ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਮਾਇਆ ਮੁਈ ਨ ਮਨੁ ਮੁਆ ਸਰੁ ਲਹਰੀ ਮੈ ਮਤੁ ॥
Maya is not conquered, and the mind is not subdued; the waves of desire in the world-ocean are intoxicating wine.
(ਜੇਹੜਾ ਮਨੁੱਖ ਮਾਲਿਕ-ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਨਹੀਂ ਵੇਖਦਾ, ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ) ਉਸ ਦੀ ਮਾਇਆ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਉਸ ਦਾ ਮਨ ਵਿਕਾਰਾਂ ਵਲੋਂ ਨਹੀਂ ਹਟਦਾ, ਉਸ ਦਾ ਹਿਰਦਾ-ਸਰੋਵਰ ਮੈਂ ਮੈਂ ਦੀਆਂ ਲਹਿਰਾਂ ਨਾਲ ਭਰਪੂਰ ਰਹਿੰਦਾ ਹੈ। ਮਾਇਆ = ਮਾਇਆ ਦਾ ਪ੍ਰਭਾਵ। ਸਰੁ = ਹਿਰਦਾ-ਸਰੋਵਰ। ਲਹਿਰ = ਲਹਿਰਾਂ ਨਾਲ (ਭਰਪੂਰ)। ਮੈ ਲਹਰੀ = ਮੈਂ ਮੈਂ ਦੀਆਂ ਲਹਿਰਾਂ ਨਾਲ। ਮਤੁ = ਮਸਤ, ਨਕਾ-ਨਕ ਭਰਿਆ ਹੋਇਆ।
ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥
The boat crosses over the water, carrying the true merchandise.
ਉਹੀ ਜੀਵਨ-ਬੇੜਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਦੇ) ਪਾਣੀਆਂ ਉਤੇ ਤਰ ਕੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ਜਿਸ ਵਿਚ ਸਦਾ-ਥਿਰ ਰਹਿਣ ਵਾਲਾ ਨਾਮ-ਸੌਦਾ ਹੈ। ਬੋਹਿਥੁ = ਜਹਾਜ਼। ਜਲ ਸਿਰਿ = (ਮੈਂ ਮੈਂ ਦੀਆਂ ਲਹਿਰਾਂ ਦੇ) ਪਾਣੀ ਦੇ ਸਿਰ ਉਤੇ। ਤਰਿ = ਤਰ ਕੇ। ਸਾਚਾ ਵਖਰੁ = ਸਦਾ ਕਾਇਮ ਰਹਿਣ ਵਾਲਾ ਨਾਮ-ਸੌਦਾ। ਜਿਤੁ = ਜਿਸ (ਬੋਹਿਥ) ਵਿਚ।
ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥
The jewel within the mind subdues the mind; attached to the Truth, it is not broken.
