ਰਾਗੁ ਆਸਾ ਮਹਲਾ ੪ ਸੋ ਪੁਰਖੁ ॥
Raag Aasaa, Fourth Mehl, So Purakh ~ That Primal Being:
ਰਾਗ ਆਸਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋ-ਪੁਰਖੁ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
That Primal Being is Immaculate and Pure. The Lord, the Primal Being, is Immaculate and Pure. The Lord is Inaccessible, Unreachable and Unrivalled.
ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ (ਫਿਰ ਵੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ। ਸੋ = ਉਹ। ਪੁਰਖੁ = { पुरि शोते इति पुरषः} ਜੋ ਹਰੇਕ ਸਰੀਰ ਵਿਚ ਵਿਆਪਕ ਹੈ। ਨਿਰੰਜਨੁ = ਨਿਰ-ਅੰਜਨੁ। ਅੰਜਨੁ = ਕਾਲਖ, ਮਾਇਆ ਦਾ ਪ੍ਰਭਾਵ} ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਅਗਮ = ਅਪਹੁੰਚ {ਗਮ = ਪਹੁੰਚ}। ਅਪਾਰਾ = ਅ-ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
All meditate, all meditate on You, Dear Lord, O True Creator Lord.
ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ। ਸਭਿ = ਸਾਰੇ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}।
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
All living beings are Yours-You are the Giver of all souls.
ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ। ਦਾਤਾਰਾ = ਰਾਜ਼ਕ।
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
Meditate on the Lord, O Saints; He is the Dispeller of all sorrow.
ਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
The Lord Himself is the Master, the Lord Himself is the Servant. O Nanak, the poor beings are wretched and miserable! ||1||
ਉਹ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ! ਉਸ ਤੋਂ ਬਿਨਾ) ਜੀਵ ਵਿਚਾਰੇ ਕੀਹ ਹਨ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ) ॥੧॥ ਠਾਕੁਰੁ = ਮਾਲਕ॥੧॥
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
You are constant in each and every heart, and in all things. O Dear Lord, you are the One.
ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ। ਘਟ = ਸਰੀਰ। ਅੰਤਰਿ = ਅੰਦਰ, ਵਿਚ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ = ਸਾਰੇ। ਨਿਰੰਤਰਿ = ਅੰਦਰ ਇਕ-ਰਸ। ਸਰਬ ਨਿਰੰਤਰਿ = ਸਾਰਿਆਂ ਵਿਚ ਇਕ-ਰਸ। ਅੰਤਰੁ = ਵਿੱਥ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ। ਏਕੋ = ਇਕ (ਆਪ) ਹੀ।
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥
Some are givers, and some are beggars. This is all Your Wondrous Play.
(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਦਾਤੇ = ਦਾਨੀ। ਭੇਖਾਰੀ = ਮੰਗਤੇ। ਸਭਿ = ਸਾਰੇ। ਵਿਡਾਣ = ਅਚਰਜ। ਚੋਜ = ਕੌਤਕ, ਤਮਾਸ਼ੇ।
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥
You Yourself are the Giver, and You Yourself are the Enjoyer. I know no other than You.
(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ)। ਭੁਗਤਾ = ਭੋਗਣ ਵਾਲਾ, ਵਰਤਣ ਵਾਲਾ। ਹਉ = ਹਉਂ, ਮੈਂ।
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥
You are the Supreme Lord God, Limitless and Infinite. What Virtues of Yours can I speak of and describe?
ਤੂੰ ਬੇਅੰਤ ਪਾਰਬ੍ਰਹਮ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ? ਆਖਿ = ਆਖ ਕੇ। ਵਖਾਣਾ = ਮੈਂ ਬਿਆਨ ਕਰਾਂ।
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥
Unto those who serve You, unto those who serve You, Dear Lord, servant Nanak is a sacrifice. ||2||
ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ (ਤੇਰਾ) ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥ ਸੇਵਹਿ = ਸਿਮਰਦੇ ਹਨ। ਜਨੁ ਨਾਨਕ = {ਪਿਛਲੇ ਬੰਦ ਵਿਚ ਦੇ 'ਜਨ ਨਾਨਕ' ਅਤੇ ਇਸ 'ਜਨੁ ਨਾਨਕੁ' ਦੇ ਫ਼ਰਕ ਨੂੰ ਧਿਆਨ ਨਾਲ ਵੇਖੋ}॥੨॥
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥
Those who meditate on You, Lord, those who meditate on You-those humble beings dwell in peace in this world.
ਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ। ਹਰਿ ਜੀ = ਹੇ ਪ੍ਰਭੂ ਜੀ! ਧਿਆਵਹਿ = ਸਿਮਰਦੇ ਹਨ। ਸੇ ਜਨ = ਉਹ ਬੰਦੇ। ਜੁਗਿ ਮਹਿ = ਜ਼ਿੰਦਗੀ ਵਿਚ। ਸੁਖਵਾਸੀ = ਸੁਖ ਨਾਲ ਵੱਸਣ ਵਾਲੇ।
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥
They are liberated, they are liberated-those who meditate on the Lord. For them, the noose of death is cut away.
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)। ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਫਾਸੀ = ਫਾਹੀ।
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥
Those who meditate on the Fearless One, on the Fearless Lord-all their fears are dispelled.
ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ। ਭਉ ਸਭੁ = ਸਾਰਾ ਡਰ। ਗਵਾਸੀ = ਦੂਰ ਕਰ ਦੇਂਦਾ ਹੈ।
ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥
Those who serve, those who serve my Dear Lord, are absorbed into the Being of the Lord, Har, Har.
ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ। ਰੂਪਿ = ਰੂਪ ਵਿਚ। ਸਮਾਸੀ = ਮਿਲ ਜਾਂਦੇ ਹਨ।
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
Blessed are they, blessed are they, who meditate on their Dear Lord. Servant Nanak is a sacrifice to them. ||3||
ਭਾਗਾਂ ਵਾਲੇ ਹਨ ਉਹ ਮਨੁੱਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੩॥ ਧੰਨ = ਭਾਗਾਂ ਵਾਲੇ। ਬਲਿ ਜਾਸੀ = ਸਦਕੇ ਜਾਂਦਾ ਹੈ॥੩॥
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥
Devotion to You, devotion to You, is a treasure overflowing, infinite and beyond measure.
ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ। ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ। ਭਗਤ = ਭਗਤੀ ਕਰਨ ਵਾਲੇ {ਨੋਟ: ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
Your devotees, Your devotees praise You, Dear Lord, in many and various and countless ways.
ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ।
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
For You, many, for You, so very many perform worship services, O Dear Infinite Lord; they practice disciplined meditation and chant endlessly.
ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ। ਅਨਿਕ = ਅਨੇਕਾਂ। ਤਪੁ = ਧੂਣੀਆਂ ਆਦਿਕ ਦਾ ਸਰੀਰਕ ਔਖ।
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
For You, many, for You, so very many read the various Simritees and Shaastras. They perform rituals and religious rites.
ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤਿਆਂ ਅਤੇ ਸ਼ਾਸਤ੍ਰ ਪੜ੍ਹਦੇ ਹਨ (ਅਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ। ਸਿਮ੍ਰਿਤਿ = ਉਹ ਧਾਰਮਿਕ ਪੁਸਤਕ ਜੋ ਹਿੰਦੂ ਵਿਦਵਾਨ ਰਿਸ਼ੀਆਂ ਨੇ ਵੇਦਾਂ ਨੂੰ ਚੇਤੇ ਕਰ ਕੇ ਆਪਣੇ ਸਮਾਜ ਦੀ ਅਗਵਾਈ ਲਈ ਲਿਖੇ, ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਸਾਸਤ = ਹਿੰਦੂ ਧਰਮ ਦੇ ਫਲਸਫ਼ੇ ਦੇ ਪੁਸਤਕ ਜੋ ਗਿਣਤੀ ਵਿਚ ਛੇ ਹਨ: ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ਕਿਰਿਆ = ਧਾਰਮਿਕ ਸੰਸਕਾਰ। ਖਟੁ = ਛੇ। ਖਟੁ ਕਰਮ = ਮਨੂ-ਸਿਮ੍ਰਿਤੀ ਅਨੁਸਾਰ ਇਹ ਛੇ ਕਰਮ ਇਉਂ ਹਨ: ਵਿਦਿਆ ਪੜ੍ਹਨੀ ਤੇ ਪੜ੍ਹਾਣੀ; ਜੱਗ ਕਰਨਾ ਤੇ ਜੱਗ ਕਰਾਣਾ; ਦਾਨ ਦੇਣਾ ਤੇ ਦਾਨ ਲੈਣਾ। ਕਰੰਤਾ = ਕਰਦੇ ਹਨ।
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
Those devotees, those devotees are sublime, O servant Nanak, who are pleasing to my Dear Lord God. ||4||
ਹੇ ਦਾਸ ਨਾਨਕ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥ ਭਾਵਹਿ = ਚੰਗੇ ਲੱਗਦੇ ਹਨ॥੪॥
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥
You are the Primal Being, the Most Wonderful Creator. There is no other as Great as You.
ਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਆਦਿ = ਮੁੱਢ। ਅਪਰੰਪਰੁ = ਅ-ਪਰੰ = ਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਤੁਧੁ ਜੇਵਡੁ = ਤੇਰੇ ਜੇਡਾ, ਤੇਰੇ ਬਰਾਬਰ ਦਾ। ਅਵਰੁ = ਹੋਰ।
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥
Age after age, You are the One. Forever and ever, You are the One. You never change, O Creator Lord.
ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ। ਜੁਗੁ ਜੁਗੁ = ਹਰੇਕ ਜੁਗੁ ਵਿਚ। ਏਕੋ = ਇਕ ਆਪ ਹੀ। ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ। ਵਰਤੈ = ਹੁੰਦਾ ਹੈ।
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥
Everything happens according to Your Will. You Yourself accomplish all that occurs.
ਹੇ ਪ੍ਰਭੂ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ। ਸੁ = ਉਹ।
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
You Yourself created the entire universe, and having fashioned it, You Yourself shall destroy it all.
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ ਕਰਦਾ ਹੈਂ। ਸਭ = ਸਾਰੀ। ਉਪਾਈ = ਪੈਦਾ ਕੀਤੀ। ਸਿਰਜਿ = ਪੈਦਾ ਕਰ ਕੇ। ਆਪੇ = ਆਪ ਹੀ। ਗੋਈ = ਨਾਸ ਕੀਤੀ।
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥
Servant Nanak sings the Glorious Praises of the Dear Creator, the Knower of all. ||5||1||
ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੧॥ ਜਾਣੋਈ = ਜਾਣਨ ਵਾਲਾ। ਸਭਸੈ ਕਾ = ਹਰੇਕ (ਦੇ ਦਿਲ) ਦਾ। ਸੋਈ = ਸੰਭਾਲ ਕਰਨ ਵਾਲਾ॥੫॥