ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਗਾਵਉਗੋ

There are countless Vedas, Puraanas and Shaastras; I do not sing their songs and hymns.

ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ, ਆਨੰਤਾ = ਬੇਅੰਤ। ਨ ਗਾਵਉਗੋ = ਨ ਗਾਵਉਂ, ਮੈਂ ਨਹੀਂ ਗਾਉਂਦਾ।

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥

In the imperishable realm of the Formless Lord, I play the flute of the unstruck sound current. ||1||

ਕਿਉਂਕਿ ਮੈਂ ਅਵਿਨਾਸ਼ੀ ਟਿਕਾਣੇ ਵਾਲੇ ਨਿਰੰਕਾਰ ਵਿਚ ਜੁੜ ਕੇ (ਉਸ ਦੇ ਪਿਆਰੇ ਦੀ) ਇੱਕ-ਰਸ ਬੰਸਰੀ ਵਜਾ ਰਿਹਾ ਹਾਂ ॥੧॥ ਅਖੰਡ = ਅਵਿਨਾਸ਼ੀ। ਅਖੰਡ ਮੰਡਲ = ਅਵਿਨਾਸ਼ੀ ਟਿਕਾਣੇ ਵਾਲਾ (ਪ੍ਰਭੂ)। ਅਨਹਦ ਬੇਨੁ = ਇਕ-ਰਸ ਵੱਜਦੀ ਰਹਿਣ ਵਾਲੀ ਬੰਸਰੀ। ਬਜਾਵਉਗੋ = ਬਜਾਂਵਉ, ਮੈਂ ਵਜਾ ਰਿਹਾ ਹਾਂ ॥੧॥

ਬੈਰਾਗੀ ਰਾਮਹਿ ਗਾਵਉਗੋ

Becoming detached, I sing the Lord's Praises.

(ਸਤਿਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਮੈਂ ਵੈਰਾਗਵਾਨ ਹੋ ਕੇ, ਵਿਰਕਤ ਹੋ ਕੇ ਪ੍ਰਭੂ ਦੇ ਗੁਣ ਗਾ ਰਿਹਾ ਹਾਂ, ਬੈਰਾਗੀ = ਵੈਰਾਗਵਾਨ ਹੋ ਕੇ, ਮਾਇਆ ਵਲੋਂ ਉਪਰਾਮ ਹੋ ਕੇ, ਮਾਇਆ ਨਾਲੋਂ ਮੋਹ ਤੋੜ ਕੇ।

ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ

Imbued with the unattached, unstruck Word of the Shabad, I shall go to the home of the Lord, who has no ancestors. ||1||Pause||

ਅਬਿਨਾਸੀ ਪ੍ਰਭੂ (ਦੇ ਪਿਆਰ) ਵਿਚ ਰੰਗਿਆ ਗਿਆ ਹਾਂ, ਤੇ ਸਰਬ-ਕੁਲ-ਵਿਆਪਕ ਪ੍ਰਭੂ ਦੇ ਚਰਨਾਂ ਵਿਚ ਅੱਪੜ ਗਿਆ ਹਾਂ ॥੧॥ ਰਹਾਉ ॥ ਸਬਦਿ = (ਗੁਰੂ ਦੇ) ਸ਼ਬਦ ਦੀ ਰਾਹੀਂ। ਅਤੀਤ = ਵਿਰਕਤ, ਉਦਾਸ। ਅਨਾਹਦਿ = ਅਨਾਹਦ ਵਿਚ, ਇੱਕ-ਰਸ ਟਿਕੇ ਰਹਿਣ ਵਾਲੇ ਹਰੀ ਵਿਚ, ਅਵਿਨਾਸ਼ੀ ਪ੍ਰਭੂ ਵਿਚ। ਆਕੁਲ ਕੈ ਘਰਿ = ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਵਿਚ। ਜਾਉਗੋ = ਜਾਉ, ਮੈਂ ਜਾਂਦਾ ਹਾਂ, ਮੈਂ ਟਿਕਿਆ ਰਹਿੰਦਾ ਹਾਂ ॥੧॥ ਰਹਾਉ ॥

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ

Then, I shall no longer control the breath through the energy channels of the Ida, Pingala and Shushmanaa.

(ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜੋ ਮੈਂ) ਚੰਚਲ ਮਨ ਨੂੰ ਰੋਕਿਆ ਹੈ, ਇਹੀ ਮੇਰਾ ਇੜਾ, ਪਿੰਗਲਾ, ਸੁਖਮਨਾ (ਦਾ ਸਾਧਨ) ਹੈ; ਪਉਨੈ ਬੰਧਿ = ਪਵਨ ਨੂੰ ਬੰਨ੍ਹ ਕੇ, ਪਵਨ ਵਰਗੇ ਚੰਚਲ ਮਨ ਨੂੰ ਕਾਬੂ ਵਿਚ ਰੱਖ ਕੇ। (ਨੋਟ: ਸਾਰੇ ਬੰਦ ਗਹੁ ਨਾਲ ਪੜ੍ਹੋ; ਸਿਫ਼ਤ-ਸਾਲਾਹ ਦੇ ਟਾਕਰੇ ਤੇ ਕਰਮ ਕਾਂਡ ਤੇ ਤੀਰਥ ਇਸ਼ਨਾਨ ਆਦਿਕ ਦੀ ਨਿਖੇਧੀ ਕਰ ਰਹੇ ਹਨ; ਇਸ ਬੰਦ ਵਿਚ ਭੀ ਪ੍ਰਾਣਾਯਾਮ ਨੂੰ ਬੇ-ਲੋੜਵਾਂ ਕਹਿ ਰਹੇ ਹਨ)। ਸੁਖਮਨਾ {Skt. सुषुम्णा = A particular artery of the human body said to lie between इड़ा and पिंगला two of the vessels of the body} ਨੱਕ ਦੇ ਉੱਪਰਵਾਰ ਮੱਥੇ ਦੇ ਵਿਚ ਉਹ ਨਾੜੀ ਜਿਸ ਵਿਚ ਪ੍ਰਾਣਾਯਾਮ ਵੇਲੇ ਜੋਗੀ ਲੋਕ ਖੱਬੀ ਸੁਰ (ਇੜਾ) ਦੇ ਰਾਹ ਪ੍ਰਾਣ ਚਾੜ੍ਹ ਕੇ ਟਿਕਾਉਂਦੇ ਹਨ ਤੇ ਸੱਜੀ ਨਾਸ ਦੀ ਨਾੜੀ ਪਿੰਗਲਾ ਦੇ ਰਾਹ ਉਤਾਰ ਦੇਂਦੇ ਹਨ।

ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥

I look upon both the moon and the sun as the same, and I shall merge in the Light of God. ||2||

ਮੇਰੇ ਲਈ ਖੱਬੀ ਸੱਜੀ ਸੁਰ ਇਕੋ ਜਿਹੀ ਹੈ (ਭਾਵ, ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ ਇੱਕੋ ਜਿਹੀ ਗੱਲ ਹੈ, ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿਚ ਟਿਕਿਆ ਬੈਠਾ ਹਾਂ ॥੨॥ ਚੰਦੁ = ਖੱਬੀ ਸੁਰ ਇੜਾ। ਸੂਰਜੁ = ਸੱਜੀ ਸੁਰ ਪਿੰਗਲਾ। ਸਮ = ਬਰਾਬਰ, ਇੱਕੋ ਜਿਹੀ ॥੨॥

ਤੀਰਥ ਦੇਖਿ ਜਲ ਮਹਿ ਪੈਸਉ ਜੀਅ ਜੰਤ ਸਤਾਵਉਗੋ

I do not go to see sacred shrines of pilgrimage, or bathe in their waters; I do not bother any beings or creatures.

ਨਾ ਮੈਂ ਤੀਰਥਾਂ ਦੇ ਦਰਸ਼ਨ ਕਰਦਾ ਹਾਂ, ਨਾ ਉਹਨਾਂ ਦੇ ਪਾਣੀ ਵਿਚ ਚੁੱਭੀ ਲਾਉਂਦਾ ਹਾਂ, ਤੇ ਨਾ ਹੀ ਮੈਂ ਉਸ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਡਰਉਂਦਾ ਹਾਂ। ਨ ਪੈਸਉ = ਨਹੀਂ ਪੈਂਦਾ।

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨੑਾਉਗੋ ॥੩॥

The Guru has shown me the sixty-eight places of pilgrimage within my own heart, where I now take my cleansing bath. ||3||

ਮੈਨੂੰ ਤਾਂ ਮੇਰੇ ਗੁਰੂ ਨੇ (ਮੇਰੇ ਅੰਦਰ ਹੀ) ਅਠਾਹਠ ਤੀਰਥ ਵਿਖਾ ਦਿੱਤੇ ਹਨ। ਸੋ, ਮੈਂ ਆਪਣੇ ਅੰਦਰ ਹੀ (ਆਤਮ-ਤੀਰਥ ਉੱਤੇ) ਇਸ਼ਨਾਨ ਕਰਦਾ ਹਾਂ ॥੩॥ ਭੀਤਰਿ = ਅੰਦਰ ॥੩॥

ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਕਹਾਵਉਗੋ

I do not pay attention to anyone praising me, or calling me good and nice.

(ਕਰਮ-ਕਾਂਡ, ਤੀਰਥ ਆਦਿਕ ਨਾਲ ਲੋਕ ਜਗਤ ਦੀ ਸੋਭਾ ਲੋੜਦੇ ਹਨ, ਪਰ) ਮੈਨੂੰ (ਇਹਨਾਂ ਕਰਮਾਂ ਦੇ ਆਧਾਰ ਤੇ) ਸੱਜਣਾਂ-ਮਿੱਤਰਾਂ ਤੇ ਲੋਕਾਂ ਦੀ ਸੋਭਾ ਦੀ ਲੋੜ ਨਹੀਂ ਹੈ, ਮੈਨੂੰ ਇਹ ਗ਼ਰਜ਼ ਨਹੀਂ ਕਿ ਕੋਈ ਮੈਨੂੰ ਭਲਾ ਆਖੇ। ਪੰਚ ਸਹਾਈ = ਸੱਜਣ ਮਿੱਤਰ।

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥

Says Naam Dayv, my consciousness is imbued with the Lord; I am absorbed in the profound state of Samaadhi. ||4||2||

ਨਾਮਦੇਵ ਆਖਦਾ ਹੈ ਮੇਰਾ ਚਿੱਤ ਪ੍ਰਭੂ (ਪਿਆਰ) ਵਿਚ ਰੰਗਿਆ ਗਿਆ ਹੈ, ਮੈਂ ਉਸ ਟਿਕਾਉ ਵਿਚ ਟਿਕਿਆ ਹੋਇਆ ਹਾਂ ਜਿੱਥੇ ਮਾਇਆ ਦਾ ਕੋਈ ਫੁਰਨਾ ਨਹੀਂ ਫੁਰਦਾ ॥੪॥੨॥ ਰਾਤਾ = ਰੰਗਿਆ ਹੋਇਆ। ਸੁੰਨ ਸਮਾਧਿ = ਮਨ ਦੀ ਉਹ ਇਕਾਗ੍ਰਤਾ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, ਜਿਸ ਵਿਚ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ ॥੪॥੨॥