ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ

The Lord is said to be True, True, True, True, the Truest of the True.

ਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ; ਸਤਿ = ਸਦਾ ਰਹਿਣ ਵਾਲਾ, ਅਟੱਲ। ਭਣੀਐ = ਆਖਿਆ ਜਾਂਦਾ ਹੈ (ਭਾਵ, ਲੋਕ ਕਹਿੰਦੇ ਹਨ)।

ਦੂਸਰ ਆਨ ਅਵਰੁ ਪੁਰਖੁ ਪਊਰਾਤਨੁ ਸੁਣੀਐ

There is no other like Him. He is the Primal Being, the Primal Soul.

ਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ। ਅਵਰੁ = ਹੋਰ। ਆਨ = ਕੋਈ ਹੋਰ (अन्य)। ਪਊਰਾਤਨੁ = ਪੁਰਾਣਾ, ਮੁੱਢ ਦਾ। ਸੁਣੀਐ = ਸੁਣਿਆ ਜਾਂਦਾ ਹੈ।

ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ

Chanting the Ambrosial Name of the Lord, the mortal is blessed with all comforts.

ਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ।

ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ

Those who taste it with their tongues, those humble beings are satisfied and fulfilled.

ਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ)। ਜੇਹ = ਜਿਨ੍ਹਾਂ ਮਨੁੱਖਾਂ ਨੇ। ਰਸਨ = ਰਸਨਾ ਦੁਆਰਾ, ਜੀਭ ਨਾਲ। ਤੇਹ ਜਨ = ਉਹ ਮਨੁੱਖ (ਬਹੁ-ਵਚਨ)। ਤ੍ਰਿਪਤਿ ਅਘਾਏ = ਰੱਜ ਗਏ। ਮਨ = ਹੇ ਮਨ!

ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ

That person who becomes pleasing to his Lord and Master, loves the Sat Sangat, the True Congregation.

ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤ ਵਿਚ ਪ੍ਰੇਮ (ਪੈ ਗਿਆ ਹੈ)। ਜਿਹ = ਜਿਨ੍ਹਾਂ ਉੱਤੇ। ਤਿਹ = ਉਹਨਾਂ ਦਾ। ਭਯ = ਅੱਖਰ 'ਯ' ਦੇ ਨਾਲ ਅਸਲੀ ਲਗ (ੋ) ਹੈ, ਪਰ ਇਥੇ ਪੜ੍ਹਨਾ (ੁ) ਹੈ। ਠਾਕੁਰੁ = ਮਾਲਕ-ਪ੍ਰਭੂ।

ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤਿਨੑ ਸਭ ਕੁਲ ਕੀਓ ਉਧਾਰੁ ॥੬॥

Whoever meets with the Lord through Guru Nanak, saves all his generations. ||6||

(ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ ॥੬॥ ਉਧਾਰੁ = ਪਾਰ-ਉਤਾਰਾ ॥੬॥