ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ

Come, O friends: let us meet together and enjoy all the tastes and flavors.

ਹੇ ਮਿੱਤਰੋ! ਆਓ, ਰਲ ਕੇ (ਹਰਿ-ਨਾਮ ਜਪੀਏ। ਇਹੀ ਹਨ ਮਾਨੋ) ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ। ਮੀਤ = ਹੇ ਮਿੱਤਰ! ਇਕਤ੍ਰ ਹੋਇ = ਇਕੱਠੇ ਹੋ ਕੇ, ਮਿਲ ਕੇ। ਰਸ ਕਸ = ਹਰੇਕ ਕਿਸਮ ਦੇ ਸੁਆਦਲੇ ਪਦਾਰਥ। ਸਭਿ = ਸਾਰੇ। ਭੁੰਚਹ = ਅਸੀਂ ਖਾਈਏ (ਸੁਆਦ ਨਾਲ)।

ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥

Let us join together and chant the Ambrosial Name of the Lord, Har, Har, and so wipe away our sins. ||1||

ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ ॥੧॥ ਜਪਹ = ਅਸੀਂ ਜਪੀਏ। ਮਿਲਿ = ਮਿਲ ਕੇ। ਮੁੰਚਹ = ਦੂਰ ਕਰ ਲਈਏ ॥੧॥

ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਲਾਗੈ

Reflect upon the essence of reality, O Saintly beings, and no troubles shall afflict you.

ਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, ਤਤੁ = ਅਸਲੀਅਤ, ਮਨੁੱਖਾ ਜਨਮ ਦਾ ਅਸਲ ਮਨੋਰਥ। ਤਾ ਤੇ = ਇਸ (ਉੱਦਮ) ਤੋਂ।

ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ

All of the thieves shall be destroyed, as the Gurmukhs remain wakeful. ||1||Pause||

ਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੧॥ ਰਹਾਉ ॥ ਖੀਨ = ਕਮਜ਼ੋਰ। ਤਸਕਰਾ = ਚੋਰ। ਜਾਗੈ = ਸੁਚੇਤ ਰਹਿੰਦਾ ਹੈ ॥੧॥ ਰਹਾਉ ॥

ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ

Take wisdom and humility as your supplies, and burn away the poison of pride.

ਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)। ਗਰੀਬੀ = ਨਿਮ੍ਰਤਾ। ਲੈਹੁ = ਪੱਲੇ ਬੰਨ੍ਹੋ। ਬਿਖੁ = ਜ਼ਹਰ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ)। ਜਾਰਹੁ = ਸਾੜ ਦਿਉ।

ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥

True is that shop, and perfect the transaction; deal only in the merchandise of the Naam, the Name of the Lord. ||2||

(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ॥੨॥ ਸਾਚਾ = ਸਦਾ ਕਾਇਮ ਰਹਿਣ ਵਾਲਾ। ਹਟੁ = ਵੱਡੀ ਦੁਕਾਨ। ਵਾਪਾਰਹੁ = ਖ਼ਰੀਦੋ ॥੨॥

ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ

They alone are accepted and approved, who dedicate their souls, bodies and wealth.

(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ, ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ। ਜੀਉ = ਜਿੰਦ। ਪਿੰਡੁ = ਸਰੀਰ। ਅਰਪਿਆ = ਭੇਟਾ ਕਰ ਦਿੱਤਾ। ਪਤਿ = ਇੱਜ਼ਤ।

ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥

Those who are pleasing to their God, celebrate in happiness. ||3||

ਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ॥੩॥ ਪ੍ਰਭੂ ਭਾਣਿਆ = ਪ੍ਰਭੂ ਨੂੰ ਚੰਗੇ ਲੱਗਦੇ ਹਨ। ਕੇਲ = ਆਨੰਦ ॥੩॥

ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ

Those fools, who drink in the wine of evil-mindedness, become the husbands of prostitutes.

(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ। ਦੁਰਮਤਿ = ਖੋਟੀ ਅਕਲ। ਮਦੁ = ਸ਼ਰਾਬ। ਬਿਖਲੀ = {वृषली} ਸ਼ੂਦਰਾਣੀ, ਵਿਭਚਾਰਨ। ਬਿਖਲੀ ਪਤਿ = ਦੁਰਾਚਾਰੀ ਮਨੁੱਖ।

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥

But those who are imbued with the sublime essence of the Lord, O Nanak, are intoxicated with the Truth. ||4||12||114||

ਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ॥੪॥੧੨॥੧੧੪॥ ਰਸਾਇਣਿ = ਰਸਾਇਣ ਵਿਚ। ਰਸਾਇਣ = {ਰਸ-ਅਯਨ} ਸਾਰੇ ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਰਤੇ = ਮਸਤ। ਸਚ = ਸਦਾ ਥਿਰ-ਰਹਿਣ ਵਾਲਾ ਪਰਮਾਤਮਾ। ਅਮਲੀ = ਜਿਸ ਨੂੰ ਅਮਲ ਲੱਗਾ ਹੋਇਆ ਹੋਵੇ, ਜੋ ਅਮਲ ਤੋਂ ਬਿਨਾ ਰਹਿ ਨਾ ਸਕੇ। ਅਮਲ = ਨਸ਼ਾ ॥੪॥੧੨॥੧੧੪॥