ਜਿਸ ਮਨ ਵਿਚ ਨਾਮ-ਮੋਤੀ ਵੱਸਦਾ ਹੈ, ਉਸ ਮਨ ਨੂੰ ਉਹ ਮੋਤੀ ਵਿਕਾਰਾਂ ਵਲੋਂ ਬਚਾ ਲੈਂਦਾ ਹੈ, ਸੱਚੇ ਨਾਮ ਵਿਚ ਜੁੜੇ ਰਹਿਣ ਦੇ ਕਾਰਨ ਉਸ ਮਨ ਵਿਚ ਤ੍ਰੇੜ ਨਹੀਂ ਆਉਂਦੀ (ਉਹ ਮਨ ਮਾਇਆ ਵਿਚ ਡੋਲਦਾ ਨਹੀਂ)। ਮਾਣਕੁ = ਮੋਤੀ। ਮਾਰਸੀ = ਵੱਸ ਵਿਚ ਰੱਖੇਗਾ। ਸਚਿ = ਸੱਚ ਵਿਚ (ਜੁੜੇ ਰਹਿਣ ਨਾਲ)। ਕਤੁ = ਚੀਰ, ਤ੍ਰੇੜ, (ਮਨ ਵਿਚ) ਚੀਰ।
ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ ॥੧॥
The king is seated upon the throne, imbued with the Fear of God and the five qualities. ||1||
ਪ੍ਰਭੂ ਦੇ ਡਰ-ਅਦਬ ਵਿਚ ਰੱਤਾ ਹੋਇਆ ਜੀਵਾਤਮਾ ਪ੍ਰਭੂ ਦੇ ਗੁਣਾਂ ਵਿਚ ਪਰਵਿਰਤ ਰਹਿਣ ਕਰਕੇ ਅੰਦਰ ਹੀ ਹਿਰਦੇ-ਤਖ਼ਤ ਉਤੇ ਟਿਕਿਆ ਰਹਿੰਦਾ ਹੈ (ਬਾਹਰ ਨਹੀਂ ਭਟਕਦਾ) ॥੧॥ ਰਾਜਾ = ਜੀਵਾਤਮਾ। ਤਖਤਿ = ਹਿਰਦੇ-ਤਖ਼ਤ ਉਤੇ, ਅਡੋਲਤਾ ਦੇ ਤਖ਼ਤ ਉਤੇ। ਗੁਣੀ = ਗੁਣਾਂ ਦੇ ਕਾਰਨ। ਭੈ ਪੰਚਾਇਣ = ਪੰਚਾਇਣ ਦੇ ਡਰ ਵਿਚ। ਰਤੁ = ਰੱਤਾ ਹੋਇਆ। ਪੰਚਾਇਣ = ਪਰਮਾਤਮਾ {ਪੰਚ-ਅਯਨ = ਪੰਜਾਂ ਤੱਤਾਂ ਦਾ ਘਰ, ਪੰਜਾਂ ਤੱਤਾਂ ਦਾ ਸੋਮਾ} ॥੧॥
ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥
O Baba, do not see your True Lord and Master as being far away.
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ ਆਪ ਤੋਂ) ਦੂਰ ਵੱਸਦਾ ਨਾਹ ਸਮਝ (ਸੱਚਾ ਮਾਲਕ ਤੇਰੇ ਆਪਣੇ ਅੰਦਰ ਵੱਸ ਰਿਹਾ ਹੈ)। ਬਾਬਾ = ਹੇ ਭਾਈ! ਸਾਚਾ = ਸਦਾ ਕਾਇਮ ਰਹਿਣ ਵਾਲਾ। ਦੂਰਿ = ਆਪਣੇ ਆਪ ਤੋਂ ਦੂਰ।
ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥੧॥ ਰਹਾਉ ॥
He is the Light of all, the Life of the world; The True Lord writes His Inscription on each and every head. ||1||Pause||
ਉਸ ਜਗਤ-ਦੇ-ਆਸਰੇ ਪ੍ਰਭੂ ਦੀ ਜੋਤਿ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਪ੍ਰਭੂ ਦਾ ਹੁਕਮ ਹਰੇਕ ਜੀਵ ਦੇ ਉਤੇ ਸਦਾ ਅਟੱਲ ਹੈ ॥੧॥ ਰਹਾਉ ॥ ਸਰਬ = ਸਭ ਜੀਵਾਂ ਵਿਚ। ਜਗ ਜੀਵਨਾ = ਜਗਤ ਦਾ ਜੀਵਨ ਪ੍ਰਭੂ। ਜੋਤਿ ਜਗ ਜੀਵਨਾ = ਜਗਤ ਦੇ ਜੀਵਨ ਪ੍ਰਭੂ ਦੀ ਜੋਤਿ। ਸਿਰਿ ਸਿਰਿ = ਹਰੇਕ (ਜੀਵ) ਦੇ ਸਿਰ ਉਤੇ। ਸਾਚਾ = ਅਟੱਲ, ਅਮਿੱਟ। ਲੇਖੁ = ਪ੍ਰਭੂ ਦਾ ਹੁਕਮ ॥੧॥ ਰਹਾਉ ॥
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥
Brahma and Vishnu, the Rishis and the silent sages, Shiva and Indra, penitents and beggars
ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਹੋਰ ਅਨੇਕਾਂ ਰਿਸ਼ੀ ਮੁਨੀ, ਚਾਹੇ ਕੋਈ ਤਪ ਕਰਦਾ ਹੈ ਚਾਹੇ ਕੋਈ ਤਿਆਗੀ ਹੈ, ਸੰਕਰੁ = ਸ਼ਿਵ। ਇੰਦੁ = ਇੰਦ੍ਰ ਦੇਵਤਾ। ਤਪੈ = ਤਪ ਕਰਦਾ ਹੈ। ਭੇਖਾਰੀ = ਮੰਗਤਾ, ਤਿਆਗੀ।
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥
- whoever obeys the Hukam of the Lord's Command, looks beautiful in the Court of the True Lord, while the stubborn rebels die.
