ਕਾਨੜਾ ਮਹਲਾ

Kaanraa, Fourth Mehl:

ਕਾਨੜਾ ਚੋਥੀ ਪਾਤਿਸ਼ਾਹੀ।

ਮਨੁ ਗੁਰਮਤਿ ਰਸਿ ਗੁਨ ਗਾਵੈਗੋ

O mind, follow the Guru's Teachings, and joyfully sing God's Praises.

(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ, ਰਸਿ = ਰਸ ਨਾਲ, ਆਨੰਦ ਨਾਲ, ਸੁਆਦ ਨਾਲ। ਮਨੁ ਗਾਵੈਗੋ = (ਜਿਸ ਮਨੁੱਖ ਦਾ) ਮਨ ਗਾਂਦਾ ਹੈ।

ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ

If my one tongue became hundreds of thousands and millions, I would meditate on Him millions and millions of times. ||1||Pause||

(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥ ਜਿਹਵਾ = (ਉਸ ਦੀ) ਜੀਭ। ਹੋਇ = ਹੋ ਕੇ, ਬਣ ਕੇ। ਕੋਟੀ = ਕੋਟਿ, ਕ੍ਰੋੜਾਂ। ਧਿਆਵੈਗੋ = ਧਿਆਵੈ, ਜਪਦੀ ਹੈ ॥੧॥ ਰਹਾਉ ॥

ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਪਾਵੈਗੋ

The serpent king chants and meditates on the Lord with his thousands of heads, but even by these chants, he cannot find the Lord's limits.

(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ। ਸਹਸ ਫਨੀ = ਹਜ਼ਾਰ ਫਣਾਂ ਨਾਲ। ਸੇਖਨਾਗੈ = ਸ਼ੇਸ਼ਨਾਗ ਨੇ।

ਤੂ ਅਥਾਹੁ ਅਤਿ ਅਗਮੁ ਅਗਮੁ ਹੈ ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥

You are Utterly Unfathomable, Inaccessible and Infinite. Through the Wisdom of the Guru's Teachings, the mind becomes steady and balanced. ||1||

ਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥ ਅਗਮੁ = ਅਪਹੁੰਚ। ਠਹਰਾਵੈਗੋ = ਠਹਰਾਵੈ, ਠਹਰਾਂਦਾ ਹੈ, ਟਿਕਾਣੇ ਤੇ ਲਿਆਉਂਦਾ ਹੈ, ਭਟਕਣੋਂ ਹਟਾਂਦਾ ਹੈ ॥੧॥

ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ

Those humble beings who meditate on You are noble and exalted. Meditating on the Lord, they are at peace.

ਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ। ਤੂ = ਤੈਨੂੰ। ਨੀਕੇ = ਚੰਗੇ (ਜੀਵਨ ਵਾਲੇ)। ਜਪਤਿਅਹੁ ਕਉ = ਜਪਣ ਵਾਲਿਆਂ ਨੂੰ।

ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥

Bidur, the son of a slave-girl, was an untouchable, but Krishna hugged him close in His Embrace. ||2||

(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥ ਦਾਸੀ ਸੁਤੁ = ਦਾਸੀ ਦਾ ਪੁੱਤਰ। ਛੋਕ ਛੋਹਰਾ = ਛੋਕਰਾ। ਅੰਕਿ = ਅੰਕ ਨਾਲ, ਛਾਤੀ ਨਾਲ। ਗਲਿ = ਗਲ ਨਾਲ ॥੨॥

ਜਲ ਤੇ ਓਪਤਿ ਭਈ ਹੈ ਕਾਸਟ ਕਾਸਟ ਅੰਗਿ ਤਰਾਵੈਗੋ

Wood is produced from water, but by holding onto wood, one is saved from drowning.

ਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ)। ਤੇ = ਤੋਂ। ਓਪਤਿ = ਉਤਪੱਤੀ। ਕਾਸਟ = ਕਾਠ, ਲੱਕੜ। ਅੰਗਿ = (ਆਪਣੇ) ਸਰੀਰ ਉੱਤੇ। ਤਰਾਵੈ = ਤਰਾਂਦਾ ਹੈ।

ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ ॥੩॥

The Lord Himself embellishes and exalts His humble servants; He confirms His Innate Nature. ||3||

(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥ ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਰਖਾਵੈਗੋ = ਰਖਾਵੈ, ਕਾਇਮ ਰੱਖਦਾ ਹੈ ॥੩॥

ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ

I am like a stone, or a piece of iron, heavy stone and iron; in the Boat of the Guru's Congregation, I am carried across,

ਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ)। ਹਮ = ਅਸੀਂ ਜੀਵ। ਲੋਹ = ਲੋਹਾ। ਨਾਵ = ਬੇੜੀ। ਤਰਾਵੈਗੋ = ਤਰਾਵੈ, ਪਾਰ ਲੰਘਾਂਦਾ ਹੈ।

ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥੪॥

like Kabeer the weaver, who was saved in the Sat Sangat, the True Congregation. He became pleasing to the minds of the humble Saints. ||4||

ਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥ ਮਨਿ = ਮਨ ਵਿਚ। ਭਾਵੈਗੋ = ਭਾਵੈ, ਪਿਆਰਾ ਲੱਗਦਾ ਹੈ ॥੪॥

ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ

Standing up, sitting down, rising up and walking on the path, I meditate.

