ਆਸਾ ਮਹਲਾ

Aasaa, First Mehl:

ਆਸਾ ਰਾਗ, ਪਹਿਲੀ ਪਾਤਸ਼ਾਹੀ।

ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ

In that pool, people have made their homes, but the water there is as hot as fire!

(ਹੇ ਭਾਈ! ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ। ਤਿਤੁ = ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ}। ਸਰਵਰੁ = ਤਾਲਾਬ। ਸਰਵਰੜਾ = ਭਿਆਨਕ ਤਾਲਾਬ। ਸਰਵਰੜੈ = ਭਿਆਨਕ ਤਾਲਾਬ ਵਿਚ। ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ। ਭਈਲੇ = ਹੋਇਆ ਹੈ। ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ। ਤਿਨਹਿ = ਉਸ (ਪ੍ਰਭੂ) ਨੇ (ਆਪ ਹੀ)।

ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

In the swamp of emotional attachment, their feet cannot move. I have seen them drowning there. ||1||

(ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ)। ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ॥੧॥ ਪੰਕ = ਚਿੱਕੜ। ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ। ਪਗੁ = ਪੈਰ। ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ। ਤਹ = ਉਸ (ਸਾਰ) ਵਿਚ। ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ॥੧॥

ਮਨ ਏਕੁ ਚੇਤਸਿ ਮੂੜ ਮਨਾ

In your mind, you do not remember the One Lord-you fool!

ਹੇ ਮਨ! ਹੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਮਨ = ਹੇ ਮਨ! ਮੂੜ ਮਨਾ = ਹੇ ਮੂਰਖ ਮਨ!

ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ

You have forgotten the Lord; your virtues shall wither away. ||1||Pause||

ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ॥੧॥ ਰਹਾਉ ॥ ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ॥੧॥ਰਹਾਉ॥

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ

I am not celibate, nor truthful, nor scholarly. I was born foolish and ignorant into this world.

(ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜ੍ਹਿਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ। ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਂ ਮੂਰਖਾਂ ਵਾਲੀ ਹੁੰਦੀ ਹੈ)। ਹਉ = ਮੈਂ। ਜਤੀ = ਕਾਮ-ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ। ਸਤੀ = ਉੱਚੇ ਆਚਰਨ ਵਾਲਾ। ਮੁਗਧ = ਮੂਰਖ, ਬੇ-ਸਮਝ। ਜਨਮੁ = ਜੀਵਨ।

ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥

Prays Nanak, I seek the Sanctuary of those who have not forgotten You, O Lord! ||2||3||

ਸੋ, ਨਾਨਕ ਬੇਨਤੀ ਕਰਦਾ ਹੈ (ਹੇ ਪ੍ਰਭੂ! ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ॥੨॥੩॥ ਪ੍ਰਣਵਤਿ = ਬੇਨਤੀ ਕਰਦਾ ਹੈ॥੨॥