ਪ੍ਰਭਾਤੀ ਮਹਲਾ ੧ ਦਖਣੀ ॥
Prabhaatee, First Mehl, Dakhnee:
ਦਖਣੀ ਛੰਦ ਕੀ ਜਾਤ ਹੈ।
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
Ahalyaa was the wife of Gautam the seer. Seeing her, Indra was enticed.
ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ। ਲੁਭਾਇਆ = ਮਸਤ ਹੋ ਗਿਆ।
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
When he received a thousand marks of disgrace on his body, then he felt regret in his mind. ||1||
(ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ ॥੧॥ ਸਹਸ = ਹਜ਼ਾਰ। ਚਿਹਨ = ਨਿਸ਼ਾਨ। ਮਨਿ = ਮਨ ਵਿਚ ॥੧॥
ਕੋਈ ਜਾਣਿ ਨ ਭੂਲੈ ਭਾਈ ॥
O Siblings of Destiny, no one knowingly makes mistakes.
ਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)। ਜਾਣਿ = ਜਾਣ ਬੁੱਝ ਕੇ, ਸਮਝ ਸੋਚ ਕੇ।
ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ ॥
He alone is mistaken, whom the Lord Himself makes so. He alone understands, whom the Lord causes to understand. ||1||Pause||
ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ॥੧॥ ਰਹਾਉ ॥ ਭੂਲੈ = ਕੁਰਾਹੇ ਪੈਂਦਾ। ਭਾਈ = ਹੇ ਭਾਈ! ॥੧॥ ਰਹਾਉ ॥
ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥
Harichand, the king and ruler of his land, did not appreciate the value of his pre-ordained destiny.
ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ। ਤਿਨਿ ਹਰੀ ਚੰਦਿ ਰਾਜੈ = ਉਸ ਰਾਜੇ ਹਰੀਚੰਦ ਨੇ। ਕਾਗਦਿ = ਕਾਗਜ਼ ਉਤੇ। ਕੀਮ = ਕੀਮਤ!
ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥
If he had known that it was a mistake, he would not have made such a show of giving in charity, and he would not have been sold in the market. ||2||
ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ ॥੨॥ ਨੇਖਾਸਿ = ਨਿਖ਼ਾਸ ਵਿਚ, ਮੰਡੀ ਵਿਚ ॥੨॥
ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥
The Lord took the form of a dwarf, and asked for some land.
(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ। ਕਰਉ ਅਢਾਈ = ਢਾਈ ਕਰਮ (ਲੰਮੀ)। ਬਾਵਨ ਰੂਪਿ = ਵਉਣੇ ਰੂਪ ਵਿਚ। ਬਹਾਨੈ = ਬਹਾਨੇ ਨਾਲ।
ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥
If Bal the king has recognized Him, he would not have been deceived, and sent to the underworld. ||3||
ਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ ॥੩॥ ਪਇਆਲਿ = ਪਤਾਲ ਵਿਚ। ਛਲੀਐ = ਠਗਿਆ ਜਾਂਦਾ। ਰੂਪੁ = ਵਉਣੇ ਰੂਪ ਨੂੰ ॥੩॥
ਰਾਜਾ ਜਨਮੇਜਾ ਦੇ ਮਤੀਂ︀ ਬਰਜਿ ਬਿਆਸਿ ਪੜੑਾਇਆ ॥
Vyaas taught and warned the king Janmayjaa not to do three things.
ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮੱਤ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ) ਦੇ = ਦੇ ਕੇ। ਮਤੀ = ਮੱਤਾਂ। ਬਰਜਿ = ਵਰਜ ਕੇ, ਰੋਕ ਕੇ। ਬਿਆਸਿ = ਬਿਆਸ ਨੇ।
ਤਿਨੑਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥
But he performed the sacred feast and killed eighteen Brahmins; the record of one's past deeds cannot be erased. ||4||
ਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ ॥੪॥ ਤਿਨਿ = ਉਸ (ਰਾਜੇ ਜਨਮੇਜਾ) ਨੇ। ਘਾਏ = ਮਾਰ ਦਿੱਤੇ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥
ਗਣਤ ਨ ਗਣੀਂ︀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥
I do not try to calculate the account; I accept the Hukam of God's Command. I speak with intuitive love and respect.
ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ। ਨ ਗਣੀ = ਮੈਂ ਨਹੀਂ ਗਿਣਦਾ। ਬੋਲੀ = ਮੈਂ ਬੋਲਦਾ ਹਾਂ। ਭਾਇ = ਪ੍ਰੇਮ ਵਿਚ।
ਜੋ ਕਿਛੁ ਵਰਤੈ ਤੁਧੈ ਸਲਾਹੀਂ︀ ਸਭ ਤੇਰੀ ਵਡਿਆਈ ॥੫॥
No matter what happens, I will praise the Lord. It is all Your Glorious Greatness, O Lord. ||5||
ਮੈਂ ਤਾਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ ॥੫॥ ਤੁਥੈ = ਤੈਨੂੰ ਹੀ, ਹੇ ਪ੍ਰਭੂ! ਸਾਲਾਹੀ = ਮੈਂ ਸਲਾਹੁੰਦਾ ਹਾਂ ॥੫॥
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥
The Gurmukh remains detached; filth never attaches itself to him. He remains forever in God's Sanctuary.
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ। ਅਲਿਪਤੁ = ਨਿਰਲੇਪ।
ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥
The foolish self-willed manmukh does not think of the future; he is overtaken by pain, and then he regrets. ||6||
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ॥੬॥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਗੈ = ਪਹਿਲਾਂ, ਵੇਲੇ ਸਿਰ। ਦੁਖਿ ਲਾਗੈ = ਦੁੱਖ ਲੱਗਿਆਂ, ਜਦੋਂ ਦੁਖ ਵਿਚ ਫਸਦਾ ਹੈ ॥੬॥
ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥
The Creator who created this creation acts, and causes all to act.
ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ। ਜਿਨਿ = ਜਿਸ (ਕਰਤਾਰ) ਨੇ।
ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥
O Lord, egotistical pride does not depart from the soul. Falling into egotistical pride, one is ruined. ||7||
ਹੇ ਪ੍ਰਭੂ! (ਅਸੀਂ ਜੀਵ ਮੂਰਖ ਹਾਂ, ਅਸੀਂ ਇਹ ਮਾਣ ਕਰਦੇ ਹਾਂ ਕਿ ਅਸੀਂ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ ॥੭॥ ਹਰਿ = ਹੇ ਹਰੀ! ਜੀਅਹੁ = ਦਿਲ ਵਿਚੋਂ। ਪੈ = ਪੈ ਕੇ ॥੭॥
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥
Everyone makes mistakes; only the Creator does not make mistakes.
ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ। ਸਭੁ ਕੋਈ = ਹਰੇਕ ਜੀਵ।
ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
O Nanak, salvation comes through the True Name. By Guru's Grace, one is released. ||8||4||
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ॥੮॥੪॥ ਨਿਸਤਾਰਾ = ਵਿਕਾਰਾਂ ਤੋਂ ਖ਼ਲਾਸੀ। ਪਰਸਾਦਿ = ਕਿਰਪਾ ਨਾਲ। ਅਘੁਲੈ = ਖ਼ਲਾਸੀ ਪ੍ਰਾਪਤ ਕਰਦਾ ਹੈ ॥੮॥੪॥