ਸੁਣਿਐ ਸਤੁ ਸੰਤੋਖੁ ਗਿਆਨੁ

Listening-truth, contentment and spiritual wisdom.

ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ, ਸਤੁ ਸੰਤੋਖੁ = ਦਾਨ ਤੇ ਸੰਤੋਖ। {❀ 'ਸਤੁ' ਬਾਰੇ ਨੋਟ: ਇਸ ਲਫ਼ਜ਼ ਦੇ ਤਿੰਨ ਵੱਖੋ-ਵੱਖਰੇ ਰੂਪ ਮਿਲਦੇ ਹਨ: 'ਸਤਿ, ਸਤੁ, ਸਤ'। ਇਹਨਾਂ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਗਹੁ ਨਾਲ ਪੜ੍ਹੋ: (ੳ) ਸਤੁ ਸੰਤੋਖੁ ਹੋਵੈ ਅਰਦਾਸਿ। ਤਾ ਸੁਣਿ ਸਦਿ ਬਹਾਲੇ ਪਾਸਿ।੧। (ਰਾਮਕਲੀ ਮਹਲਾ ੧)। (ਅ) ਜਤੁ ਸਤੁ ਸੰਜਮੁ ਸਚੁ ਸੁਚੀਤੁ। ਨਾਨਕ ਜੋਗੀ ਤ੍ਰਿਭਵਨ ਮੀਤੁ।੮।੨। (ਰਾਮਕਲੀ ਮਹਲਾ ੧)। (ੲ) ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ। (ਆਸਾ ਦੀ ਵਾਰ ਮਹਲਾ ੧, ਪਉੜੀ ੬)। (ਸ) ਗੁਰ ਕਾ ਸਬਦੁ ਕਰਿ ਦੀਪਕੋ, ਇਹ ਸਤ ਕੀ ਸੇਜ ਬਿਛਾਇ ਰੀ।੩।੧੬।੧੧੮। (ਆਸਾ ਮਹਲਾ ੧)। (ਹ) ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ। (ਮਾਝ ਕੀ ਵਾਰ, ਸ਼ਲੋਕ ਮਹਲਾ ੨, ਪਉੜੀ ੧੮)। ਇਹਨਾਂ ਉਪਰਲੇ ਪ੍ਰਮਾਣਾਂ ਦੇ ਅੰਕ ਨੰ: (ੳ) ਵਿਚ ਸ਼ਬਦ 'ਸਤੁ' ਸ਼ਬਦ 'ਸੰਤੋਖੁ' ਦੇ ਨਾਲ ਵਰਤਿਆ ਗਿਆ ਹੈ। ਅੰਕ ਨੰ: (ਅ) ਵਿਚ 'ਸਤੁ' ਸ਼ਬਦ 'ਜਤੁ' ਨਾਲ ਆਇਆ ਹੈ। ਅੰਕ ਨੰ: (ਹ) ਵਿਚ 'ਸਤੁ' (ਸਤੀ) ਸੰਸਕ੍ਰਿਤ ਦਾ 'ਸਪਤ' ਹੈ, ਜਿਸ ਦਾ ਅਰਥ ਹੈ 'ਸੱਤ ਦੀ ਗਿਣਤੀ'। ਸ਼ਬਦ 'ਸਤੁ' ਸੰਸਕ੍ਰਿਤ ਦੇ ਧਾਤੂ 'ਅਸ' ਤੋਂ ਬਣਿਆ ਹੈ, ਜਿਸ ਦਾ ਅਰਥ ਹੈ 'ਹੱਥੋਂ ਛੱਡਣਾ'। ਸੋ 'ਸਤੁ' ਦਾ ਅਰਥ ਹੈ ਦਾਨੁ। ਅੰਕ ਨੰ: (ੲ) ਵਿਚ ਆਸਾ ਦੀ ਵਾਰ ਵਾਲੇ ਪ੍ਰਮਾਣ ਤੋਂ ਸਾਫ਼ ਪਰਗਟ ਹੋ ਜਾਂਦਾ ਹੈ, ਜਿੱਥੇ 'ਸਤੀਆ' ਦਾ ਅਰਥ ਹੈ 'ਦਾਨੀ ਮਨੁੱਖਾਂ'। "ਸਤੀ ਦੇਇ ਸੰਤੋਖੀ ਖਾਇ" ਆਮ ਪਰਚਲਤ ਤੁਕ ਹੈ, ਜਿਸ ਵਿਚ 'ਸਤੀਆ' ਦਾ ਅਰਥ ਹੈ "ਦਾਨੀ।"

ਸੁਣਿਐ ਅਠਸਠਿ ਕਾ ਇਸਨਾਨੁ

Listening-take your cleansing bath at the sixty-eight places of pilgrimage.

ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ)। ਅਠਸਠਿ = ਅਠਾਹਠ ਤੀਰਥ।

ਸੁਣਿਐ ਪੜਿ ਪੜਿ ਪਾਵਹਿ ਮਾਨੁ

Listening-reading and reciting, honor is obtained.

ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ। ਪੜਿ ਪੜਿ = ਵਿੱਦਿਆ ਪੜ੍ਹ ਕੇ। ਪਾਵਹਿ = ਪਾਂਦੇ ਹਨ।

ਸੁਣਿਐ ਲਾਗੈ ਸਹਜਿ ਧਿਆਨੁ

Listening-intuitively grasp the essence of meditation.

ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ। ਸਹਜਿ = ਸਹਜ ਅਵਸਥਾ ਵਿਚ। ਸਹਜ = (ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ , ਅਡੋਲਤਾ। ਧਿਆਨੁ = ਸੁਰਤ, ਬ੍ਰਿਤੀ। ਗਿਆਨੁ = ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ।

ਨਾਨਕ ਭਗਤਾ ਸਦਾ ਵਿਗਾਸੁ

O Nanak, the devotees are forever in bliss.

ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,

ਸੁਣਿਐ ਦੂਖ ਪਾਪ ਕਾ ਨਾਸੁ ॥੧੦॥

Listening-pain and sin are erased. ||10||

(ਕਿਉਂਕਿ) ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੦॥