ਸਾਰਗ ਮਹਲਾ ੫ ਦੁਪਦੇ ਘਰੁ ੪ ॥
Saarang, Fifth Mehl, Dho-Padhay, Fourth House:
ਰਾਗ ਸਾਰੰਗ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੋਹਨ ਘਰਿ ਆਵਹੁ ਕਰਉ ਜੋਦਰੀਆ ॥
O my Fascinating Lord, I pray to You: come into my house.
ਹੇ ਮੋਹਨ-ਪ੍ਰਭੂ! ਮੈਂ ਮਿੰਨਤ ਕਰਦੀ ਹਾਂ ਮੇਰੇ ਹਿਰਦੇ-ਘਰ ਵਿਚ ਆ ਵੱਸ। ਮੋਹਨ = ਹੇ ਮਨ ਨੂੰ ਮੋਹਣ ਵਾਲੇ! ਘਰਿ = (ਮੇਰੇ ਹਿਰਦੇ-) ਘਰ ਵਿਚ। ਕਰਉ = ਕਰਉਂ, ਮੈਂ ਕਰਦੀ ਹਾਂ। ਜੋਦਰੀਆ = ਜੋਦੜੀ, ਮਿੰਨਤ।
ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥੧॥ ਰਹਾਉ ॥
I act in pride, and speak in pride. I am mistaken and wrong, but I am still Your hand-maiden, O my Beloved. ||1||Pause||
ਹੇ ਮੋਹਨ! ਮੈਂ (ਸਦਾ) ਮਾਣ ਕਰਦੀ ਰਹਿੰਦੀ ਹਾਂ, ਮੈਂ (ਸਦਾ) ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ-ਚੁੱਕਾਂ ਕਰਦੀ ਹਾਂ, (ਫਿਰ ਭੀ) ਹੇ ਪਿਆਰੇ! ਮੈਂ ਤੇਰੀ (ਹੀ) ਦਾਸੀ ਹਾਂ ॥੧॥ ਰਹਾਉ ॥ ਅਭਿਮਾਨੈ = ਅਹੰਕਾਰ ਨਾਲ। ਬੋਲਉ = ਬੋਲਉਂ, ਬੋਲਦੀ ਹਾਂ। ਭੂਲ ਚੂਕ = ਗ਼ਲਤੀਆਂ, ਉਕਾਈਆਂ। ਪ੍ਰਿਅ = ਹੇ ਪਿਆਰੇ! ਤੇਰੀ ਚਿਰੀਆ = ਤੇਰੀ ਚੇਰੀ, ਤੇਰੀ ਦਾਸੀ ॥੧॥ ਰਹਾਉ ॥
ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥
I hear that You are near, but I cannot see You. I wander in suffering, deluded by doubt.
ਹੇ ਮੋਹਨ! ਮੈਂ ਸੁਣਦੀ ਹਾਂ (ਤੂੰ) ਨੇੜੇ (ਵੱਸਦਾ ਹੈਂ), ਪਰ ਮੈਂ (ਤੈਨੂੰ) ਵੇਖ ਨਹੀਂ ਸਕਦੀ। ਸਦਾ ਭਟਕ ਭਟਕ ਕੇ ਮੈਂ ਦੁੱਖਾਂ ਵਿਚ ਫਸੀ ਰਹਿੰਦੀ ਹਾਂ। ਨਿਕਟਿ = ਨੇੜੇ। ਸੁਨਉ = ਸੁਨਉਂ, ਮੈਂ ਸੁਣਦੀ ਹਾਂ। ਅਰੁ = ਅਤੇ। ਪੇਖਉ = ਪੇਖਉਂ, ਮੈਂ ਵੇਖਦੀ ਹਾਂ। ਭਰਮਿ = ਭਟਕ ਕੇ।
ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥੧॥
The Guru has become merciful to me; He has removed the veils. Meeting with my Beloved, my mind blossoms forth in abundance. ||1||
ਹੇ ਗੁਰੂ! ਜੇ ਤੂੰ ਦਇਆਵਾਨ ਹੋ ਕੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਦੂਰ ਕਰ ਦੇਵੇਂ, ਮੈਂ (ਸੋਹਣੇ) ਲਾਲ (ਪ੍ਰਭੂ) ਨੂੰ ਮਿਲ ਪਵਾਂ, ਤੇ, ਮੇਰਾ ਮਨ (ਆਤਮਕ ਜੀਵਨ ਨਾਲ) ਹਰ-ਭਰਾ ਹੋ ਜਾਏ ॥੧॥ ਗੁਰ = ਹੇ ਗੁਰੂ! ਹੋਇ = ਹੋ ਕੇ। ਲਾਹਿ = ਦੂਰ ਕਰ। ਪਾਰਦੋ = ਪਰਦਾ, ਵਿੱਥ। ਮਿਲਉ = ਮਿਲਉਂ, ਮੈਂ ਮਿਲ ਸਕਾਂ। ਹਰੀਆ = ਹਰ-ਭਰਾ ॥੧॥
ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥
If I were to forget my Lord and Master, even for an instant, it would be like millions of days, tens of thousands of years.
ਜੇ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਾਲਕ-ਪ੍ਰਭੂ (ਮਨ ਤੋਂ) ਭੁੱਲ ਜਾਏ, ਤਾਂ ਮੈਂ ਇਉਂ ਸਮਝਦੀ ਹਾਂ ਕਿ ਕ੍ਰੋੜਾਂ ਦਿਨ ਲੱਖਾਂ ਵਰ੍ਹੇ ਲੰਘ ਗਏ ਹਨ। ਨਿਮਖ = ਅੱਖ ਝਮਕਣ ਜਿਤਨਾ ਸਮਾ। ਜਾਨਉ = ਜਾਨਉਂ, ਮੈਂ ਜਾਣਦੀ ਹਾਂ। ਕੋਟਿ = ਕ੍ਰੋੜਾਂ। ਬਰੀਆ = ਵਰ੍ਹੇ।
ਸਾਧਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥੨॥੧॥੨੪॥
When I joined the Saadh Sangat, the Company of the Holy, O Nanak, I met my Lord. ||2||1||24||
ਹੇ ਨਾਨਕ! ਜਦੋਂ ਮੈਨੂੰ ਸਾਧ ਸੰਗਤ ਦਾ ਸਮਾਗਮ ਪ੍ਰਾਪਤ ਹੋਇਆ, ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ ॥੨॥੧॥੨੪॥ ਭੀਰ = ਭੀੜ, ਇਕੱਠ। ਜਉ = ਜਦੋਂ। ਤਉ = ਤਦੋਂ। ਨਾਨਕ = ਹੇ ਨਾਨਕ! ਸੰਗਿ = ਨਾਲ। ਮਿਰੀਆ = ਮਿਲ ਗਈ ॥੨॥੧॥੨੪॥