ਸਲੋਕੁ ਮਃ

Salok, First Mehl:

ਸਲੋਕ ਪਹਿਲੀ ਪਾਤਸ਼ਾਹੀ।

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ

O Nanak, the soul of the body has one chariot and one charioteer.

ਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਇਕ ਰਥਵਾਹੀ ਹੈ (ਭਾਵ, ਇਹ ਜ਼ਿੰਦਗੀ ਦਾ ਇਕ ਲੰਮਾ ਸਫ਼ਰ ਹੈ, ਮਨੁੱਖ ਮੁਸਾਫ਼ਰ ਹੈ; ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈ ਕਰਨ ਵਾਸਤੇ ਜੀਵ ਸਮੇ ਦੇ ਪਰਭਾਵ ਵਿਚ ਆਪਣੀ ਮਤ ਅਨੁਸਾਰ ਕਿਸੇ ਨ ਕਿਸੇ ਦੀ ਅਗਵਾਈ ਵਿਚ ਤੁਰ ਰਹੇ ਹਨ, ਕਿਸੇ ਨ ਕਿਸੇ ਦਾ ਆਸਰਾ ਤੱਕ ਰਹੇ ਹਨ। ਪਰ ਜਿਉਂ ਜਿਉਂ ਸਮਾ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦੇ ਸੁਭਾਉ ਬਦਲ ਰਹੇ ਹਨ, ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਭੀ ਬਦਲ ਰਿਹਾ ਹੈ; ਤਾਂ ਤੇ) ਮੇਰੁ = ਜਿਵੇਂ 'ਮੇਰੂ' ਪਰਬਤ ਦੇ ਦੁਆਲੇ ਸਾਰੇ ਗ੍ਰਹਿ (ਤਾਰੇ) ਭੌਂਦੇ ਹਨ, ਸਾਰੇ 'ਦੀਪਾਂ' ਦਾ ਇਹ ਕੇਂਦਰ ਹੈ ਤੇ ਇਸ ਵਿਚ ਸੋਨਾ ਤੇ ਹੀਰੇ ਮਿਲਦੇ ਹਨ; ਜਿਵੇਂ ਮਾਲਾ ਦੇ ੧੦੮ ਮਣਕਿਆਂ ਵਿਚ ਸਿਰਤਾਜ ਮਣਕਾ 'ਮੇਰੂ' ਹੈ; ਜਿਵੇਂ ਮੋਤੀਆਂ ਦੇ ਹਾਰ ਦਾ ਸ਼ਿਰੋਮਣ ਮੋਤੀ 'ਮੇਰੂ' ਅਖਵਾਂਦਾ ਹੈ, ਤਿਵੇਂ ਪ੍ਰਭੂ ਦੀ ਰਚਨਾ ਦੀਆਂ ਬੇਅੰਤ ਜੂਨੀਆਂ ਵਿਚੋਂ ਸ਼ਿਰੋਮਣੀ ਜੂਨ ਮਨੁੱਖਾ-ਜੂਨ 'ਮੇਰੂ' ਅਖਵਾਂਦੀ ਹੈ ਅਤੇ ਮਨੁੱਖਾ-ਸਰੀਰ ਬਾਕੀ ਸਭ ਜੂਨੀਆਂ ਦੇ ਸਰੀਰਾਂ ਵਿਚੋਂ 'ਮੇਰੂ' ਹੈ। ਮੇਰੁ ਸਰੀਰ ਕਾ = (ਸਰੀਰਾਂ ਵਿਚੋਂ) ਮੇਰੁ ਸਰੀਰ ਦਾ, (ਸਾਰੀਆਂ ਜੂਨੀਆਂ ਦੇ ਸਰੀਰਾਂ ਵਿਚੋਂ) ਮੇਰੂ ਸਰੀਰ ਦਾ, ਸ਼ਿਰੋਮਣੀ ਸਰੀਰ ਦਾ, ਭਾਵ, ਮਨੁੱਖਾ-ਸਰੀਰ ਦੇ ਵਾਸਤੇ। ਰਥੁ = ਕਾਠ ਉਪਨਿਸ਼ਦ ਵਿਚ ਮਨੁੱਖਾ ਸਰੀਰ ਨੂੰ ਰਥ ਨਾਲ ਉਪਮਾ ਦਿੱਤੀ ਗਈ ਹੈ; ਭਾਵ, ਸਰੀਰ ਨੂੰ ਰਥ ਸਮਝੋ ਤੇ ਆਤਮਾ ਨੂੰ ਇਸ ਰਥ ਦਾ ਰਥਵਾਹੀ ਜਾਣੋ। ਰਥਵਾਹੁ = ਰਥ ਨੂੰ ਚਲਾਣ ਵਾਲਾ।

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ

In age after age they change; the spiritually wise understand this.

ਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ। ਜੁਗੁ ਜੁਗੁ = ਹਰੇਕ ਜੁਗ ਵਿਚ। ਜੁਗੁ = ਇਸ ਸ੍ਰਿਸ਼ਟੀ ਦੀ ਇਕ ਉਮਰ ਨੂੰ 'ਜੁਗ' ਕਿਹਾ ਜਾਂਦਾ ਹੈ। ਜੁਗ ਗਿਣਤੀ ਵਿਚ ਚਾਰ ਹਨ: ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ। ਹਰੇਕ ਜੁਗ ਦੀ ਉਮਰ ਕ੍ਰਮ ਅਨੁਸਾਰ ੧੭੨੮੦੦੦, ੧੫੯੬੦੦੦, ੮੬੪੦੦੦ ਅਤੇ ੪੭੨੦੦੦ ਸਾਲ (ਮਨੁੱਖਾਂ ਦੇ ਸਾਲ) ਹੈ; ਇਹ ਸਾਰਾ ਸਮਾ ਮਿਲਾ ਕੇ ਇਕ 'ਮਹਾ ਜੁਗ' ਬਣਦਾ ਹੈ। ਹਰੇਕ ਜੁਗ ਦੀ ਉਮਰ ਤਰਤੀਬ = ਵਾਰ ਘਟਦੀ ਗਈ ਹੈ। ਇਸ ਸੰਬੰਧੀ ਖ਼ਿਆਲ ਇਹ ਹੈ ਕਿ ਇਹਨਾਂ ਜੁਗਾਂ ਵਿਚ ਦੇ ਜੀਵਾਂ ਦਾ ਸਰੀਰਕ ਬਲ ਤੇ ਆਚਰਨ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਸ ਕਰਕੇ ਜੁਗਾਂ ਦੀ ਉਮਰ ਭੀ ਨਾਲੋ ਨਾਲ ਘਟਦੀ ਜਾ ਰਹੀ ਹੈ। ਵਟਾਈਅਹਿ = ਵਟਾਏ ਜਾਂਦੇ ਹਨ, ਬਦਲਦੇ ਰਹਿੰਦੇ ਹਨ। ਗਿਆਨੀ = ਗਿਆਨ ਵਾਲੇ ਮਨੁੱਖ। ਤਾਹਿ = ਇਸ ਗੱਲ ਨੂੰ।

ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ

In the Golden Age of Sat Yuga, contentment was the chariot and righteousness the charioteer.

ਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਸੰਤੋਖ' ਹੁੰਦਾ ਹੈ ਤੇ ਰਥਵਾਹੀ 'ਧਰਮ' ਹੈ (ਭਾਵ, ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ 'ਧਰਮ' ਹੋਵੇ, 'ਧਰਮ' ਜੀਵਨ-ਮਨੋਰਥ ਹੋਣ ਕਰਕੇ ਸੁਤੇ ਹੀ 'ਸੰਤੋਖ' ਉਹਨਾਂ ਦੀ ਸਵਾਰੀ ਹੁੰਦਾ ਹੈ, 'ਸੰਤੋਖ' ਵਾਲਾ ਸੁਭਾਉ ਜੀਵਾਂ ਦੇ ਅੰਦਰ ਪਰਬਲ ਹੁੰਦਾ ਹੈ। ਇਹ ਜੀਵ, ਮਾਨੋ, ਸਤਜੁਗੀ ਹਨ, ਸਤਜੁਗ ਵਿਚ ਵੱਸ ਰਹੇ ਹਨ)। ਸਤਜੁਗਿ = ਸਤਜੁਗ ਵਿਚ।

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ

In the Silver Age of Traytaa Yuga, celibacy was the chariot and power the charioteer.

ਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਜਤੁ' ਹੈ ਤੇ ਇਸ 'ਜਤ' ਰੂਪ ਰਥ ਦੇ ਅੱਗੇ ਰਥਵਾਹੀ 'ਜੋਰੁ' ਹੈ (ਭਾਵ, ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ 'ਸੂਰਮਤਾ' (Chivalry) ਹੋਵੇ, ਤਦੋਂ ਸੁਤੇ ਹੀ 'ਜਤੁ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਸੂਰਮਤਾ' ਦੇ ਪਿਆਰੇ ਮਨੁੱਖਾਂ ਦੇ ਅੰਦਰ 'ਜਤੀ' ਰਹਿਣ ਦਾ ਵਲਵਲਾ ਸਭ ਤੋਂ ਵਧੀਕ ਪਰਬਲ ਹੁੰਦਾ ਹੈ।) ਤ੍ਰੇਤੈ = ਤ੍ਰੇਤੇ ਜੁਗ ਵਿਚ।

ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ

In the Brass Age of Dwaapar Yuga, penance was the chariot and truth the charioteer.

ਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ 'ਤਪੁ' ਹੈ ਤੇ ਇਸ 'ਤਪ' ਰੂਪ ਰਥ ਦੇ ਅੱਗੇ ਰਥਵਾਹੀ 'ਸਤੁ' ਹੁੰਦਾ ਹੈ (ਭਾਵ, ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ, ਤਦੋਂ ਸੁਤੇ ਹੀ 'ਤਪ' ਉਹਨਾਂ ਦੀ ਸਵਾਰੀ ਹੁੰਦਾ ਹੈ। 'ਉੱਚੇ ਆਚਰਨ' ਦੇ ਆਸ਼ਕ ਆਪਣੇ ਸਰੀਰਕ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਣ ਦੀ ਖ਼ਾਤਰ ਕਈ ਤਰ੍ਹਾਂ ਦੇ ਤਪ, ਕਸ਼ਟ ਝੱਲਦੇ ਹਨ)। ਸਤੁ = ਉੱਚਾ ਆਚਰਨ।

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

In the Iron Age of Kali Yuga, fire is the chariot and falsehood the charioteer. ||1||

ਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ 'ਅੱਗ' ਰੂਪ ਰਥ ਦੇ ਅੱਗੇ ਰਥਵਾਹੀ 'ਕੂੜੁ' ਹੈ (ਭਾਵ, ਜਦੋਂ ਜੀਵਾਂ ਦਾ ਜ਼ਿੰਦਗੀ ਦਾ ਮਨੋਰਥ 'ਕੂੜੁ' ਠੱਗੀ ਆਦਿਕ ਹੋਵੇ ਤਦੋਂ ਸੁਤੇ ਹੀ 'ਤ੍ਰਿਸ਼ਨਾ' ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ। ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ) ॥੧॥