ਪ੍ਰਭਾਤੀ ਮਹਲਾ ੧ ॥
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
ਆਖਣਾ ਸੁਨਣਾ ਨਾਮੁ ਅਧਾਰੁ ॥
To chant and listen to the Naam, the Name of the Lord, is my Support.
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸੁਣਨ ਸੁਣਾਨ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾ ਲਿਆ ਹੈ, ਅਧਾਰੁ = ਆਸਰਾ।
ਧੰਧਾ ਛੁਟਕਿ ਗਇਆ ਵੇਕਾਰੁ ॥
Worthless entanglements are ended and gone.
ਉਸ ਦੀ ਮਾਇਆ ਦੀ ਖ਼ਾਤਰ ਹਰ ਵੇਲੇ ਦੀ ਵਿਅਰਥ ਦੌੜ-ਭੱਜ ਮੁੱਕ ਜਾਂਦੀ ਹੈ। ਵੇਕਾਰੁ = ਵਿਅਰਥ।
ਜਿਉ ਮਨਮੁਖਿ ਦੂਜੈ ਪਤਿ ਖੋਈ ॥
The self-willed manmukh, caught in duality, loses his honor.
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ (ਦੌੜ-ਭੱਜ ਕਰਦਾ) ਹੈ ਤੇ ਇੱਜ਼ਤ ਗਵਾ ਲੈਂਦਾ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ। ਪਤਿ = ਇੱਜ਼ਤ।
ਬਿਨੁ ਨਾਵੈ ਮੈ ਅਵਰੁ ਨ ਕੋਈ ॥੧॥
Except for the Name, I have no other at all. ||1||
(ਹੇ ਮੇਰੇ ਮਨ!) ਮੈਨੂੰ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੧॥
ਸੁਣਿ ਮਨ ਅੰਧੇ ਮੂਰਖ ਗਵਾਰ ॥
Listen, O blind, foolish, idiotic mind.
ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ! ਹੇ ਮੂਰਖ ਮਨ! ਹੇ ਅਮੋੜ ਮਨ! ਸੁਣ, ਮਨ ਗਵਾਰ = ਹੇ ਅਮੋੜ ਮਨ!
ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥੧॥ ਰਹਾਉ ॥
Aren't you ashamed of your comings and goings in reincarnation? Without the Guru, you shall drown, over and over again. ||1||Pause||
(ਜੇਹੜਾ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹੈ, ਤੇ ਮੁੜ ਮੁੜ ਮਾਇਆ ਦੇ ਮੋਹ ਵਿਚ ਫਸਣੋਂ ਮੁੜਦਾ ਨਹੀਂ, ਉਸ ਨੂੰ ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਉਹ ਮੁੜ ਮੁੜ ਮਾਇਆ ਦੇ ਮੋਹ ਵਿਚ ਹੀ ਡੁੱਬਦਾ ਹੈ (ਹੇ ਮਨ! ਚੇਤਾ ਰੱਖ ਤੂੰ ਭੀ ਐਸਾ ਹੀ ਨਿਲੱਜ ਹੋ ਜਾਵੇਂਗਾ) ॥੧॥ ਰਹਾਉ ॥ ਲਾਜ ਨਹੀ ਲਾਗੈ = ਸ਼ਰਮ ਨਹੀਂ ਆਉਂਦੀ। ਬਾਰੋ ਬਾਰੋ = ਮੁੜ ਮੁੜ ॥੧॥ ਰਹਾਉ ॥
ਇਸੁ ਮਨ ਮਾਇਆ ਮੋਹਿ ਬਿਨਾਸੁ ॥
This mind is ruined by its attachment to Maya.
ਮਾਇਆ ਦੇ ਮੋਹ ਵਿਚ (ਫਸ ਕੇ) ਇਸ ਮਨ ਦੀ ਆਤਮਕ ਮੌਤ ਹੋ ਜਾਂਦੀ ਹੈ। ਮੋਹਿ = ਮੋਹ ਵਿਚ। ਬਿਨਾਸੁ = ਆਤਮਕ ਮੌਤ।
ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥
The Command of the Primal Lord is pre-ordained. Before whom should I cry?
