ਮਾਰੂ ਮਹਲਾ ੧ ॥
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥
Heat up the sun energy of the right nostril, and cool down the moon energy of the left nostril; practicing this breath-control, bring them into perfect balance.
(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ)। ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ)। (ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾਓ। ਸਰੁ = ਤਾਲਾਬ। ਸੂਰ ਸੁਰ = ਸੂਰਜ ਦਾ ਤਾਲਾਬ, ਤਪਸ਼ ਦਾ ਸੋਮਾ, ਤਮੋਗੁਣੀ ਸੁਭਾਉ। ਸੋਸਿ ਲੈ = ਸੁਕਾ ਲੈ, ਮੁਕਾ ਦੇਹ। ਸੂਰ = ਪਿੰਗਲਾ ਨਾੜੀ, ਸੱਜੀ ਸੁਰ, ਸੱਜੀ ਨਾਸ। ਸੋਸਿ ਲੈ = ਸੁਕਾ ਦੇਹ (ਭਾਵ, ਪ੍ਰਾਣ ਉਤਾਰ ਦੇਹ, ਸੁਆਸ ਬਾਹਰ ਕੱਢ)। ਸੋਮ = ਚੰਦ੍ਰਮਾ। ਸੋਮ ਸਰੁ = ਚੰਦ੍ਰਮਾ ਦਾ ਤਾਲਾਬ, ਠੰਢ-ਸ਼ਾਂਤੀ ਦਾ ਸੋਮਾ, ਸਤੋਗੁਣੀ ਸੁਭਾਉ, ਸ਼ਾਂਤੀ ਸੁਭਾਉ। ਪੋਖਿ ਲੈ = ਪਾਲ ਲੈ, ਭਰ ਲੈ, ਤਕੜਾ ਕਰ। ਸੋਮ = ਖੱਬੀ ਨਾਸ, ਇੜਾ ਨਾੜੀ। ਪੋਖਿ ਲੈ = ਭਰ ਲੈ, ਉਤਾਂਹ ਚਾੜ੍ਹ, ਅੰਦਰ ਵਲ ਖਿੱਚ ਲੈ। ਜੁਗਤਿ = ਮਰਯਾਦਾ, ਸੁਜੱਚਾ ਢੰਗ। ਜੁਗਤਿ ਕਰਿ = (ਜ਼ਿੰਦਗੀ ਦਾ) ਸੁਚੱਜਾ ਢੰਗ ਬਣਾ। ਮਰਤੁ = {मारुत्} ਹਵਾ, ਪ੍ਰਾਣ, ਸੁਆਸ। ਜੁਗਤਿ ਕਰਿ ਮਰਤੁ = ਜੀਵਨ ਦੇ ਸੁਚੱਜੇ ਢੰਗ ਨੂੰ 'ਸੁਆਸ ਸੁਖਮਨਾ ਵਿਚ ਟਿਕਾਣੇ' ਬਣਾ। ਸੁ = ਉਹ, ਅਜੇਹਾ। ਸਨਬੰਧੁ = ਮੇਲ। ਕੀਜੈ = ਕਰਨਾ ਚਾਹੀਦਾ ਹੈ।
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥
In this way, the fickle fish of the mind will be held steady; the swan-soul shall not fly away, and the body-wall will not crumble. ||1||
ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ॥੧॥ ਮੀਨ = ਮੱਛੀ। ਚਪਲ = ਚੰਚਲ। ਮੀਨ ਕੀ ਚਪਲ = ਮੱਛੀ ਦੀ ਚੰਚਲਤਾ। ਸਿਉ ਜੁਗਤਿ = ਜੁਗਤਿ ਸਿਉ, (ਇਸ) ਜੁਗਤਿ ਨਾਲ। ਮੀਨ ਕੀ ਚਪਲ ਮਨੁ = ਮੱਛੀ ਦੀ ਚਪਲਤਾ ਵਾਲਾ ਮਨ, ਮੱਛੀ ਵਰਗਾ ਚੰਚਲ ਮਨ। ਰਾਖੀਐ = ਸਾਂਭ ਰੱਖਣਾ ਚਾਹੀਦਾ ਹੈ। ਹੰਸੁ = ਜੀਵਤਮਾ, ਮਨ। ਉਡੈ ਨਹ = (ਇਸ ਤਰ੍ਹਾਂ) ਭਟਕਦਾ ਨਹੀਂ। ਕੰਧੁ = ਸਰੀਰ। ਨਹ ਛੀਜੈ = ਛਿੱਜਦਾ ਨਹੀਂ, ਵਿਕਾਰਾਂ ਵਿਚ ਗਲਦਾ ਨਹੀਂ ॥੧॥
ਮੂੜੇ ਕਾਇਚੇ ਭਰਮਿ ਭੁਲਾ ॥
You fool, why are you deluded by doubt?
ਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ? ਮੂੜੇ = ਹੇ ਮੂਰਖ! ਕਾਇਚੇ = ਕਾਹਦੇ ਵਾਸਤੇ? ਕਿਉਂ? ਭਰਮਿ = ਭੁਲੇਖੇ ਵਿਚ (ਪੈ ਕੇ)। ਭੁਲਾ = ਖੁੰਝ ਰਿਹਾ ਹੈਂ।
ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥
You do not remember the detached Lord of supreme bliss. ||1||Pause||
(ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ ॥੧॥ ਰਹਾਉ ॥ ਚੀਨਿਆ = ਪਛਾਣਿਆ। ਪਰਮਾਨੰਦੁ = ਉਹ ਪਰਮਾਤਮਾ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ। ਬੈਰਾਗੀ = ਮਾਇਆ ਵਲੋਂ ਉਪਰਾਮ (ਹੋ ਕੇ) ॥੧॥ ਰਹਾਉ ॥
ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥
Seize and burn the unbearable; seize and kill the imperishable; leave behind your doubts, and then, you shall drink in the Nectar.
(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ। ਜਰਾ = ਬੁਢੇਪਾ। ਅਜਰ = {ਅ-ਜਰਾ} ਜਿਸ ਨੂੰ ਬੁਢੇਪਾ ਪੋਹ ਨਹੀਂ ਸਕਦਾ ਉਹ ਪਰਮਾਤਮਾ। ਗਹੁ = ਪਕੜ, ਰੋਕ। ਅਜਰ ਗਹੁ = ਜਰਾ-ਰਹਿਤ ਪ੍ਰਭੂ ਦੇ ਮਿਲਾਪ ਦੇ ਰਸਤੇ ਵਿਚ ਰੋਕ ਪਾਣ ਵਾਲਾ (ਮੋਹ)। ਜਾਰਿ ਲੈ = ਸਾੜ ਦੇਹ। ਅਮਰ = ਮੌਤ-ਰਹਿਤ ਪ੍ਰਭੂ। ਅਮਰ ਗਹੁ = ਮੌਤ-ਰਹਿਤ ਹਰੀ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲਾ (ਮਨ)। ਮਾਰਿ ਲੈ = ਵੱਸ ਵਿਚ ਕਰ ਲੈ। ਭ੍ਰਾਤਿ = ਭਟਕਣਾ। ਤਜਿ ਛੋਡਿ = ਤਿਆਗ ਦੇਹ। ਤਉ = ਤਦੋਂ। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਪੀਜੈ = ਪੀ ਸਕੀਦਾ ਹੈ।
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥
In this way, the fickle fish of the mind will be held steady; the swan-soul shall not fly away, and the body-wall shall not crumble. ||2||
ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ ॥੨॥
ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥
Nanak humbly prays, if the Lord's humble servant dwells upon Him, in his mind of minds, with his every breath, then he drinks in the Ambrosial Nectar.
ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ, ਤਾਂ ਮਨੁੱਖ ਮਨ ਦੀ ਇਕਾਗ੍ਰਤਾ ਨਾਲ ਸੁਆਸ ਸੁਆਸ (ਨਾਮ ਜਪ ਕੇ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ। ਭਣਤਿ = ਆਖਦਾ ਹੈ। ਨਾਨਕੁ ਜਨੋ = ਨਾਨਕੁ ਜਨੁ, ਦਾਸ ਨਾਨਕ। ਮਨੋ = ਮਨੁ। ਰਵੈ = ਸਿਮਰੇ। ਮਨ ਸਿਉ = ਮਨ ਨਾਲ, ਮਨ (ਦੀ ਇਕਾਗ੍ਰਤਾ) ਨਾਲ। ਪਵਨ = ਹਵਾ, ਸੁਆਸ, ਸੁਆਸ ਸੁਆਸ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੩॥੯॥
In this way, the fickle fish of the mind will be held steady; the swan-soul shall not fly away, and the body-wall shall not crumble. ||3||9||
ਇਸ ਤਰੀਕੇ ਨਾਲ ਮੱਛੀ ਦੀ ਚੰਚਲਤਾ ਵਾਲਾ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਤੇ ਸਰੀਰ ਭੀ ਵਿਕਾਰਾਂ ਵਿਚ ਖਚਿਤ ਨਹੀਂ ਹੁੰਦਾ ॥੩॥੯॥