ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥
The Yogi who is joined to the Naam, the Name of the Lord, is pure; he is not stained by even a particle of dirt.
ਜਿਸ ਜੋਗੀ ਦੀ ਜੀਵਨ-ਜੁਗਤਿ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਹੈ, ਉਸ ਦੇ ਮਨ ਵਿਚ (ਵਿਕਾਰਾਂ ਵਾਲੀ) ਰਤਾ ਭੀ ਮੈਲ ਨਹੀਂ ਰਹਿ ਜਾਂਦੀ। ਜੁਗਤਿ = ਤਰੀਕਾ, ਰਹਿਤ-ਬਹਿਤ। ਨਿਰਮਾਇਲੁ = ਨਿਰਮਲ, ਪਵਿਤ੍ਰ। ਤਾ ਕੈ = ਉਸ (ਜੋਗੀ ਦੇ ਮਨ) ਵਿਚ। ਰਾਤੀ = ਰਤਾ ਭਰ ਵੀ।
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥
The True Lord, his Beloved, is always with him; the rounds of birth and death are ended for him. ||1||
ਸਭਨਾਂ ਦਾ ਪਿਆਰਾ, ਸਭਨਾਂ ਦਾ ਖਸਮ ਤੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਦਾ ਉਸ (ਜੋਗੀ) ਦੇ ਹਿਰਦੇ ਵਿਚ ਵੱਸਦਾ ਹੈ (ਇਸ ਵਾਸਤੇ) ਜਨਮ ਮਰਨ ਦਾ ਗੇੜ ਪੈਦਾ ਕਰਨ ਵਾਲੀ ਉਸ ਦੀ ਆਤਮਕ ਅਵਸਥਾ ਮੁੱਕ ਜਾਂਦੀ ਹੈ ॥੧॥ ਨਾਥ = ਖਸਮ-ਪ੍ਰਭੂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ! ਸਦਾ ਸੰਗੇ = (ਜਿਸ ਦੇ) ਸਦਾ ਨਾਲ ਹੈ। ਗਤਿ = ਆਤਮਕ ਅਵਸਥਾ। ਬੀਤੀ = ਬੀਤ ਜਾਂਦੀ ਹੈ, ਮੁੱਕ ਜਾਂਦੀ ਹੈ ॥੧॥
ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥
O Lord of the Universe, what is Your Name, and what is it like?
ਹੇ ਧਰਤੀ ਦੇ ਖਸਮ-ਪ੍ਰਭੂ! ਤੇਰਾ ਕਕੋਈ ਖ਼ਾਸ ਨਾਮ ਹੈ ਤੇ ਤੇਰੀ ਕੋਈ ਖ਼ਾਸ ਜਾਤਿ ਹੈ? ਗੁਸਾਈ = ਹੇ ਗੋ-ਸਾਈਂ! ਹੇ ਧਰਤੀ ਦੇ ਖਸਮ-ਪ੍ਰਭੂ! ਕਹਾ = ਕਿਥੇ? ਕੈਸੇ = ਕਿਵੇਂ? ਕਹਾ ਨਾਮੁ = ਕਿਥੇ ਤੇਰਾ ਕੋਈ ਖ਼ਾਸ ਨਾਮ ਹੈ? ਤੇਰਾ ਕੋਈ ਖ਼ਾਸ ਨਾਮ ਨਹੀਂ ਹੈ। ਕੈਸੇ ਜਾਤੀ = ਕਿਵੇਂ ਤੇਰੀ ਕੋਈ ਖ਼ਾਸ ਜਾਤਿ ਹੈ? ਤੇਰੀ ਕੋਈ ਖ਼ਾਸ ਜਾਤਿ ਨਹੀਂ ਹੈ?