(ਪਰ ਜੀਵ ਦੇ ਕੀਹ ਵੱਸ?) ਜਦੋਂ ਧੁਰੋਂ ਹੀ ਇਹ ਹੁਕਮ ਚਲਿਆ ਆ ਰਿਹਾ ਹੈ ਤਾਂ ਕਿਸੇ ਹੋਰ ਅੱਗੇ ਪੁਕਾਰ ਭੀ ਨਹੀਂ ਕੀਤੀ ਜਾ ਸਕਦੀ (ਭਾਵ, ਮਾਇਆ ਦਾ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ-ਇਹ ਨਿਯਮ ਅਟੱਲ ਹੈ, ਇਸ ਨੂੰ ਕੋਈ ਉਲੰਘ ਨਹੀਂ ਸਕਦਾ)। ਕਾਸੁ = ਕਿਸ ਨੂੰ?
ਗੁਰਮੁਖਿ ਵਿਰਲਾ ਚੀਨੑੈ ਕੋਈ ॥
Only a few, as Gurmukh, understand this.
ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ, ਚੀਨ੍ਹ੍ਹੈ = ਪਛਾਣਦਾ ਹੈ।
ਨਾਮ ਬਿਹੂਨਾ ਮੁਕਤਿ ਨ ਹੋਈ ॥੨॥
Without the Naam, no one is liberated. ||2||
ਕਿ ਪ੍ਰਭੂ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੨॥
ਭ੍ਰਮਿ ਭ੍ਰਮਿ ਡੋਲੈ ਲਖ ਚਉਰਾਸੀ ॥
People wander lost, staggering and stumbling through 8.4 million incarnations.
ਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜੀਵ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਧੱਕੇ ਖਾਂਦਾ ਫਿਰਦਾ ਹੈ। ਭ੍ਰਮਿ = ਭਟਕ ਕੇ।
ਬਿਨੁ ਗੁਰ ਬੂਝੇ ਜਮ ਕੀ ਫਾਸੀ ॥
Without knowing the Guru, they cannot escape the noose of Death.
ਗੁਰੂ ਤੋਂ ਬਿਨਾ ਸਹੀ ਜੀਵਨ-ਰਾਹ ਨਹੀਂ ਸਮਝਦਾ ਤੇ ਜਮ ਦੀ ਫਾਹੀ (ਇਸ ਦੇ ਗਲ ਵਿਚ ਪਈ ਰਹਿੰਦੀ ਹੈ)।
ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥
This mind, from one moment to the next, goes from the heavens to the underworld.
(ਮਾਇਆ ਦੇ ਅਸਰ ਵਿਚ) ਇਹ ਮਨ ਕਦੇ ਆਕਾਸ਼ ਵਿਚ ਜਾ ਚੜ੍ਹਦਾ ਹੈ ਕਦੇ ਪਾਤਾਲ ਵਿਚ ਡਿੱਗ ਪੈਂਦਾ ਹੈ। ਊਭਿ = ਉੱਚਾ, ਆਕਾਸ਼ ਵਿਚ। ਪਇਆਲ = ਪਤਾਲ ਵਿਚ।
ਗੁਰਮੁਖਿ ਛੂਟੈ ਨਾਮੁ ਸਮੑਾਲਿ ॥੩॥
The Gurmukh contemplates the Naam, and is released. ||3||
ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਗੇੜ ਵਿਚੋਂ ਬਚ ਨਿਕਲਦਾ ਹੈ ॥੩॥
ਆਪੇ ਸਦੇ ਢਿਲ ਨ ਹੋਇ ॥
When God sends His Summons, there is no time to delay.
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ ਜੁੜਨ ਲਈ) ਸੱਦਦਾ ਹੈ ਉਸ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ,
ਸਬਦਿ ਮਰੈ ਸਹਿਲਾ ਜੀਵੈ ਸੋਇ ॥
When one dies in the Word of the Shabad, he lives in peace.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ (ਭਾਵ, ਮਾਇਆ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ) ਤੇ ਉਹ ਬੜਾ ਸੌਖਾ ਜੀਵਨ ਗੁਜ਼ਾਰਦਾ ਹੈ। ਸਹਿਲਾ = ਸੌਖਾ।
ਬਿਨੁ ਗੁਰ ਸੋਝੀ ਕਿਸੈ ਨ ਹੋਇ ॥
Without the Guru, no one understands.
