ਰਾਗੁ ਗੂਜਰੀ ਮਹਲਾ ੫ ॥
Raag Goojaree, Fifth Mehl:
ਰਾਗ ਗੁਜਰੀ, ਪੰਜਵੀਂ ਪਾਤਸ਼ਾਹੀ।
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
Why, O mind, do you plot and plan, when the Dear Lord Himself provides for your care?
ਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ? ਕਾਹੇ = ਕਿਉਂ? ਚਿਤਵਹਿ = ਤੂੰ ਸੋਚਦਾ ਹੈਂ। ਚਿਤਵਹਿ ਉਦਮੁ = ਤੂੰ ਉੱਦਮ ਚਿਤਵਦਾ ਹੈਂ, ਤੂੰ ਜ਼ਿਕਰ ਕਰਦਾ ਹੈਂ, {❀ ਨੋਟ:'ਉੱਦਮ ਚਿਤਵਨ' ਅਤੇ 'ਉੱਦਮ ਕਰਨ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। ਰੋਜ਼ੀ ਕਮਾਣ ਲਈ ਉੱਦਮ ਕਰਨਾ ਹਰੇਕ ਮਨੁੱਖ ਦਾ ਫ਼ਰਜ਼ ਹੈ। ਗੁਰੂ ਸਾਹਿਬ ਨੇ ਚਿੰਤਾ-ਤੌਖ਼ਲਾ ਕਰੀ ਜਾਣ ਵਾਲੇ ਗ਼ਲਤ ਰਸਤੇ ਵਲੋਂ ਵਰਜਿਆ ਹੈ}। ਜਾ ਆਹਰਿ = ਜਿਸ ਆਹਰ ਵਿਚ। ਪਰਿਆ = ਪਿਆ ਹੋਇਆ ਹੈ।
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥
From rocks and stones He created living beings; He places their nourishment before them. ||1||
ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥ ਸੈਲ = ਚਿਟਾਨ। ਤਾ ਕਾ = ਉਹਨਾਂ ਦਾ। ਆਗੈ = ਪਹਿਲਾਂ ਹੀ॥੧॥
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥
O my Dear Lord of souls, one who joins the Sat Sangat, the True Congregation, is saved.
ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ। ਮਾਧਉ ਜੀ = ਹੇ ਪ੍ਰਭੂ ਜੀ! ਹੇ ਮਾਇਆ ਦੇ ਪਤੀ ਜੀ! {ਮਾਧਉ = ਮਾ-ਧਵ। ਮਾ = ਮਾਇਆ। ਧਵ = ਪਤੀ}।
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥
By Guru's Grace, the supreme status is obtained, and the dry wood blossoms forth again in lush greenery. ||1||Pause||
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥ ਪਰਸਾਦਿ = ਕਿਰਪਾ ਨਾਲਿ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਕਾਸਟ = ਕਾਠ, ਲੱਕੜੀ॥੧॥ਰਹਾਉ॥
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
Mothers, fathers, friends, children and spouses-no one is the support of anyone else.
(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ। ਜਨਨਿ = ਮਾਂ। ਸੁਤ = ਪੁੱਤਰ। ਬਨਿਤਾ = ਵਹੁਟੀ। ਧਰਿਆ = ਆਸਰਾ। ਕਿਸ ਕੀ = ਕਿਸੇ ਦਾ।
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥
For each and every person, our Lord and Master provides sustenance. Why are you so afraid, O mind? ||2||
ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥ ਸਿਰਿ = ਸਿਰ ਉੱਤੇ। ਸਿਰਿ ਸਿਰਿ = ਹਰੇਕ ਸਿਰ ਉਤੇ, ਹਰੇਕ ਜੀਵ ਲਈ। ਸੰਬਾਹੇ = {संवाहय} ਅਪੜਾਂਦਾ ਹੈ। ਮਨ = ਹੇ ਮਨ! ॥੨॥
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
The flamingoes fly hundreds of miles, leaving their young ones behind.
