ਸਾਰਗ ਮਹਲਾ ੪ ॥
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥
O my Beloved Lord, Har, Har, please bless me with Your Ambrosial Name.
ਹੇ ਪਿਆਰੇ ਗੁਰੂ! ਮੈਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ।
ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥
Those whose minds are pleased to be Gurmukh - the Lord completes their projects. ||1||Pause||
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ, (ਗੁਰੂ) ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥ ਗੁਰਮੁਖਿ ਮਨੁ = ਗੁਰੂ ਦਾ ਮਨ। ਮਾਨਿਆ = ਪਤੀਜ ਜਾਂਦਾ ਹੈ। ਕਾਜ = ਸਾਰੇ ਕੰਮ। ਸਵਾਰੇ = (ਗੁਰੂ) ਸਵਾਰ ਦੇਂਦਾ ਹੈ ॥੧॥ ਰਹਾਉ ॥
ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ॥
Those humble beings who become meek before the Guru-their pains are taken away.
ਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਢਹਿ ਪੈਂਦੇ ਹਨ, (ਗੁਰੂ) ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ। ਦੀਨ = ਨਿਮਾਣੇ। ਨਿਵਾਰੇ = ਦੂਰ ਕਰ ਦੇਂਦਾ ਹੈ।
ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥੧॥
Night and day, they perform devotional worship services to the Guru; they are embellished with the Word of the Guru's Shabad. ||1||
ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਹਨਾਂ ਦੇ ਜੀਵਨ) ਸੋਹਣੇ ਬਣ ਜਾਂਦੇ ਹਨ ॥੧॥ ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਹਿ = ਕਰਦੇ ਹਨ {ਬਹੁ-ਵਚਨ}। ਗੁਰ ਆਗੈ = ਗੁਰੂ ਦੀ ਹਜ਼ੂਰੀ ਵਿਚ, ਗੁਰੂ ਦੇ ਸਨਮੁਖ ਰਹਿ ਕੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੧॥
ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ ॥
Within their hearts is the ambrosial essence of the Naam, the Name of the Lord; they savor this essence, sing the praises of this essence, and contemplate this essence.
ਜਿਹੜੇ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵਸਾਂਦੇ ਹਨ, ਜੀਭ ਨਾਲ ਉਸ ਨੂੰ ਸਲਾਹੁੰਦੇ ਹਨ, ਮਨ ਵਿਚ ਉਸ ਨਾਮ-ਰਸ ਨੂੰ ਵਿਚਾਰਦੇ ਹਨ, ਹਿਰਦੈ = ਹਿਰਦੇ ਵਿਚ। ਨਾਮੁ ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਰਸਨਾ = ਜੀਭ ਨਾਲ। ਗਾਵਹਿ = ਗਾਂਦੇ ਹਨ। ਬੀਚਾਰੇ = ਬੀਚਾਰਿ, ਮਨ ਵਿਚ ਵਸਾ ਕੇ।
ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨੑਿਆ ਓਇ ਪਾਵਹਿ ਮੋਖ ਦੁਆਰੇ ॥੨॥
By Guru's Grace, they are aware of this ambrosial essence; they find the Gate of Salvation. ||2||
ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨੂੰ (ਆਪਣੇ ਅੰਦਰ) ਪਛਾਣ ਲਿਆ, ਉਹ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ ਦਰਵਾਜ਼ਾ ਲੱਭ ਲੈਂਦੇ ਹਨ ॥੨॥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਚੀਨ੍ਹ੍ਹਿਆ = ਪਛਾਣ ਲਿਆ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਮੋਖ ਦੁਆਰੇ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਰਸਤਾ ॥੨॥
ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ ॥
The True is the Primal Being, Unmoving and Unchanging. One who takes the Support of the Naam, the Name of the Lord - his intellect becomes focused and steady.