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥
If You summon me into the Mansion of Your Presence, I will ask You, how I can become one with You. ||1||Pause||
ਜਦੋਂ ਤੂੰ ਮੈਨੂੰ ਅੰਤਰ ਆਤਮੇ ਚਰਨਾਂ ਵਿਚ ਸੱਦਦਾ ਹੈਂ (ਜੋੜਦਾ ਹੈਂ) ਤਦੋਂ ਮੈਂ (ਤੈਥੋਂ) ਇਹ ਭੇਦ ਦੀ ਗੱਲ ਪੁੱਛਦਾ ਹਾਂ (ਭਾਵ, ਜਦੋਂ ਤੂੰ ਆਪਣੀ ਮੇਹਰ ਨਾਲ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ ਤਦੋਂ ਮੈਨੂੰ ਸਮਝ ਆਉਂਦੀ ਹੈ ਕਿ ਨਾਹ ਕੋਈ ਤੇਰਾ ਖ਼ਾਸ ਨਾਮ ਹੈ ਅਤੇ ਨਾਹ ਹੀ ਤੇਰੀ ਕੋਈ ਖ਼ਾਸ ਜਾਤਿ ਹੈ) ॥੧॥ ਰਹਾਉ ॥ ਤਉ = ਤੂੰ। ਭੀਤਰਿ = ਧੁਰ ਅੰਦਰ। ਮਹਲਿ = ਮਹਿਲ ਵਿਚ, ਆਪਣੇ ਚਰਨਾਂ ਵਿਚ। ਜਾ = ਜਦੋਂ। ਪੂਛਉ = ਮੈਂ ਪੁੱਛਦਾ ਹਾਂ। ਨਿਰੰਤੀ ਬਾਤ = ਭੇਦ ਦੀ ਗੱਲ ॥੧॥ ਰਹਾਉ ॥
ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥
He alone is a Brahmin, who takes his cleansing bath in the spiritual wisdom of God, and whose leaf-offerings in worship are the Glorious Praises of the Lord.
ਉਹ ਬ੍ਰਾਹਮਣ ਬ੍ਰਹਮ (ਪਰਮਾਤਮਾ ਦਾ ਰੂਪ ਹੋ ਜਾਂਦਾ) ਹੈ ਜੋ ਪਰਮਾਤਮਾ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਜੋ ਸਦਾ ਪ੍ਰਭੂ ਦੇ ਗੁਣ ਗਾਂਦਾ ਹੈ (ਮਾਨੋ, ਫੁੱਲਾਂ) ਪੱਤ੍ਰਾਂ ਨਾਲ ਪ੍ਰਭੂ ਨੂੰ ਪੂਜਦਾ ਹੈ, ਗਿਆਨ ਇਸਨਾਨੀ = ਗਿਆਨ ਦਾ ਇਸਨਾਨੀ, ਪਰਮਾਤਮਾ ਦੇ ਗਿਆਨ (ਦੇ ਜਲ) ਦਾ ਇਸ਼ਨਾਨੀ, ਪ੍ਰਭੂ ਦੇ ਗਿਆਨ-ਜਲ ਵਿਚ ਆਪਣੇ ਮਨ ਨੂੰ ਪਵਿਤ੍ਰ ਕਰਨ ਵਾਲਾ। ਹਰਿ ਪੂਜੇ = ਪਰਮਾਤਮਾ ਨੂੰ ਪੂਜਦਾ ਹੈ। ਪਾਤੀ = ਪੱਤਰਾਂ ਨਾਲ।
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥੨॥
The One Name, the One Lord, and His One Light pervade the three worlds. ||2||
ਜੋ ਸਿਰਫ਼ ਪਰਮਾਤਮਾ ਨੂੰ ਜੋ ਸਿਰਫ਼ ਪਰਮਾਤਮਾ ਦੇ ਨਾਮ ਨੂੰ (ਹਿਰਦੇ ਵਿਚ ਸਦਾ ਵਸਾਈ ਰੱਖਦਾ ਹੈ, ਜਿਸ ਨੂੰ) ਇਹ ਸਾਰਾ ਸੰਸਾਰ ਪ੍ਰਭੂ ਦੀ ਜੋਤਿ ਦਾ ਪਸਾਰਾ ਦਿੱਸਦਾ ਹੈ ॥੨॥ ਏਕਾ ਜੋਤੀ = ਪ੍ਰਭੂ ਦੀ ਇਕ ਜੋਤਿ ਦਾ ਪਸਾਰਾ ॥੨॥
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥
My tongue is the balance of the scale, and this heart of mine is the pan of the scale; I weigh the immeasurable Naam.
