ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥
Kabeer, the mortals suck at the sugar cane, for the sake of the sweet juice. They should work just as hard for virtue.
ਹੇ ਕਬੀਰ! ਰਸ ਨਾਲ ਭਰਿਆ ਹੋਇਆ ਗੰਨਾ (ਵੇਲਣੇ ਵਿਚ) ਪੀੜਿਆ ਜਾਂਦਾ ਹੈ (ਭਾਵ, ਰਸ ਦੀ ਦਾਤ ਦੇ ਇਵਜ਼ ਵਿਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿਚ ਪੀੜੀਦਾ ਹੈ (ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ-ਭਾਵ ਵਲੋਂ ਮਰਨਾ ਹੀ ਪੈਂਦਾ ਹੈ)। ਰਸ ਕੋ ਗਾਂਡੋ = ਰਸ ਦਾ ਗੰਨਾ, ਰਸ ਨਾਲ ਭਰਿਆ ਹੋਇਆ ਗੰਨਾ। ਚੂਸੀਐ = ਚੂਸਿਆ ਜਾਂਦਾ ਹੈ, ਪੀੜਿਆ ਜਾਂਦਾ ਹੈ, ਪੀੜੇ ਜਾਣ ਦੀ ਤਕਲਫ਼ਿ ਸਹਾਰਦਾ ਹੈ (ਰਸ ਪ੍ਰਾਪਤ ਕਰਨ ਦੇ ਵੱਟੇ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਵੇਲਣੇ ਵਿਚ ਪੀੜਿਆ ਜਾਂਦਾ ਹੈ)। ਗੁਨ ਕਉ = ਗੁਣਾਂ ਦੀ ਖ਼ਾਤਰ, ਗੁਣਾਂ ਦੇ ਬਦਲੇ। ਮਰੀਐ = ਮਰਨਾ ਪੈਂਦਾ ਹੈ, ਆਪਾ-ਭਾਵ ਤਿਆਗਣਾ ਪੈਂਦਾ ਹੈ। ਰੋਇ = ਰੋ ਕੇ, (ਔਗੁਣਾਂ ਨੂੰ) ਛੱਡ ਕੇ।
ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥
The person who lacks virtue - no one calls him good. ||72||
(ਜੋ ਮਨੁੱਖ ਆਪਾ-ਭਾਵ ਨਹੀਂ ਤਿਆਗਦਾ, ਤੇ, ਵਿਕਾਰਾਂ ਵਲ ਹੀ ਰੁੱਚੀ ਰੱਖਦਾ ਹੈ, ਉਸ) ਵਿਕਾਰੀ ਮਨੁੱਖ ਨੂੰ (ਜਗਤ ਵਿਚ) ਕੋਈ ਬੰਦਾ ਚੰਗਾ ਨਹੀਂ ਆਖਦਾ (ਭਾਵ, ਭਗਤੀ ਦੀ ਦਾਤ ਤੋਂ ਵਾਂਜਿਆ ਰਹਿੰਦਾ ਹੈ, ਤੇ, ਜਗਤ ਵਿਚ ਬਦਨਾਮੀ ਭੀ ਖੱਟਦਾ ਹੈ) ॥੭੨॥ ਮਾਨਸੈ = ਮਨੁੱਖ ਨੂੰ। ਕਹਿ ਹੈ = ਕਹੇਗਾ, ਆਖੇਗਾ ॥੭੨॥