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।
ਆਪੇ ਕਰੈ ਕਰਾਵੈ ਸੋਇ ॥੪॥
The Lord Himself acts, and inspires all to act. ||4||
(ਗੁਰੂ ਨਾਲ ਭੀ ਪ੍ਰਭੂ ਆਪ ਹੀ ਮਿਲਾਂਦਾ ਹੈ) ਪ੍ਰਭੂ ਆਪ ਹੀ ਇਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ ॥੪॥
ਝਗੜੁ ਚੁਕਾਵੈ ਹਰਿ ਗੁਣ ਗਾਵੈ ॥
Inner conflict comes to an end, singing the Glorious Praises of the Lord.
ਜਿਸ ਮਨੁੱਖ ਦਾ ਮਾਇਆ ਦੇ ਮੋਹ ਦਾ ਲੰਮਾ ਗੇੜ ਪ੍ਰਭੂ ਮੁਕਾਂਦਾ ਹੈ ਉਹ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ,
ਪੂਰਾ ਸਤਿਗੁਰੁ ਸਹਜਿ ਸਮਾਵੈ ॥
Through the Perfect True Guru, one is intuitively absorbed into the Lord.
ਪੂਰਾ ਗੁਰੂ ਉਸ ਦੇ ਸਿਰ ਉਤੇ ਰਾਖਾ ਬਣਦਾ ਹੈ ਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ। ਸਹਿਜ = ਆਤਮਕ ਅਡੋਲਤਾ ਵਿਚ।
ਇਹੁ ਮਨੁ ਡੋਲਤ ਤਉ ਠਹਰਾਵੈ ॥
This wobbling, unsteady mind is stabilized,
ਤਦੋਂ ਮਨੁੱਖ ਦਾ ਇਹ ਮਨ ਮਾਇਆ ਪਿੱਛੇ ਭਟਕਣੋਂ ਹਟ ਜਾਂਦਾ ਹੈ,
ਸਚੁ ਕਰਣੀ ਕਰਿ ਕਾਰ ਕਮਾਵੈ ॥੫॥
and one lives the lifestyle of true actions. ||5||
ਤਦੋਂ ਮਨੁੱਖ ਸਦਾ-ਥਿਰ ਨਾਮ ਦੇ ਸਿਮਰਨ ਨੂੰ ਆਪਣਾ ਕਰਤੱਬ ਜਾਣ ਕੇ ਸਿਮਰਨ ਦੀ ਕਾਰ ਕਰਦਾ ਹੈ ॥੫॥ ਸਚੁ = ਸਦਾ-ਥਿਰ ਪਰਮਾਤਮਾ ਦੇ ਨਾਮ ਦਾ ਸਿਮਰਨ ॥੫॥
ਅੰਤਰਿ ਜੂਠਾ ਕਿਉ ਸੁਚਿ ਹੋਇ ॥
If someone is false within his own self, then how can he be pure?
ਪਰ ਜਿਸ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੋ ਚੁਕਾ ਹੋਵੇ ਉਸ ਦੇ ਅੰਦਰ (ਬਾਹਰਲੇ ਇਸ਼ਨਾਨ ਆਦਿਕ ਨਾਲ) ਪਵਿਤ੍ਰਤਾ ਨਹੀਂ ਆ ਸਕਦੀ। ਸੁਚਿ = ਪਵਿਤ੍ਰਤਾ।
ਸਬਦੀ ਧੋਵੈ ਵਿਰਲਾ ਕੋਇ ॥
How rare are those who wash with the Shabad.
ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਹੀ (ਮਨ ਨੂੰ) ਸਾਫ਼ ਕਰਦਾ ਹੈ। ਕੋਇ = ਕੋਇ ਵਿਰਲਾ।
ਗੁਰਮੁਖਿ ਕੋਈ ਸਚੁ ਕਮਾਵੈ ॥
How rare are those who, as Gurmukh, live the Truth.
