ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ

One who has the Guru on his side - how could he be proud of his wealth?

ਜਦੋਂ ਸਤਿਗੁਰੂ (ਕਿਸੇ ਮਨੁੱਖ ਦਾ) ਪੱਖ ਕਰੇ ਤਾਂ ਉਹ ਧਨ ਦੇ ਕਾਰਨ ਅਹੰਕਾਰ ਨਹੀਂ ਕਰਦਾ। ਜਾਮਿ = ਜਦੋਂ। ਵਲਿ ਹੋਇ = ਪੱਖ ਕਰੇ, ਸਹੈਤਾ ਕਰੇ। ਧਨਹਿ = ਧਨ ਵਿਚ, ਧਨ ਦੇ ਕਾਰਣ। ਗਾਰਵੁ = ਅਹੰਕਾਰ। ਦਿਜਇ = ਦੇਂਦਾ, ਕਰਦਾ। ਕਿਆ ਗਾਰਵੁ = ਕੀਹ ਅਹੰਕਾਰ? (ਭਾਵ, ਕੋਈ ਅਹੰਕਾਰ ਨਹੀਂ)।

ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ

One who has the Guru on his side - what would hundreds of thousands of supporters do for him?

ਜਦੋਂ ਗੁਰੂ ਪੱਖ ਤੇ ਹੋਵੇ, ਤਾਂ ਲੱਖਾਂ ਫ਼ੌਜਾਂ ਕੀਹ ਵਿਗਾੜ ਸਕਦੀਆਂ ਹਨ? ਲਖ ਬਾਹੇ = ਲੱਖਾਂ ਬਾਹਾਂ, ਲੱਖਾਂ ਫ਼ੌਜਾਂ। ਕਿਆ ਕਿਜਇ = ਕੀਹ ਵਿਗਾੜ ਸਕਦੀਆਂ ਹਨ?

ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ

One who has the Guru on his side, does not depend on anyone else for spiritual wisdom and meditation.

ਜਦੋਂ ਗੁਰੂ ਪੱਖ ਕਰੇ, ਤਾਂ ਮਨੁੱਖ ਗਿਆਨ ਅਤੇ ਧਿਆਨ ਦੀ ਦਾਤ ਹੋਣ ਦੇ ਕਾਰਨ (ਹਰੀ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ ਨਹੀਂ ਪਾਂਦਾ। ਅਨਨ ਪਰਿ = ਕਿਸੇ ਹੋਰ ਦੂਜੇ ਵਲ ਨਹੀਂ। ਅਨਨ = ਨਾਹ ਅੱਨ, ਨਹੀਂ ਕੋਈ ਹੋਰ। ਪਰਿ = ਵਲ, ਪਰਾਇਣ।

ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ

One who has the Guru on his side contemplates the Shabad and the Teachings, and abides in the Home of Truth.

ਜਦੋਂ ਗੁਰੂ ਸਹੈਤਾ ਕਰੇ, ਤਾਂ ਜੀਵ ਦੇ ਹਿਰਦੇ ਵਿਚ ਸ਼ਬਦ ਸਾਖਿਆਤ ਹੋ ਜਾਂਦਾ ਹੈ ਤੇ ਉਹ ਸੱਚੇ ਹਰੀ ਦੇ ਘਰ ਵਿਚ (ਟਿਕ ਜਾਂਦਾ) ਹੈ। ਸਾਖੀ = ਸਾਖਿਆਤ ਹੋ ਜਾਂਦਾ ਹੈ, ਹਿਰਦੇ ਵਿਚ ਪ੍ਰਗਟ ਹੋ ਜਾਂਦਾ ਹੈ। ਸੁ = ਉਹ ਮਨੁੱਖ। ਸਚਹ ਘਰਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ (ਟਿਕ ਜਾਂਦਾ) ਹੈ।

ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ

The Lord's humble slave and poet utters this prayer: whoever chants to the Guru night and day,

ਦਾਸ (ਨਲ੍ਯ੍ਯ) ਭੱਟ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਦਿਨ ਰਾਤ 'ਗੁਰੂ ਗੁਰੂ' ਜਪਦਾ ਹੈ, ਅਹਿ ਨਿਸਿ = ਦਿਨ ਰਾਤ। ਅਹਿ = ਦਿਨ। ਨਿਸਿ = ਰਾਤ। ਦਾਸੁ ਭਟੁ = ਦਾਸ (ਨਲ੍ਹ) ਭੱਟ।

ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥੩॥੭॥

whoever enshrines the Name of the Guru within his heart, is rid of both birth and death. ||3||7||

ਜੋ ਸਤਿਗੁਰੂ ਦਾ ਨਾਮ ਹਿਰਦੇ ਵਿਚ ਟਿਕਾਉਂਦਾ ਹੈ, ਉਹ ਮਨੁੱਖ ਜੰਮਣ ਮਰਨ ਦੋਹਾਂ ਤੋਂ ਬਚ ਜਾਂਦਾ ਹੈ ॥੩॥੭॥ ਰਿਦ ਮਹਿ = ਹਿਰਦੇ ਵਿਚ। ਧਰੈ = ਟਿਕਾਉਂਦਾ ਹੈ। ਦੁਹਥੇ = ਦੋਹਾਂ ਤੋਂ। ਰਹੈ = ਬਚ ਜਾਂਦਾ ਹੈ ॥੩॥੭॥