ਸਾਰਗ ਮਹਲਾ ੪ ॥
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
ਗੋਬਿਦ ਕੀ ਐਸੀ ਕਾਰ ਕਮਾਇ ॥
This is the way to work for the Lord.
ਪਰਮਾਤਮਾ ਦੀ ਸੇਵਾ-ਭਗਤੀ ਦੀ ਕਾਰ ਇਸ ਤਰ੍ਹਾਂ ਕਰਿਆ ਕਰ, ਕਾਰ ਕਮਾਇ-ਕਾਰ ਕਰ।
ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥
Whatever He does, accept that as true. As Gurmukh, remain lovingly absorbed in His Name. ||1||Pause||
ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ ਠੀਕ ਮੰਨਿਆ ਕਰ, ਅਤੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਿਆ ਕਰ ॥੧॥ ਰਹਾਉ ॥ ਕਰੇ = (ਪਰਮਾਤਮਾ) ਕਰਦਾ ਹੈ। ਸੇ = ਉਹ (ਕੰਮ)। ਸਤਿ = ਅਟੱਲ, ਠੀਕ। ਕਰਿ = ਕਰ ਕੇ, ਸਮਝ ਕੇ। ਮਾਨਹੁ = ਮੰਨੋ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਾਮਿ = ਹਰਿ-ਨਾਮ ਵਿਚ। ਰਹਹੁ ਲਿਵ ਲਾਇ = ਸੁਰਤ ਜੋੜ ਕੇ ਟਿਕੇ ਰਹੋ ॥੧॥ ਰਹਾਉ ॥
ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥
The Love of the Lord of the Universe seems supremely sweet. Everything else is forgotten.
(ਜਿਸ ਮਨੁੱਖ ਨੂੰ ਆਪਣੇ ਮਨ ਵਿਚ) ਪਰਮਾਤਮਾ ਦੀ ਪ੍ਰੀਤ ਬਹੁਤ ਮਿੱਠੀ ਲੱਗਦੀ ਹੈ, ਉਸ ਨੂੰ (ਦੁਨੀਆ ਵਾਲੀ) ਹੋਰ ਸਾਰੀ ਪ੍ਰੀਤ ਭੁੱਲ ਜਾਂਦੀ ਹੈ। ਅਤਿ = ਬਹੁਤ। ਅਵਰ = ਹੋਰ ਪ੍ਰੀਤ। ਸਭ = ਸਾਰੀ। ਵਿਸਰਿ ਜਾਇ = ਭੁੱਲ ਜਾਂਦੀ ਹੈ।
ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥
Night and day, he is in ecstasy; his mind is pleased and appeased, and his light merges into the Light. ||1||
(ਉਸ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋਈ ਰਹਿੰਦੀ ਹੈ ॥੧॥ ਅਨਦਿਨੁ = ਹਰ ਰੋਜ਼, ਹਰ ਵੇਲੇ। ਰਹਸੁ = ਆਤਮਕ ਆਨੰਦ। ਮਾਨਿਆ = ਗਿੱਝ ਜਾਂਦਾ ਹੈ। ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜਿੰਦ ॥੧॥
ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥
Singing the Glorious Praises of the Lord, his mind is satisfied. Peace and tranquility come to abide within his mind.
ਜਦੋਂ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤਦੋਂ ਹੀ ਉਸ ਦਾ ਮਨ (ਮਾਇਆ ਦੀਆਂ ਭੁੱਖਾਂ ਵਲੋਂ) ਰੱਜ ਜਾਂਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਆ ਵੱਸਦੀ ਹੈ। ਗਾਇ = ਗਾਂਦਾ ਹੈ। ਤ੍ਰਿਪਤੈ = ਮਾਇਆ ਵਲੋਂ ਰੱਜ ਜਾਂਦਾ ਹੈ। ਮਨਿ = ਮਨ ਵਿਚ। ਆਇ = ਆ ਕੇ।
ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥੨॥
When the Guru becomes merciful, the mortal finds the Lord; he focuses his consciousness on the Lord's Lotus Feet. ||2||
ਸਤਿਗੁਰੂ ਜੀ ਜਦੋਂ ਉਸ ਉਤੇ ਦਇਆਵਾਨ ਹੁੰਦੇ ਹਨ, ਤਦੋਂ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੨॥
ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥
The intellect is enlightened, meditating on the Lord. He remains lovingly attuned to the essence of spiritual wisdom.
ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਸ ਮਨੁੱਖ ਨੇ ਜਗਤ ਦੇ ਮੂਲ-ਪ੍ਰਭੂ ਵਿਚ ਸੁਰਤ ਜੋੜ ਕੇ ਉਸ ਦਾ ਸਿਮਰਨ ਕੀਤਾ, ਪ੍ਰਗਾਸ = ਚਾਨਣ। ਗਿਆਨਿ = ਆਤਮਕ ਜੀਵਨ ਦੀ ਸੂਝ ਦੀ ਰਾਹੀਂ। ਤਤਿ = ਤੱਤ ਵਿਚ, ਜਗਤ ਦੇ ਮੂਲ-ਪ੍ਰਭੂ ਵਿਚ। ਲਿਵ ਲਾਇ = ਸੁਰਤ ਜੋੜ ਕੇ।
ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥੩॥
The Divine Light radiates forth deep within his being; his mind is pleased and appeased. He merges intuitively into Celestial Samaadhi. ||3||
ਉਸ ਦੀ ਮੱਤ ਵਿਚ ਆਤਮਕ ਜੀਵਨ ਦਾ ਚਾਨਣ ਹੋ ਗਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਪਰਗਟ ਹੋ ਗਈ, ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੀ ਯਾਦ ਵਿਚ ਮਨ ਇਕਾਗ੍ਰ ਕਰ ਕੇ ਉਸ ਦਾ ਮਨ (ਉਸ ਯਾਦ ਵਿਚ) ਗਿੱਝ ਗਿਆ ॥੩॥ ਅੰਤਰਿ = (ਉਸ ਦੇ) ਅੰਦਰ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ। ਹਰਿ ਸਮਾਧਿ ਲਗਾਇ = ਪਰਮਾਤਮਾ ਦੀ ਯਾਦ ਵਿਚ ਮਨ ਇਕਾਗ੍ਰ ਕਰ ਕੇ ॥੩॥
ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥
One whose heart is filled with falsehood, continues to practice falsehood, even while he teaches and preaches about the Lord.
ਪਰ, (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਠੱਗੀ ਵੱਸਦੀ ਹੈ, ਉਹ ਮਨੁੱਖ (ਨਿਰਾ) ਮੂੰਹੋਂ ਹਰਿ-ਨਾਮ ਸੁਣਾ ਸੁਣਾ ਕੇ (ਅੰਦਰੋਂ ਅੰਦਰ) ਠੱਗੀ ਦਾ ਵਿਹਾਰ ਕਰਦੇ ਰਹਿੰਦੇ ਹਨ। ਹਿਰਦੈ = ਹਿਰਦੇ ਵਿਚ। ਮੁਖਹੁ = ਮੂੰਹੋਂ। ਸੁਣਾਇ = ਸੁਣਾ ਕੇ।
ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥੪॥
Within him is the utter darkness of greed. He is thrashed like wheat, and suffers in pain. ||4||
(ਜਿਸ ਮਨੁੱਖ ਦੇ) ਹਿਰਦੇ ਵਿਚ (ਸਦਾ) ਲੋਭ ਵੱਸਦਾ ਹੈ, ਉਸ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਉਹ ਮਨੁੱਖ ਇਉਂ ਹੈ ਜਿਵੇਂ ਉਹ ਦਾਣਿਆਂ ਤੋਂ ਸੱਖਣੇ ਨਿਰੇ ਤੋਹ ਹੀ ਕੁੱਟਦਾ ਰਹਿੰਦਾ ਹੈ ਅਤੇ ਤੋਹ ਕੁੱਟਣ ਦੀਆਂ ਖੇਚਲਾਂ ਹੀ ਸਹਾਰਦਾ ਹੈ ॥੪॥ ਮਹਾ ਗੁਬਾਰਾ = ਵੱਡਾ ਘੁੱਪ ਹਨੇਰਾ। ਕੂਟੈ = ਕੁੱਟਦਾ ਹੈ। ਖਾਇ = ਖਾਂਦਾ ਹੈ, ਸਹਾਰਦਾ ਹੈ ॥੪॥
ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥
When my God is totally pleased, the mortal tunes in and becomes Gurmukh.
ਜਦੋਂ ਮੇਰੇ ਪ੍ਰਭੂ ਜੀ (ਕਿਸੇ ਮਨੁੱਖ ਉੱਤੇ) ਬੜੇ ਪਰਸੰਨ ਹੁੰਦੇ ਹਨ, ਤਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਜੀ ਨਾਲ ਪਿਆਰ ਪਾਂਦਾ ਹੈ। ਸੁਪ੍ਰਸੰਨ = ਬਹੁਤ ਖ਼ੁਸ਼। ਗੁਰਮੁਖਿ = ਗੁਰੂ ਦੀ ਰਾਹੀਂ। ਪਰਚਾ = {परिचय} ਪਿਆਰ।
ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥੫॥੪॥
Nanak has obtained the Immaculate Naam, the Name of the Lord. Chanting the Naam, he has found peace. ||5||4||
ਹੇ ਨਾਨਕ! ਤਦੋਂ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਕਰਨ ਵਾਲਾ ਹਰਿ-ਨਾਮ ਮਨ ਵਿਚ ਵਸਾਂਦਾ ਹੈ, ਅਤੇ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਹੈ ॥੫॥੪॥ ਨਿਰੰਜਨੁ = {ਨਿਰ-ਅੰਜਨੁ} ਮਾਇਆ ਦੀ ਕਾਲਖ ਤੋਂ ਰਹਿਤ, ਪਵਿੱਤਰ ॥੫॥੪॥