(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਖਰੇ ਖਰੋਏ = ਖਲੇ = ਖਲੋਤੇ। ਮਾਰਗਿ = ਰਸਤੇ ਵਿਚ। ਪੰਥਿ = ਰਸਤੇ ਵਿਚ। ਧਿਆਵੈਗੋ = ਧਿਆਵੈ, ਧਿਆਉਂਦਾ ਹੈ।

ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ ॥੫॥

The True Guru is the Word, and the Word is the True Guru, who teaches the Path of Liberation. ||5||

(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥ ਸਤਿਗੁਰ ਬਚਨ = ਗੁਰੂ ਦੇ ਬਚਨਾਂ ਵਿਚ (ਮਗਨ)। ਪਾਧਰੁ = ਪੱਧਰਾ ਰਸਤਾ। ਪਾਧਰੁ ਮੁਕਤਿ = ਮੁਕਤੀ ਦਾ ਪੱਧਰਾ ਰਸਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਨਾਵੈਗੋ = ਜਨਾਵੈ, ਜਤਾਂਦਾ ਹੈ, ਦੱਸਦਾ ਹੈ ॥੫॥

ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ

By His Training, I find strength with each and every breath; now that I am trained and tamed, I meditate on the Naam, the Name of the Lord.

(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ। ਸਾਸਨਿ = ਸਾਹ ਦੇ ਹੁੰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਲੁ = (ਆਤਮਕ) ਤਾਕਤ। ਨਿਹ ਸਾਸਨਿ = ਸਾਹ ਨਾਹ ਲੈਂਦਿਆਂ ਭੀ, ਸਰੀਰ ਤਿਆਗਣ ਤੇ ਭੀ।

ਗੁਰ ਪਰਸਾਦੀ ਹਉਮੈ ਬੂਝੈ ਤੌ ਗੁਰਮਤਿ ਨਾਮਿ ਸਮਾਵੈਗੋ ॥੬॥

By Guru's Grace, egotism is extinguished, and then, through the Guru's Teachings, I merge in the Naam. ||6||

(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥ ਪਰਸਾਦੀ = ਕਿਰਪਾ ਨਾਲ। ਬੂਝੈ = (ਅੱਗ) ਬੁੱਝ ਜਾਂਦੀ ਹੈ। ਤੌ = ਤਦੋਂ। ਨਾਮਿ = ਨਾਮ ਵਿਚ ॥੬॥

ਸਤਿਗੁਰੁ ਦਾਤਾ ਜੀਅ ਜੀਅਨ ਕੋ ਭਾਗਹੀਨ ਨਹੀ ਭਾਵੈਗੋ

The True Guru is the Giver of the life of the soul, but the unfortunate ones do not love Him.

ਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤ ਨਹੀਂ ਲੈਂਦਾ। ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ)। ਜੀਅ ਕੋ = (ਆਤਮਕ) ਜੀਵਨ ਦਾ। ਜੀਅਨ ਕੋ = ਸਭਨਾਂ ਜੀਵਾਂ ਦਾ। ਭਾਵੈਗੋ = ਭਾਵੈ, ਚੰਗਾ ਲੱਗਦਾ।

ਫਿਰਿ ਏਹ ਵੇਲਾ ਹਾਥਿ ਆਵੈ ਪਰਤਾਪੈ ਪਛੁਤਾਵੈਗੋ ॥੭॥

This opportunity shall not come into their hands again; in the end, they will suffer in torment and regret. ||7||

ਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ ॥੭॥ ਹਾਥਿ = ਹੱਥ ਵਿਚ। ਪਰਤਾਪੈ = ਦੁੱਖੀ ਹੁੰਦਾ ਹੈ ॥੭॥

ਜੇ ਕੋ ਭਲਾ ਲੋੜੈ ਭਲ ਅਪਨਾ ਗੁਰ ਆਗੈ ਢਹਿ ਢਹਿ ਪਾਵੈਗੋ

If a good person seeks goodness for himself, he should bow low in humble surrender to the Guru.

ਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ। ਕੋ = ਕੋਈ ਮਨੁੱਖ। ਭਲ = ਭਲਾ। ਲੋੜੈ = ਚਾਹੁੰਦਾ ਹੈ। ਢਹਿ = ਢਹਿ ਕੇ।

ਨਾਨਕ ਦਇਆ ਦਇਆ ਕਰਿ ਠਾਕੁਰ ਮੈ ਸਤਿਗੁਰ ਭਸਮ ਲਗਾਵੈਗੋ ॥੮॥੩॥

Nanak prays: please show kindness and compassion to me, O my Lord and Master, that I may apply the dust of the True Guru to my forehead. ||8||3||

ਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥ ਠਾਕੁਰ = ਹੇ ਠਾਕੁਰ! ਮੈ = ਮੈਨੂੰ। ਭਸਮ = ਚਰਨਾਂ ਦੀ ਧੂੜ ॥੮॥੩॥