ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
Fareed, my withered body has become a skeleton; the crows are pecking at my palms.
ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ)। ਥੀਆ = ਹੋ ਗਿਆ ਹੈ। ਪਿੰਜਰੁ ਥੀਆ = ਹੱਡੀਆਂ ਦੀ ਮੁੱਠ ਹੋ ਗਿਆ ਹੈ। ਖੂੰਡਹਿ = ਠੂੰਗ ਰਹੇ ਹਨ। ਕਾਗ = ਕਾਂ, ਵਿਕਾਰ, ਦੁਨੀਆਵੀ ਪਦਾਰਥਾਂ ਦੇ ਚਸਕੇ।
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥
Even now, God has not come to help me; behold, this is the fate of all mortal beings. ||90||
ਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) ॥੯੦॥ ਅਜੈ = ਅਜੇ ਭੀ (ਜਦੋਂ ਕਿ ਸਰੀਰ ਦੁਨੀਆ ਦੇ ਭੋਗ ਭੋਗਿ ਭੋਗਿ ਕੇ ਆਪਣੀ ਸਤਿਆ ਭੀ ਗਵਾ ਬੈਠਾ ਹੈ)। ਨ ਬਾਹੁੜਿਓ = ਨਹੀਂ ਤੁੱਠਾ, ਤਰਸ ਨਹੀਂ ਕੀਤਾ ॥੯੦॥