(ਜਿਉਂ ਜਿਉਂ) ਮੈਂ ਆਪਣੀ ਜੀਭ ਨੂੰ ਤੱਕੜੀ ਦੀ ਡੰਡੀ ਬਣਾਂਦਾ ਹਾਂ, ਆਪਣੇ ਇਸ ਹਿਰਦੇ ਨੂੰ ਤੱਕੜੀ ਦਾ ਇਕ ਛਾਬਾ ਬਣਾਂਦਾ ਹਾਂ, (ਇਸ ਛਾਬੇ ਵਿਚ) ਅਤੁੱਲ ਪ੍ਰਭੂ ਦਾ ਨਾਮ ਤੋਲਦਾ ਹਾਂ, ਜਿਹਵਾ = ਜੀਭ। ਡੰਡੀ = ਤੱਕੜੀ ਦੀ ਡੰਡੀ ਜਿਸ ਦੇ ਦੋਹਾਂ ਸਿਰਿਆਂ ਤੋਂ ਡੋਰੀ ਨਾਲ ਛਾਬੇ ਲਟਕਦੇ ਹਨ। ਘਟੁ = ਹਿਰਦਾ। ਤੋਲਉ = ਮੈਂ ਤੋਲਦਾ ਹਾਂ। ਅਜਾਚੀ = ਜੋ ਜਾਚਿਆ ਨ ਜਾ ਸਕੇ। ਅਜਾਚੀ ਨਾਮੁ = ਅਤੁੱਲ ਪ੍ਰਭੂ ਦਾ ਨਾਮ।
ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥
There is one store, and one banker above all; the merchants deal in the one commodity. ||3||
(ਤੇ ਦੂਜੇ ਛਾਬੇ ਵਿਚ ਆਪਣੇ ਅੰਦਰੋਂ ਆਪਾ-ਭਾਵ ਕੱਢ ਕੇ ਰੱਖੀ ਜਾਂਦਾ ਹਾਂ, ਤਿਉਂ ਤਿਉਂ ਇਹ ਜਗਤ ਮੈਨੂੰ) ਇਕ ਹੱਟ ਦਿੱਸਦਾ ਹੈ ਜਿਥੇ ਸਾਰੇ ਹੀ ਜੀਵ ਇਕੋ ਕਿਸਮ ਦੇ (ਭਾਵ, ਪ੍ਰਭੂ-ਨਾਮ ਦੇ) ਵਣਜਾਰੇ ਦਿੱਸਦੇ ਹਨ ਤੇ ਸਭਨਾਂ ਦੇ ਸਿਰ ਉਤੇ (ਭਾਵ, ਸਭਨਾਂ ਨੂੰ ਜਿੰਦ-ਪਿੰਡ ਦੀ ਰਾਸਿ ਦੇਣ ਵਾਲਾ) ਸ਼ਾਹ ਪਰਮਾਤਮਾ ਆਪ ਹੈ ॥੩॥ ਹਾਟੁ = ਹੱਟ, ਜਗਤ। ਸਿਰਿ = ਸਿਰ ਉਤੇ। ਵਣਜਾਰੇ = ਵਪਾਰੀ, ਵਣਜ ਕਰਨ ਵਾਲੇ, ਜੀਵ-ਵਪਾਰੀ। ਇਕ ਭਾਤੀ = ਇਕੋ ਕਿਸਮ ਦੇ। ਇਕ ਭਾਤੀ ਵਣਜਾਰੇ = ਪ੍ਰਭੂ ਦੇ ਨਾਮ ਦੇ ਹੀ ਵਪਾਰੀ ॥੩॥
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥
The True Guru saves us at both ends; he alone understands, who is lovingly focused on the One Lord; his inner being remains free of doubt.
