ਸੁਣਿਐ ਸਰਾ ਗੁਣਾ ਕੇ ਗਾਹ

Listening-dive deep into the ocean of virtue.

ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ, ਸਰਾ ਗੁਣਾ ਕੇ = ਗੁਣਾਂ ਦੇ ਸਰੋਵਰਾਂ ਦੇ, ਬੇਅੰਤ ਗੁਣਾਂ ਦੇ। ਗਾਹ = ਗਾਹੁਣ ਵਾਲੇ, ਸੂਝ ਵਾਲੇ, ਵਾਕਫ਼ੀ ਵਾਲੇ।

ਸੁਣਿਐ ਸੇਖ ਪੀਰ ਪਾਤਿਸਾਹ

Listening-the Shaykhs, religious scholars, spiritual teachers and emperors.

ਅਤੇ ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ।

ਸੁਣਿਐ ਅੰਧੇ ਪਾਵਹਿ ਰਾਹੁ

Listening-even the blind find the Path.

ਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ।

ਸੁਣਿਐ ਹਾਥ ਹੋਵੈ ਅਸਗਾਹੁ

Listening-the Unreachable comes within your grasp.

ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ। ਰਾਹੁ = ਰਸਤਾ। ਅਸਗਾਹੁ = ਡੂੰਘਾ ਸਮੁੰਦਰ, ਸੰਸਾਰ। 'ਹਾਥ' ਸ਼ਬਦ 'ਹਾਥ' ਇਸਤ੍ਰੀ-ਲਿੰਗ ਹੈ, ਇਸ ਵਾਸਤੇ ਇਕ-ਵਚਨ ਵਿਚ ਭੀ ਇਸ ਦੇ ਅੰਤ ਵਿਚ (ੁ) ਨਹੀਂ ਹੈ। ਇਸ ਦਾ ਅਰਥ ਹੈ 'ਡੂੰਘਿਆਈ ਦੀ ਸਮਝ'। ਪਰ ਜਦੋਂ ਇਹ ਪੁਲਿੰਗ ਹੋਵੇ ਤਦੋਂ ਇਸ ਦਾ ਅਰਥ ਹੈ ਮਨੁੱਖ ਦਾ ਅੰਗ 'ਹੱਥ'। ਜਿਵੇਂ: (੧) ਹਾਥੁ ਪਸਾਰਿ ਸਕੈ ਕੋ ਜਨ ਕਉ, ਬੋਲਿ ਨ ਸਕੈ ਅੰਦਾਜਾ।੧। (ਬਿਲਾਵਲ ਕਬੀਰ ਜੀ)। ਬਹੁ-ਵਚਨ 'ਹਾਥ' ਦਾ ਰੂਪ ਇਸਤ੍ਰੀ-ਲਿੰਗ 'ਹਾਥ' ਵਾਲਾ ਹੀ ਹੈ, ਜਿਵੇਂ: ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ।੧।੭।੧੬। (ਗੂਜਰੀ ਮਹਲਾਂ ੫)। ਹਾਥ ਹੋਵੈ = ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।

ਨਾਨਕ ਭਗਤਾ ਸਦਾ ਵਿਗਾਸੁ

O Nanak, the devotees are forever in bliss.

ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,

ਸੁਣਿਐ ਦੂਖ ਪਾਪ ਕਾ ਨਾਸੁ ॥੧੧॥

Listening-pain and sin are erased. ||11||

(ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੧॥ ॥੧੧॥