ਜਿਹੜਾ ਗੁਰੂ-ਪੁਰਖ ਅਡੋਲ-ਚਿੱਤ ਰਹਿਣ ਵਾਲਾ ਹੈ, ਜਿਸ ਦੀ ਮੱਤ (ਵਿਕਾਰਾਂ ਦੇ ਟਾਕਰੇ ਤੇ) ਸਦਾ ਅਹਿੱਲ ਰਹਿੰਦੀ ਹੈ, ਜਿਸ ਦੇ ਅੰਦਰ ਸਦਾ ਅਡੋਲਤਾ ਟਿਕੀ ਰਹਿੰਦੀ ਹੈ ਜਿਸ ਨੂੰ ਸਦਾ ਹਰਿ-ਨਾਮ ਦਾ ਸਹਾਰਾ ਹੈ, ਅਚਲੁ = ਅਡੋਲ-ਚਿੱਤ। ਅਚਲਾ ਮਤਿ = (ਮਾਇਆ ਦੇ ਟਾਕਰੇ ਤੇ) ਅਡੋਲ ਰਹਿਣ ਵਾਲੀ ਮੱਤ ਵਾਲਾ। ਜਿਸੁ ਦ੍ਰਿੜਤਾ = ਜਿਸ ਦੇ ਅੰਦਰ ਅਡੋਲਤਾ ਹੈ। ਅਧਾਰੇ = ਆਸਰਾ।
ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ ॥੩॥
I offer my soul to Him; I am a sacrifice to my True Guru. ||3||
ਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ, ਉਸ ਗੁਰੂ ਤੋਂ ਮੈਂ (ਸਦਾ) ਸਦਕੇ ਜਾਂਦਾ ਹਾਂ ॥੩॥ ਜੀਉ = ਜਿੰਦ। ਦੇਵਉ = ਦੇਵਉਂ, ਮੈਂ ਭੇਟਾ ਕਰਦਾ ਹਾਂ। ਹਉ = ਮੈਂ ॥੩॥
ਮਨਮੁਖ ਭ੍ਰਮਿ ਦੂਜੈ ਭਾਇ ਲਾਗੇ ਅੰਤਰਿ ਅਗਿਆਨ ਗੁਬਾਰੇ ॥
The self-willed manmukhs are stuck in doubt and attached to duality; the darkness of spiritual ignorance is within them.
(ਗੁਰੂ ਵਾਲਾ ਪਾਸਾ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ-ਭੱਜ ਦੇ ਕਾਰਨ ਮਾਇਆ ਦੇ ਮੋਹ ਵਿਚ (ਹੀ) ਫਸੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਬਣਿਆ ਰਹਿੰਦਾ ਹੈ)। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭ੍ਰਮਿ = ਭਟਕਣਾ ਵਿਚ ਪੈ ਕੇ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਅਗਿਆਨ ਗੁਬਾਰੇ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ।
ਸਤਿਗੁਰੁ ਦਾਤਾ ਨਦਰਿ ਨ ਆਵੈ ਨਾ ਉਰਵਾਰਿ ਨ ਪਾਰੇ ॥੪॥
They do not see the True Guru, the Giver; they are not on this shore, or the other. ||4||
ਉਹਨਾਂ ਨੂੰ ਨਾਮ ਦੀ ਦਾਤ ਦੇਣ ਵਾਲਾ ਗੁਰੂ ਦਿੱਸਦਾ ਹੀ ਨਹੀਂ, ਉਹ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਨਾਹ ਉਰਲੇ ਪਾਸੇ ਨਾਹ ਪਾਰਲੇ ਪਾਸੇ (ਪਹੁੰਚ ਸਕਦੇ ਹਨ, ਸੰਸਾਰ-ਸਮੁੰਦਰ ਦੇ ਵਿਚ ਹੀ ਗੋਤੇ ਖਾਂਦੇ ਰਹਿੰਦੇ ਹਨ) ॥੪॥ ਨਦਰਿ ਨ ਆਵੈ = (ਉਹਨਾਂ ਨੂੰ) ਦਿੱਸਦਾ ਨਹੀਂ, (ਉਹਨਾਂ ਨੂੰ) ਕਦਰ ਨਹੀਂ ਪੈਂਦੀ। ਉਰਵਾਰਿ = (ਸੰਸਾਰ-ਸਮੁੰਦਰ ਤੋਂ) ਉਰਲੇ ਪਾਸੇ ॥੪॥
ਸਰਬੇ ਘਟਿ ਘਟਿ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ॥
Our Lord and Master is permeating and pervading each and every heart; He is supremely Potent to exercise His Might.
ਜਿਹੜਾ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਮੌਜੂਦ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਆਪਣੀ ਸੱਤਿਆ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ। ਸਰਬੇ = ਸਭਨਾਂ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਮੌਜੂਦ। ਸਰਬ ਕਲਾ = ਸਾਰੀਆਂ ਤਾਕਤਾਂ ਦਾ ਮਾਲਕ। ਕਲ = ਸੱਤਿਆ, ਤਾਕਤ। ਧਾਰੇ = ਟਿਕਾ ਰਿਹਾ ਹੈ।
ਨਾਨਕੁ ਦਾਸਨਿ ਦਾਸੁ ਕਹਤ ਹੈ ਕਰਿ ਕਿਰਪਾ ਲੇਹੁ ਉਬਾਰੇ ॥੫॥੩॥
Nanak, the slave of His slaves, says, please, be merciful and save me! ||5||3||
ਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਬਚਾਈ ਰੱਖ ॥੫॥੩॥ ਨਾਨਕੁ ਕਹਤ = ਨਾਨਕ ਆਖਦਾ ਹੈ। ਕਰਿ = ਕਰ ਕੇ ॥੫॥੩॥