ਉਹੀ ਪਰਮਾਤਮਾ ਦੇ ਦਰ ਤੇ ਸੋਭਾ ਪਾਂਦਾ ਹੈ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ (ਜੋ ਪਰਮਾਤਮਾ ਦੀ ਰਜ਼ਾ ਵਿਚ ਆਪਣੀ ਮਰਜ਼ੀ ਲੀਨ ਕਰਦਾ ਹੈ), ਆਪਣੀ ਮਨ-ਮਰਜ਼ੀ ਕਰਨ ਵਾਲੇ ਅਹੰਕਾਰੀ ਆਤਮਕ ਮੌਤੇ ਮਰਦੇ ਹਨ। ਮਾਨੈ = ਮੰਨਦਾ ਹੈ। ਸੋਹੈ = ਸੋਭਦਾ ਹੈ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਆਕੀ = ਹੁਕਮ ਮੰਨਣ ਤੋਂ ਆਕੀ। ਅਫਾਰੀ = ਆਫਰੇ ਹੋਏ, ਅਹੰਕਾਰੀ। ਮਰਹਿ = ਆਤਮਕ ਮੌਤ ਮਰਦੇ ਹਨ।
ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥
The wandering beggars, warriors, celibates and Sannyaasee hermits - through the Perfect Guru, consider this:
ਅਸਾਂ ਗੁਰੂ ਦੀ ਰਾਹੀਂ ਇਹ ਵਿਚਾਰ (ਕੇ ਵੇਖ) ਲਿਆ ਹੈ ਕਿ ਜੰਗਮ ਹੋਣ, ਜੋਧੇ ਹੋਣ, ਜਤੀ ਹੋਣ, ਸੰਨਿਆਸੀ ਹੋਣ, ਜੋਧ = ਜੋਧੇ। ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸ਼ਕ ਜੋਗੀ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵੀਚਾਰੀ = ਅਸਾਂ ਇਹ ਵਿਚਾਰ ਕੀਤੀ।
ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥੨॥
without selfless service, no one ever receives the fruits of their rewards. Serving the Lord is the most excellent action. ||2||
ਪ੍ਰਭੂ ਦੀ ਸੇਵਾ-ਭਗਤੀ ਤੋਂ ਬਿਨਾ ਕਦੇ ਭੀ ਕੋਈ ਆਪਣੀ ਘਾਲ-ਕਮਾਈ ਦਾ ਫਲ ਪ੍ਰਾਪਤ ਨਹੀਂ ਕਰ ਸਕਦਾ। ਸੇਵਾ-ਸਿਮਰਨ ਹੀ ਸਭ ਤੋਂ ਸ੍ਰੇਸ਼ਟ ਕਰਣੀ ਹੈ ॥੨॥ ਨ ਪਾਵਸਿ = ਨਹੀਂ ਪਾਏਗਾ। ਸਾਰੀ = ਸ੍ਰੇਸ਼ਟ ॥੨॥
ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥
You are the wealth of the poor, the Guru of the guru-less, the honor of the dishonored.