(ਗੁਰ-ਸ਼ਬਦ ਦੀ ਬਰਕਤਿ ਨਾਲ) ਜਿਸ ਮਨੁੱਖ ਦੀ ਸੁਰਤ ਇਕ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ ਜੋ ਅੰਤਰ ਆਤਮੇ ਭਟਕਣਾ-ਰਹਿਤ ਹੋ ਜਾਂਦਾ ਹੈ ਉਸ ਨੂੰ ਸਹੀ ਜੀਵਨ-ਜੁਗਤਿ ਦੀ ਸਮਝ ਆ ਜਾਂਦੀ ਹੈ, ਸਤਿਗੁਰੂ ਉਸ ਦਾ ਜਨਮ ਮਰਨ ਦਾ ਗੇੜ ਮੁਕਾ ਦੇਂਦਾ ਹੈ। ਦੋਵੈ ਸਿਰੇ = ਜਨਮ ਮਰਨ। ਨਿਬੇੜੇ = ਮੁਕਾ ਦਿੱਤੇ। ਜੀਅਹੁ = ਅੰਦਰੋਂ, ਮਨੋਂ। ਨਿਭਰਾਤੀ = ਭ੍ਰਾਂਤੀ-ਰਹਿਤ, ਭਟਕਣਾ-ਰਹਿਤ, ਅਡੋਲ।
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥
The Word of the Shabad abides within, and doubt is ended, for those who constantly serve, day and night. ||4||
ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦਾ ਹੈ (ਇਸ ਤਰ੍ਹਾਂ ਆਪਣੇ ਮਨ ਦੀ) ਭਟਕਣਾ ਮੁਕਾਂਦਾ ਹੈ ਤੇ ਦਿਨ ਰਾਤ ਸਦਾ ਦਾ ਸੇਵਕ ਬਣਿਆ ਰਹਿੰਦਾ ਹੈ ॥੪॥ ਚੁਕਾਏ = ਦੂਰ ਕਰ ਦੇਂਦਾ ਹੈ ॥੪॥
ਊਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥
Above is the sky of the mind, and beyond this sky is the Lord, the Protector of the World; the Inaccessible Lord God; the Guru abides there as well.
(ਦੁਨੀਆ ਦੇ ਮਾਇਕ ਫੁਰਨਿਆਂ ਦੀ ਪਹੁੰਚ ਤੋਂ ਦੂਰ) ਉੱਚਾ ਉਹ ਚਿੱਤ-ਆਕਾਸ਼ ਹੈ (ਉਹ ਆਤਮਕ ਅਵਸਥਾ ਹੈ) ਜਿਥੇ ਸ੍ਰਿਸ਼ਟੀ ਦਾ ਪਾਲਕ ਪਰਮਾਤਮਾ ਵਸ ਸਕਦਾ ਹੈ; ਉਸ ਪ੍ਰਭੂ (ਦੇ ਮਿਲਾਪ) ਦਾ ਉਹ ਟਿਕਾਣਾ ਅਪਹੁੰਚ ਹੈ (ਕਿਉਂਕਿ ਜੀਵ ਮੁੜ ਮੁੜ ਮਾਇਆ ਵਲ ਪਰਤਦਾ ਰਹਿੰਦਾ ਹੈ)। ਫਿਰ ਭੀ ਗੁਰੂ ਦੀ ਰਾਹੀਂ ਉਸ ਟਿਕਾਣੇ ਦਾ ਵਸਨੀਕ ਬਣ ਜਾਈਦਾ ਹੈ। ਗਗਨੁ = ਆਕਾਸ਼, ਚਿਦਾਕਾਸ਼, ਚਿੱਤ-ਆਕਾਸ਼, ਦਿਮਾਗ਼। ਗੋਰਖੁ = ਧਰਤੀ ਦਾ ਮਾਲਕ ਪ੍ਰਭੂ। ਤਾ ਕਾ = ਉਸ (ਪ੍ਰਭੂ) ਦਾ। ਅਗਮੁ = ਅਪਹੁੰਚ (ਟਿਕਾਣਾ)। ਗੁਰੂ = ਗੁਰੂ (ਦੀ ਰਾਹੀਂ)। ਵਾਸੀ = ਵਸਨੀਕ। ਪੁਨਿ = ਮੁੜ।
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥
According to the Word of the Guru's Teachings, what is outside is the same as what is inside the home of the self. Nanak has become a detached renunciate. ||5||11||
ਨਾਨਕ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਜਗਤ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ, (ਇਸ ਤਰ੍ਹਾਂ) ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪ੍ਰਭੂ ਨੂੰ ਹੀ ਵੇਖਦਾ ਹੈ ॥੫॥੧੧॥ ਘਰਿ = ਹਿਰਦੇ ਵਿਚ। ਬਾਹਰਿ = ਜਗਤ ਵਿਚ। ਉਦਾਸੀ = ਉਪਰਾਮ, ਨਿਰਲੇਪ ॥੫॥੧੧॥