ਮੰਨੇ ਕੀ ਗਤਿ ਕਹੀ ਜਾਇ

The state of the faithful cannot be described.

ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ)। ਮੰਨੇ ਕੀ = ਮੰਨਣ ਵਾਲੇ ਦੀ, ਪਤੀਜੇ ਹੋਏ ਦੀ, ਯਕੀਨ ਕਰ ਲੈਣ ਵਾਲੇ ਦੀ। ਗਤਿ = ਹਾਲਤ, ਅਵਸਥਾ।

ਜੇ ਕੋ ਕਹੈ ਪਿਛੈ ਪਛੁਤਾਇ

One who tries to describe this shall regret the attempt.

ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)। ਕਹੈ = ਦੱਸੇ, ਬਿਆਨ ਕਰੇ।

ਕਾਗਦਿ ਕਲਮ ਲਿਖਣਹਾਰੁ

No paper, no pen, no scribe

(ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ, ਕਾਗਦਿ = ਕਾਗ਼ਜ਼ ਉੱਤੇ। ਕਲਮ = ਕਲਮ (ਨਾਲ)।

ਮੰਨੇ ਕਾ ਬਹਿ ਕਰਨਿ ਵੀਚਾਰੁ

can record the state of the faithful.

(ਭਾਵੇਂ ਕਿ ਮਨੁੱਖ) ਰਲ ਕੇ ਉਸ ਦਾ ਅੰਦਾਜ਼ਾ ਲਾਂਦੇ ਲਾਉਣ ਬਾਬਤ ਵੀਚਾਰ (ਜ਼ਰੂਰ) ਕਰਦੇ ਹਨ। ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ = ਬੈਠ ਕੇ ਕਰਦੇ ਹਨ।

ਐਸਾ ਨਾਮੁ ਨਿਰੰਜਨੁ ਹੋਇ

Such is the Name of the Immaculate Lord.

ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਐਸਾ = ਅਜਿਹਾ, ਇੱਡਾ ਉੱਚਾ। ਹੋਇ = ਹੈ। ਮੰਨਿ = ਸ਼ਰਧਾ ਧਾਰ ਕੇ, ਲਗਨ ਲਾ ਕੇ।

ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

Only one who has faith comes to know such a state of mind. ||12||

ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ॥੧੨॥ ਮੰਨਿ ਜਾਣੈ = ਸ਼ਰਧਾ ਰੱਖ ਕੇ ਵੇਖੇ, ਮੰਨ ਕੇ ਵੇਖੇ। ਮਨਿ = ਮਨ ਵਿਚ ॥੧੨॥