ਹੇ ਪ੍ਰਭੂ! ਗ਼ਰੀਬਾਂ ਵਾਸਤੇ ਤੇਰਾ ਨਾਮ ਖ਼ਜ਼ਾਨਾ ਹੈ (ਗ਼ਰੀਬ ਹੁੰਦਿਆਂ ਭੀ ਉਹ ਬਾਦਸ਼ਾਹਾਂ ਵਾਲਾ ਦਿਲ ਰੱਖਦੇ ਹਨ), ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ, ਉਹਨਾਂ ਦਾ ਤੂੰ ਰਾਹਬਰ ਬਣਦਾ ਹੈਂ, ਜਿਨ੍ਹਾਂ ਨੂੰ ਕੋਈ ਮਾਣ-ਆਦਰ ਨਹੀਂ ਦੇਂਦਾ (ਨਾਮ- ਦਾਤ ਦੇ ਕੇ) ਉਹਨਾਂ ਨੂੰ (ਜਗਤ ਵਿਚ) ਆਦਰ ਦਿਵਾਂਦਾ ਹੈਂ। ਨਿਗੁਰਿਆ = ਜਿਨ੍ਹਾਂ ਦਾ ਕੋਈ ਗੁਰੂ ਨ ਹੋਵੇ, ਜਿਨ੍ਹਾਂ ਨੂੰ ਕੋਈ ਜੀਵਨ-ਰਾਹ ਨਾਹ ਦੱਸੇ।
ਅੰਧੁਲੈ ਮਾਣਕੁ ਗੁਰੁ ਪਕੜਿਆ ਨਿਤਾਣਿਆ ਤੂ ਤਾਣੁ ॥
I am blind; I have grasped hold of the jewel, the Guru. You are the strength of the weak.
ਜਿਸ ਭੀ (ਆਤਮਕ ਅੱਖਾਂ ਵਲੋਂ) ਅੰਨ੍ਹੇ ਨੇ ਗੁਰੂ-ਜੋਤੀ (ਦਾ ਪੱਲਾ) ਫੜਿਆ ਹੈ ਉਸ ਨਿਆਸਰੇ ਦਾ ਤੂੰ ਆਸਰਾ ਬਣ ਜਾਂਦਾ ਹੈਂ। ਅੰਧੁਲੈ = ਅੰਨ੍ਹੇ ਨੇ, ਉਸ ਨੇ ਜਿਸ ਦੀਆਂ ਗਿਆਨ ਦੀਆਂ ਅੱਖਾਂ ਨਹੀਂ।
ਹੋਮ ਜਪਾ ਨਹੀ ਜਾਣਿਆ ਗੁਰਮਤੀ ਸਾਚੁ ਪਛਾਣੁ ॥
He is not known through burnt offerings and ritual chanting; the True Lord is known through the Guru's Teachings.
ਹੋਮ ਜਪ ਆਦਿਕਾਂ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ, ਗੁਰੂ ਦੀ ਦਿੱਤੀ ਮੱਤ ਤੇ ਤੁਰਿਆਂ ਉਹ ਸਦਾ-ਥਿਰ ਪ੍ਰਭੂ (ਜੀਵ ਦਾ) ਦਰਦੀ ਬਣ ਜਾਂਦਾ ਹੈ। ਨਹੀ ਜਾਣਿਆ = ਪਛਾਣਿਆ ਨਹੀਂ ਜਾ ਸਕਦਾ, ਸਾਂਝ ਨਹੀਂ ਪਾਈ ਜਾ ਸਕਦੀ। ਸਾਚੁ = ਸਦਾ-ਥਿਰ ਪ੍ਰਭੂ। ਪਛਾਣੁ = ਪਛਾਣੂ, ਮਿਤ੍ਰ, ਸਹਾਈ।
ਨਾਮ ਬਿਨਾ ਨਾਹੀ ਦਰਿ ਢੋਈ ਝੂਠਾ ਆਵਣ ਜਾਣੁ ॥੩॥
Without the Naam, the Name of the Lord, no one finds shelter in the Court of the Lord; the false come and go in reincarnation. ||3||
ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਸਹਾਰਾ ਨਹੀਂ ਮਿਲਦਾ, ਜੰਮਣ ਮਰਨ ਦਾ ਨਾਸਵੰਤ ਗੇੜ ਬਣਿਆ ਰਹਿੰਦਾ ਹੈ ॥੩॥ ਦਰਿ = ਪ੍ਰਭੂ ਦੇ ਦਰ ਤੇ। ਢੋਈ = ਆਸਰਾ, ਸਹਾਰਾ। ਝੂਠਾ = ਨਾਸਵੰਤ। ਆਵਣ ਜਾਣੁ = ਜਨਮ ਮਰਨ ॥੩॥
ਸਾਚਾ ਨਾਮੁ ਸਲਾਹੀਐ ਸਾਚੇ ਤੇ ਤ੍ਰਿਪਤਿ ਹੋਇ ॥
So praise the True Name, and through the True Name, you will find satisfaction.
