ਆਸਾ ਮਹਲਾ

Aasaa, Fourth Mehl:

ਆਸਾ ਰਾਗ, ਚਊਥੀ ਪਾਤਸ਼ਾਹੀ।

ਤੂੰ ਕਰਤਾ ਸਚਿਆਰੁ ਮੈਡਾ ਸਾਂਈ

You are the True Creator, my Lord and Master.

(ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ। ਸਚਿਆਰੁ = {ਸਚ-ਆਲਯ} ਥਿਰਤਾ ਦਾ ਘਰ, ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ, ਮਾਲਕ।

ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ

Whatever pleases You comes to pass. As You give, so do we receive. ||1||Pause||

(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥ ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥

ਸਭ ਤੇਰੀ ਤੂੰ ਸਭਨੀ ਧਿਆਇਆ

All belong to You, all meditate on you.

(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਸਭ = ਸਾਰੀ (ਸ੍ਰਿਸ਼ਟੀ)। ਤੂੰ = ਤੈਨੂੰ।

ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ

Those who are blessed with Your Mercy obtain the Jewel of the Naam, the Name of the Lord.

ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ (ਕੀਮਤੀ) ਨਾਮ ਲੱਭਾ ਹੈ। ਤਿਨਿ = ਉਸ (ਮਨੁੱਖ) ਨੇ।

ਗੁਰਮੁਖਿ ਲਾਧਾ ਮਨਮੁਖਿ ਗਵਾਇਆ

The Gurmukhs obtain it, and the self-willed manmukhs lose it.

ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ। ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ।

ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥

You Yourself separate them from Yourself, and You Yourself reunite with them again. ||1||

(ਪਰ ਕਿਸੇ ਜੀਵ ਦੇ ਕੀਹ ਵੱਸ? ਹੇ ਪ੍ਰਭੂ!) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ ॥੧॥

ਤੂੰ ਦਰੀਆਉ ਸਭ ਤੁਝ ਹੀ ਮਾਹਿ

You are the River of Life; all are within You.

(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ। ਮਾਹਿ = ਵਿਚ।

ਤੁਝ ਬਿਨੁ ਦੂਜਾ ਕੋਈ ਨਾਹਿ

There is no one except You.

ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।

ਜੀਅ ਜੰਤ ਸਭਿ ਤੇਰਾ ਖੇਲੁ

All living beings are Your playthings.

ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ। ਸਭਿ = ਸਾਰੇ।

ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥

The separated ones meet, and by great good fortune, those suffering in separation are reunited once again. ||2||

ਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਭੀ ਤੈਥੋਂ ਵਿਛੁੜੇ ਹੋਏ ਹਨ। (ਪਰ ਤੇਰੀ ਰਜ਼ਾ ਅਨੁਸਾਰ) ਸੰਜੋਗਾਂ ਦੇ ਲੇਖ ਨਾਲ (ਫਿਰ ਤੇਰੇ ਨਾਲ) ਮਿਲਾਪ ਹੋ ਜਾਂਦਾ ਹੈ ॥੨॥ ਵਿਜੋਗਿ = ਵਿਜੋਗ ਦੇ ਕਾਰਨ (ਭਾਵ, ਜਿਸ ਦੇ ਮੱਥੇ ਉੱਤੇ ਵਿਜੋਗ ਦਾ ਲੇਖ ਹੈ)। ਮਿਲਿ = ਮਿਲ ਕੇ, ਮਨੁੱਖਾ ਸਰੀਰ ਪ੍ਰਾਪਤ ਕਰ ਕੇ। ਸੰਜੋਗੀ = ਸੰਜੋਗ (ਦੇ ਲੇਖ) ਨਾਲ। ਮੇਲੁ = ਮਿਲਾਪ॥੨॥

ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ

They alone understand, whom You inspire to understand;

(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ। ਜਾਣਾਇਹਿ = (ਤੂੰ) ਸਮਝ ਬਖ਼ਸ਼ਦਾ ਹੈਂ। ਸੋਈ = ਉਹੀ।

ਹਰਿ ਗੁਣ ਸਦ ਹੀ ਆਖਿ ਵਖਾਣੈ

they continually chant and repeat the Lord's Praises.

ਉਹ ਮਨੁੱਖ, ਹੇ ਹਰੀ! ਸਦਾ ਤੇਰੇ ਗੁਣ ਗਾਂਦਾ ਹੈ, ਅਤੇ (ਹੋਰਨਾਂ ਨੂੰ) ਉਚਾਰ ਉਚਾਰ ਕੇ ਸੁਣਾਂਦਾ ਹੈ। ਸਦ = ਸਦਾ। ਆਖਿ = ਆਖ ਕੇ।

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ

Those who serve You find peace.

