ਲੋਭਿ = ਲੋਭ ਵਿਚ। ਮਨਿ ਕੋਰੈ = ਕੋਰੇ ਮਨ ਉੱਤੇ। ਰੰਗਿ = ਪ੍ਰੇਮ-ਰੰਗ।
ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥
But their lives are transformed through the Word of the Guru's Teachings. Meeting with the Guru, the Primal Being, they are dyed in the color of His Love. ||2||
ਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾ ਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ। (ਜਿਸ ਮਨੁੱਖ ਨੂੰ) ਗੁਰੂ ਪੁਰਖ ਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ ॥੨॥ ਫਿਰਿ = ਮੁੜ। ਉਲਟਿਓ = (ਜਦੋਂ ਲੋੜ ਆਦਿਕ ਵਲੋਂ ਮਨ) ਪਰਤਦਾ ਹੈ। ਜਨਮੁ = ਨਵਾਂ ਜਨਮ। ਬਚਨੀ = ਬਚਨੀਂ, ਬਚਨਾਂ ਦੀ ਰਾਹੀਂ। ਲਾਵੈਗੋ = ਲਾਵੈ, ਲਾਂਦਾ ਹੈ, ਚਾੜ੍ਹਦਾ ਹੈ ॥੨॥
ਇੰਦ੍ਰੀ ਦਸੇ ਦਸੇ ਫੁਨਿ ਧਾਵਤ ਤ੍ਰੈ ਗੁਣੀਆ ਖਿਨੁ ਨ ਟਿਕਾਵੈਗੋ ॥
There are ten organs of sense and action; the ten wander unrestrained. Under the influence of the three dispositions, they are not stable, even for an instant.
ਮਨੁੱਖ ਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ। (ਮਾਇਆ ਦੇ) ਤਿੰਨ ਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ। ਫੁਨਿ = ਮੁੜ, ਮੁੜ ਮੁੜ। ਧਾਵਤ = ਭਟਕਦੀਆਂ ਹਨ। ਤ੍ਰੈਗੁਣੀਆ = ਤਿੰਨਾਂ ਗੁਣਾਂ ਵਿਚ ਫਸਿਆ ਹੋਇਆ ਮਨ।
ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥੩॥
Coming in contact with the True Guru, they are brought under control; then, salvation and liberation are attained. ||3||
ਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ॥੩॥ ਪਰਚੈ = ਪਤੀਜਦਾ ਹੈ, ਪ੍ਰਸੰਨ ਹੁੰਦਾ ਹੈ। ਵਸਗਤਿ = ਵੱਸ ਵਿਚ। ਮੋਖ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸੋ = ਉਹ ਮਨੁੱਖ ॥੩॥
ਓਅੰਕਾਰਿ ਏਕੋ ਰਵਿ ਰਹਿਆ ਸਭੁ ਏਕਸ ਮਾਹਿ ਸਮਾਵੈਗੋ ॥
The One and Only Creator of the Universe is All-pervading everywhere. All shall once again merge into the One.
ਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ। ਓਅੰਕਾਰਿ = ਓਅੰਕਾਰ ਵਿਚ, ਸਰਬ-ਵਿਆਪਕ ਪ੍ਰਭੂ ਵਿਚ। ਸਭੁ = ਸਾਰਾ ਜਗਤ। ਏਕਸ ਮਾਹਿ = ਇੱਕ (ਪ੍ਰਭੂ) ਵਿਚ ਹੀ।
ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥੪॥
His One Form has one, and many colors; He leads all according to His One Word. ||4||
ਉਹ ਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ ॥੪॥ ਏਕਸੁ ਬਚਨਿ = ਇਕ (ਆਪਣੇ ਹੀ) ਹੁਕਮ ਵਿਚ। ਬਚਨਿ = ਹੁਕਮ ਵਿਚ ॥੪॥
ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥
The Gurmukh realizes the One and Only Lord; He is revealed to the Gurmukh.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲਖਾਵੈਗੋ = ਲਖਾਵੈ, ਲਖੈ, ਸਮਝ ਲੈਂਦਾ ਹੈ।
ਗੁਰਮੁਖਿ ਜਾਇ ਮਿਲੈ ਨਿਜ ਮਹਲੀ ਅਨਹਦ ਸਬਦੁ ਬਜਾਵੈਗੋ ॥੫॥
The Gurmukh goes and meets the Lord in His Mansion deep within; the Unstruck Word of the Shabad vibrates there. ||5||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ ॥੫॥ ਜਾਇ = ਜਾ ਜਾ ਕੇ। ਨਿਜ ਮਹਲੀ = ਨਿਜ ਮਹਲਿ, ਆਪਣੇ (ਅਸਲ) ਟਿਕਾਣੇ ਵਿਚ। ਅਨਹਦ = (ਅਨ-ਆਹਤ। ਬਿਨਾ ਵਜਾਏ ਵੱਜ ਰਿਹਾ) ਇਕ-ਰਸ। ਸਬਦੁ ਬਜਾਵੈਗੋ = ਸ਼ਬਦ ਦਾ ਪ੍ਰਬਲ ਪ੍ਰਭਾਵ (ਆਪਣੇ ਅੰਦਰ) ਟਿਕਾਈ ਰੱਖਦਾ ਹੈ ॥੫॥
ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥
God created all the beings and creatures of the universe; He blesses the Gurmukh with glory.
(ਉਂਞ ਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ), ਸਾਰੀ ਸ੍ਰਿਸ਼ਟੀ (ਪ੍ਰਭੂ ਨੇ ਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ। ਸਭ ਸਿਸਿਟ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।
ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ ॥੬॥
Without meeting the Guru, no one obtains the Mansion of His Presence. They suffer the agony of coming and going in reincarnation. ||6||
ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ ॥੬॥ ਬਿਨ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਕੋ = ਕੋਈ ਮਨੁੱਖ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਆਇ ਜਾਇ = ਆ ਕੇ ਜਾ ਕੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ॥੬॥
ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥
For countless lifetimes, I have been separated from my Beloved; in His Mercy, the Guru has united me with Him.
ਹੇ ਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇ ਹਨ। ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ। ਮੇਰੇ ਪ੍ਰੀਤਮ = ਹੇ ਮੇਰੇ ਪ੍ਰੀਤਮ ਪ੍ਰਭੂ! ਕਰਿ = ਕਰ ਕੇ।
ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥੭॥
Meeting the True Guru, I have found absolute peace, and my polluted intellect blossoms forth. ||7||
ਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ। (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮੱਤ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ॥੭॥ ਸਤਿਗੁਰ ਮਿਲਤ = ਗੁਰੂ ਦੇ ਮਿਲਦਿਆਂ। ਮਲੀਨ = ਵਿਕਾਰਾਂ ਨਾਲ ਮੈਲੀ ਹੋ ਚੁਕੀ। ਬਿਗਸਾਵੈਗੋ = ਖਿੜਾ ਦੇਂਦਾ ਹੈ ॥੭॥
ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ ਨਾਮਿ ਲਗਾਵੈਗੋ ॥
O Lord, Har, Har, please grant Your Grace; O Life of the World, instill faith in the Naam within me.
ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ। ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਮੈ ਸਰਧਾ = ਮੇਰੀ ਸਰਧਾ। ਨਾਮਿ = (ਤੇਰੇ) ਨਾਮ ਵਿਚ।
ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥੮॥੪॥
Nanak is the Guru, the Guru, the True Guru; I am immersed in the Sanctuary of the True Guru. ||8||4||
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ) ਹੈ। ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ ॥੮॥੪॥ ਮੈ = ਮੈਨੂੰ। ਸਰਨਿ = ਪ੍ਰਭੂ ਦੀ ਸਰਨ ਵਿਚ ॥੮॥੪॥