ਹੇ ਭਾਈ! ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਵਡਿਆਉਣਾ ਚਾਹੀਦਾ ਹੈ, ਸੱਚੇ ਨਾਮ ਦੀ ਹੀ ਬਰਕਤਿ ਨਾਲ ਸੰਤੋਖੀ ਜੀਵਨ ਮਿਲਦਾ ਹੈ। ਤ੍ਰਿਪਤਿ = ਰੱਜ, ਸੰਤੋਖ।
ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥
When the mind is cleaned with the jewel of spiritual wisdom, it does not become dirty again.
ਪ੍ਰਭੂ ਦੀ ਡੂੰਘੀ ਸਾਂਝ-ਰੂਪ ਰਤਨ ਨਾਲ ਮਨ ਨੂੰ ਲਿਸ਼ਕਾਣਾ ਚਾਹੀਦਾ ਹੈ, ਮੁੜ ਇਹ (ਵਿਕਾਰਾਂ ਵਿਚ) ਮੈਲਾ ਨਹੀਂ ਹੁੰਦਾ। ਰਤਨਿ = ਰਤਨ ਨਾਲ। ਮਾਜੀਐ = ਸਾਫ਼ ਕਰਨਾ ਚਾਹੀਦਾ ਹੈ। ਬਹੁੜਿ = ਮੁੜ।
ਜਬ ਲਗੁ ਸਾਹਿਬੁ ਮਨਿ ਵਸੈ ਤਬ ਲਗੁ ਬਿਘਨੁ ਨ ਹੋਇ ॥
As long as the Lord and Master dwells in the mind, no obstacles are encountered.
ਪ੍ਰਭੂ-ਮਾਲਕ ਜਦ ਤਕ ਮਨ ਵਿਚ ਵੱਸਿਆ ਰਹਿੰਦਾ ਹੈ (ਜੀਵਨ-ਸਫ਼ਰ ਵਿਚ ਵਿਕਾਰਾਂ ਵਲੋਂ) ਕੋਈ ਰੋਕ ਨਹੀਂ ਪੈਂਦੀ। ਬਿਘਨੁ = ਰੁਕਾਵਟ।
ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥੪॥੧੦॥
O Nanak, giving one's head, one is emancipated, and the mind and body become true. ||4||10||
ਹੇ ਨਾਨਕ! ਆਪਾ-ਭਾਵ ਗਵਾਇਆਂ ਹੀ ਵਿਕਾਰਾਂ ਤੋਂ ਖ਼ਲਾਸੀ ਮਿਲਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਮਨ ਵਿਚ ਤੇ ਸਰੀਰ ਵਿਚ ਟਿਕਿਆ ਰਹਿੰਦਾ ਹੈ ॥੪॥੧੦॥ ਸਿਰੁ ਦੇ = ਸਿਰ ਦੇ ਕੇ, ਆਪਾ-ਭਾਵ ਗਵਾ ਕੇ। ਛੁਟੀਐ = (ਮੈਂ ਮੈਂ ਦੀਆਂ ਲਹਿਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