(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ।

ਸਹਜੇ ਹੀ ਹਰਿ ਨਾਮਿ ਸਮਾਇਆ ॥੩॥

They are intuitively absorbed into the Lord's Name. ||3||

ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੩॥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ॥੩॥

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ

You Yourself are the Creator. Everything that happens is by Your Doing.

(ਹੇ ਪ੍ਰਭੂ!) ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈਂ, ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ। ਆਪੇ = ਆਪ ਹੀ। ਕੀਆ = ਕੀਤਾ ਹੋਇਆ। ਸਭੁ = ਹਰੇਕ ਕੰਮ।

ਤੁਧੁ ਬਿਨੁ ਦੂਜਾ ਅਵਰੁ ਕੋਇ

There is no one except You.

ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ। ਅਵਰੁ = ਹੋਰ।

ਤੂ ਕਰਿ ਕਰਿ ਵੇਖਹਿ ਜਾਣਹਿ ਸੋਇ

You created the creation; You behold it and understand it.

ਜੀਵ ਪੈਦਾ ਕਰ ਕੇ ਉਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ, ਤੇ, ਹਰੇਕ (ਦੇ ਦਿਲ) ਦੀ ਸਾਰ ਜਾਣਦਾ ਹੈਂ। ਵੇਖਹਿ = ਸੰਭਾਲ ਕਰਦਾ ਹੈਂ। ਸੋਇ = ਸਾਰ।

ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥

O servant Nanak, the Lord is revealed through the Gurmukh, the Living Expression of the Guru's Word. ||4||2||

ਹੇ ਦਾਸ ਨਾਨਕ! ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪਰਗਟ ਹੋ ਜਾਂਦਾ ਹੈ ॥੪॥੨॥{11-12} ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ।੪। ❀ 'ਤੂੰ' ਬਾਰੇ ਨੋਟ: ਗਉੜੀ ਛੰਤ ਮ: ੫, ਪੰਨਾ ੨੪੮: 'ਮੋਹਨ; ਤੂੰ ਮਾਨਹਿ ਏਕੁ ਜੀ, ਅਵਰ ਸਭ ਰਾਲੀ'; ਇਥੇ ਭੀ ਲਫ਼ਜ਼ 'ਤੂੰ' ਦਾ ਅਰਥ 'ਤੈਨੂੰ' ਹੈ (ਭਾਵ, ਹੇ ਮੋਹਨ ਪ੍ਰਭੂ? ਤੈਨੂੰ ਇੱਕ ਨੂੰ ਹੀ ਲੋਕ-ਨਾਸ ਰਹਿਤ ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸਵੰਤ ਹੈ)। ਇਸੇ ਤਰ੍ਹਾਂ ਸਿਰੀ ਰਾਗੁ ਮ: ੫, ਪੰਨਾ ੫੧, ਸ਼ਬਦ ਨੰ: ੯੫: 'ਜਿਨਿ ਤੂੰ ਸਾਜਿ ਸਵਾਰਿਆ' (ਤੂੰ = ਤੈਨੂੰ)। ਪੰਨਾ ੫੨: 'ਜਿਨ ਤੂੰ ਸੇਵਿਆ ਭਾਉ ਕਰਿ' (ਤੂੰ = ਤੈਨ)। ਪੰਨਾ ੬੧: 'ਗੁਰਮਤਿ ਤੂੰ ਸਲਾਹਣਾ, ਹੋਰੁ ਕੀਮਤਿ ਕਹਣੁ ਨ ਜਾਇ' (ਤੂੰ = ਤੈਨੂੰ)। ਪੰਨਾ ੧੦੦: 'ਜਿਨ ਤੂੰ ਜਾਤਾ, ਜੋ ਤੁਧੁ ਮਨਿ ਭਾਣੇ' (ਤੂੰ = ਤੈਨੂੰ)। ਪੰਨਾ ੧੦੨: 'ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ' (ਤੂੰ = ਤੈਨੂੰ)। ਪੰਨਾ ੧੩੦: 'ਤੁਧੁ ਬਿਨੁ ਅਵਰੁ ਨ ਕੋਈ ਜਾਚਾ, ਗੁਰ ਪਰਸਾਦੀ ਤੂੰ ਪਾਵਣਿਆ' (ਤੂੰ = ਤੈਨੂੰ)। ਪੰਨਾ ੧੪੨: 'ਭੀ ਤੂੰ ਹੈ ਸਲਾਹਣਾ, ਆਖਣ ਲਹੈ ਨ ਚਾਉ' (ਤੂੰ = ਤੈਨੂੰ)। ਹੋਰ ਬਥੇਰੇ ਐਸੇ ਪ੍ਰਮਾਣ ਹਨ ॥੪॥੨॥