ਸਲੋਕ ਸੇਖ ਫਰੀਦ ਕੇ

Saloks Of Shaykh Fareed Jee:

ਸ਼ੇਖ ਫਰੀਦ ਜੀ ਦੇ ਸਲੋਕ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ

The day of the bride's wedding is pre-ordained.

ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ), ਜਿਤੁ = ਜਿਸ ਵਿਚ। ਜਿਤੁ ਦਿਹਾੜੈ = ਜਿਸ ਦਿਨ ਵਿਚ, ਜਿਸ ਦਿਨ। ਧਨ = ਇਸਤ੍ਰੀ। ਵਰੀ = ਚੁਣੀ ਜਾਇਗੀ, ਵਿਆਹੀ ਜਾਇਗੀ। ਸਾਹੇ = (ਉਸ ਦਾ) ਨੀਯਤ ਸਮਾ।

ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ

On that day, the Messenger of Death, of whom she had only heard, comes and shows its face.

ਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ (ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਸਮੇ ਸੁਣਿਆ ਸੀ, ਹੁਣ ਉਸ ਜੀਵ-ਇਸਤ੍ਰੀ ਨੂੰ ਆ ਮੂੰਹ ਵਿਖਾਂਦਾ ਹੈ ਜਿਸ ਦੀ ਵਾਰੀ ਆ ਜਾਂਦੀ ਹੈ)। ਮਲਕੁ = ਮਲਕੁਤ ਮੌਤ, (ਮੌਤ ਦਾ) ਫ਼ਰਿਸਤਾ।

ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ

It breaks the bones of the body and pulls the helpless soul out.

ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ। ਕੂੰ = ਨੂੰ।

ਸਾਹੇ ਲਿਖੇ ਚਲਨੀ ਜਿੰਦੂ ਕੂੰ ਸਮਝਾਇ

That pre-ordained time of marriage cannot be avoided. Explain this to your soul.

ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ। ਨ ਚਲਨੀ = ਨਹੀਂ ਟਲ ਸਕਦੇ। ਜਿੰਦੁ ਕੂੰ = ਜਿੰਦ ਨੂੰ।

ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ

The soul is the bride, and death is the groom. He will marry her and take her away.

ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ, ਮਰਣੁ = ਮੌਤ। ਵਰੁ = ਲਾੜਾ। ਪਰਣਾਇ = ਵਿਆਹ ਕੇ।

ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ

After the body sends her away with its own hands, whose neck will it embrace?

ਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਤੇ ਕਿਸ ਦੇ ਗਲ ਲੱਗੇਗੀ? (ਭਾਵ ਨਿਆਸਰੀ ਹੋ ਜਾਇਗੀ)। ਜੋਲਿ ਕੈ = ਤੋਰ ਕੇ। ਕੈ ਗਲਿ = ਕਿਸ ਦੇ ਗਲ ਵਿਚ? ਧਾਇ = ਦੌੜ ਕੇ।

ਵਾਲਹੁ ਨਿਕੀ ਪੁਰਸਲਾਤ ਕੰਨੀ ਸੁਣੀ ਆਇ

The bridge to hell is narrower than a hair; haven't you heard of it with your ears?

ਹੇ ਫਰੀਦ! ਤੂੰ ਕਦੇ 'ਪੁਲ ਸਿਰਾਤ' ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ? ਵਾਲਹੁ = ਵਾਲ ਤੋਂ। ਪੁਰਸਲਾਤ = ਪੁਲ ਸਿਰਾਤ। ਕੰਨੀ = ਕੰਨਾਂ ਨਾਲ।

ਫਰੀਦਾ ਕਿੜੀ ਪਵੰਦੀਈ ਖੜਾ ਆਪੁ ਮੁਹਾਇ ॥੧॥

Fareed, the call has come; be careful now - don't let yourself be robbed. ||1||

ਕੰਨੀਂ ਵਾਜਾਂ ਪੈਂਦਿਆਂ ਭੀ ਆਪਣੇ ਆਪ ਨੂੰ ਲੁਟਾਈ ਨਾ ਜਾਹ (ਭਾਵ, ਜਗਤ ਵਿਚ ਸਮੁੰਦਰ ਹੈ ਜਿਸ ਵਿਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਸ ਵਿਚੋਂ ਸਹੀ ਸਲਾਮੱਤ ਪਾਰ ਲੰਘਣ ਲਈ 'ਦਰਵੇਸ਼ੀ', ਮਾਨੋ, ਇਕ ਪੁਲ ਹੈ, ਜੋ ਹੈ ਬਹੁਤ ਸੌੜਾ ਤੇ ਬਾਰੀਕ, ਭਾਵ, ਦਰਵੇਸ਼ੀ ਕਮਾਣੀ ਬੜੀ ਹੀ ਔਖੀ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਰਸਤਾ ਸਿਰਫ਼ ਇਹੀ ਹੈ। ਧਰਮ-ਪੁਸਤਕਾਂ ਦੀ ਰਾਹੀਂ ਗੁਰੂ-ਪੈਗ਼ੰਬਰ ਤੈਨੂੰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰੇ ਤੋਂ ਬਚਣ ਲਈ ਵਾਜਾਂ ਮਾਰ ਰਹੇ ਹਨ; ਧਿਆਨ ਨਾਲ ਸੁਣ ਤੇ ਜੀਵਨ ਅਜ਼ਾਈਂ ਨਾਹ ਗਵਾ) ॥੧॥ ਕਿੜੀ ਪਵੰਦੀਈ = ਵਾਜਾਂ ਪੈਂਦਿਆਂ। ਕਿੜੀ = ਵਾਜ। ਆਪੁ = ਆਪਣੇ ਆਪ ਨੂੰ। ਨ ਮੁਹਾਇ = ਨਾ ਠੱਗਾ, ਧੋਖੇ ਵਿਚ ਨਾ ਪਾ, ਨਾ ਲੁਟਾ ॥੧॥