ਕੋਈ ਵਿਰਲਾ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਨਾਮ ਨੂੰ ਸਿਮਰਨ ਦੀ ਕਾਰ ਕਰਦਾ ਹੈ,
ਆਵਣੁ ਜਾਣਾ ਠਾਕਿ ਰਹਾਵੈ ॥੬॥
Their comings and goings in reincarnation are over and done. ||6||
ਤੇ ਆਪਣੇ ਮਨ ਦੀ ਭਟਕਣਾ ਨੂੰ ਰੋਕ ਰੱਖਦਾ ਹੈ ॥੬॥ ਠਾਕਿ = ਰੋਕ ਕੇ ॥੬॥
ਭਉ ਖਾਣਾ ਪੀਣਾ ਸੁਖੁ ਸਾਰੁ ॥
Those who eat and drink the Fear of God, find the most excellent peace.
ਜਿਸ ਮਨੁੱਖ ਨੇ ਪਰਮਾਤਮਾ ਦੇ ਡਰ-ਅਦਬ ਨੂੰ ਆਪਣੇ ਆਤਮਕ ਜੀਵਨ ਦਾ ਆਸਰਾ ਬਣਾ ਲਿਆ ਹੈ ਜਿਵੇਂ ਖਾਣ ਪੀਣ ਨੂੰ ਸਰੀਰ ਦਾ ਸਹਾਰਾ ਬਣਾਈਦਾ ਹੈ, ਭਉ = ਡਰ-ਅਦਬ। ਸਾਰੁ = ਸ੍ਰੇਸ਼ਟ।
ਹਰਿ ਜਨ ਸੰਗਤਿ ਪਾਵੈ ਪਾਰੁ ॥
Associating with the humble servants of the Lord, they are carried across.
ਉਹ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੇ ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ। ਪਾਰੁ = ਪਾਰਲਾ ਬੰਨਾ।
ਸਚੁ ਬੋਲੈ ਬੋਲਾਵੈ ਪਿਆਰੁ ॥
They speak the Truth, and lovingly inspire others to speak it as well.
ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਸਿਮਰਨ ਵਲ ਹੀ ਪ੍ਰੇਰਦਾ ਰਹਿੰਦਾ ਹੈ।
ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥
The Word of the Guru's Shabad is the most excellent occupation. ||7||
ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਟਿਕਾਣਾ ਹੀ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਕਰਤੱਬ ਸਮਝਦਾ ਹੈ ॥੭॥
ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥
Those who take the Lord's Praises as their karma and Dharma, their honor and worship service
ਉਸ ਮਨੁੱਖ ਨੇ ਇਹ ਨਿਸ਼ਚਾ ਕਰ ਲਿਆ ਹੁੰਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਮੇਰੇ ਵਾਸਤੇ ਕਰਮ-ਕਾਂਡ ਹੈ, ਇਹੀ ਮੇਰੇ ਲਈ (ਲੋਕ ਪਰਲੋਕ ਦੀ) ਇੱਜ਼ਤ ਹੈ ਤੇ ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ। ਜਸੁ = ਸਿਫ਼ਤ-ਸਾਲਾਹ।
ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥
their sexual desire and anger are burnt off in the fire.
ਉਹ ਮਨੁੱਖ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ (ਗਿਆਨ ਦੀ) ਅੱਗ ਵਿਚ ਸਾੜ ਦੇਂਦਾ ਹੈ। ਭੂੰਜਾ = ਭੁੰਨਿਆ ਹੈ, ਸਾੜ ਦਿੱਤਾ ਹੈ।
ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥
They taste the sublime essence of the Lord, and their minds are drenched with it.
ਜਦੋਂ ਮਨੁੱਖ (ਇਕ ਵਾਰੀ) ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ ਤਾਂ ਉਸ ਦਾ ਮਨ (ਸਦਾ ਲਈ ਉਸ ਰਸ ਵਿਚ) ਭਿੱਜ ਜਾਂਦਾ ਹੈ।
ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥
Prays Nanak, there is no other at all. ||8||5||
ਨਾਨਕ ਬੇਨਤੀ ਕਰਦਾ ਹੈ ਕਿ ਫਿਰ ਉਸ ਨੂੰ ਕੋਈ ਹੋਰ ਰਸ ਚੰਗਾ ਨਹੀਂ ਲੱਗਦਾ ॥੮॥੫॥