(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ। ਊਡੇ = ਊਡਿ। ਊਡੇ ਊਡਿ = ਊਡਿ ਊਡਿ, ਉੱਡ ਕੇ। ਸੈ = ਸੈਂਕੜੇ (ਲਫ਼ਜ਼ 'ਸਉ' ਤੋਂ ਬਹੁ-ਵਚਨ)। ਤਿਸੁ ਪਾਛੈ = ਉਸ (ਕੂੰਜ) ਦੇ ਪਿਛੇ। ਬਚਰੇ = ਨਿੱਕੇ ਨਿੱਕੇ ਬੱਚੇ। ਛਰਿਆ = ਛੱਡੇ ਹੋਏ ਹੁੰਦੇ ਹਨ।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥
Who feeds them, and who teaches them to feed themselves? Have you ever thought of this in your mind? ||3||
ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥ ਚੁਗਾਵੈ = ਚੋਗਾ ਦੇਂਦਾ ਹੈ। ਮਨਿ ਮਹਿ = (ਉਹ ਕੂੰਜ ਆਪਣੇ) ਮਨ ਵਿਚ। ਸਿਮਰਨੁ = (ਉਹਨਾਂ ਬੱਚਿਆਂ ਦਾ) ਧਿਆਨ। ਖਲਾਵੈ = ਖੁਆਲਦਾ ਹੈ। ਕਵਣੁ ਖਲਾਵੈ = ਕੌਣ ਖੁਆਲਦਾ ਹੈ? ਕੋਈ ਭੀ ਕੁਝ ਖੁਆਲਦਾ ਨਹੀਂ।੩। "ਜੈਸੀ ਗਗਨਿ ਫਿਰੰਤੀ ਊਡਤੀ, ਕਪਰੇ ਬਾਗੇ ਵਾਲੀ। ਉਹ ਰਾਖੈ ਚੀਤੁ ਪੀਛੈ ਬਿਚਿ ਬਚਰੇ, ਨਿਤ ਹਿਰਦੈ ਸਾਰਿ ਸਮਾਲੀ।੧।੭।੧੩।੫੧। (ਗਉੜੀ ਬੈਰਾਗਣਿ ਮ: ੪)।
ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
All the nine treasures, and the eighteen supernatural powers are held by our Lord and Master in the Palm of His Hand.
ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ। ਸਭਿ ਨਿਧਾਨ = ਸਾਰੇ ਖ਼ਜ਼ਾਨੇ। ਅਸਟ = ਅੱਠ। ਦਸ ਅਸਟ = ਅਠਾਰਾਂ। ਸਿਧਾਨ = ਸਿੱਧੀਆਂ। ਪਦਮ = ਸੋਨਾ ਚਾਂਦੀ। ਮਹਾ ਪਦਮ = ਹੀਰੇ ਜਵਾਹਰਾਤ। ਸੰਖ = ਸੁੰਦਰ ਭੋਜਨ ਤੇ ਕੱਪੜੇ। ਮਕਰ = ਸ਼ਸਤ੍ਰ ਵਿੱਦਿਆ ਦੀ ਪ੍ਰਾਪਤੀ, ਰਾਜ ਦਰਬਾਰ ਵਿਚ ਮਾਣ। ਮੁਕੰਦੁ = ਰਾਗ ਆਦਿਕ ਕੋਮਲ ਹੁਨਰਾਂ ਦੀ ਪ੍ਰਾਪਤੀ। ਕੁੰਦ = ਸੋਨੇ ਦੀ ਸੁਦਾਗਰੀ। ਨੀਲ = ਮੋਤੀ ਮੂੰਗੇ ਦੀ ਸੁਦਾਗਰੀ। ਕੱਛਪ = ਕੱਪੜੇ ਦਾਣੇ ਦੀ ਸੁਦਾਗਰੀ। ਕਰ ਤਲ = ਹੱਥਾਂ ਦੀਆਂ ਤਲੀਆਂ ਉਤੇ।
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥
Servant Nanak is devoted, dedicated, forever a sacrifice to You, Lord. Your Expanse has no limit, no boundary. ||4||5||
ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥ ਪਾਰਾਵਰਿਆਂ = ਪਾਰ-ਅਵਰ, ਪਾਰਲਾ ਉਰਲਾ ਬੰਨਾ॥੪॥