ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ

He fills the empty to overflowing; He has enshrined the Infinite within His heart.

(ਗੁਰੂ ਰਾਮਦਾਸ ਜੀ ਨੇ) ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਬੇਅੰਤ ਹਰੀ ਲੱਭ ਲਿਆ ਹੈ, (ਆਪ ਨੇ ਬੇਅੰਤ ਹਰੀ ਨੂੰ ਆਪਣੇ) ਹਿਰਦੇ ਵਿਚ ਟਿਕਾਇਆ ਹੈ, ਅਭਰ ਭਰੇ = ਨਾਹ-ਭਰਿਆਂ ਦੇ ਭਰਨ ਵਾਲਾ, ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਹਰੀ। ਪਾਯਉ = ਪ੍ਰਾਪਤ ਕੀਤਾ ਹੈ। ਅਪਾਰ = ਬੇਅੰਤ ਹਰੀ। ਰਿਦ ਅੰਤਿਰ = ਹਿਰਦੇ ਵਿਚ। ਧਾਰਿਓ = ਟਿਕਾਇਆ ਹੈ।

ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ

Within His mind, He contemplates the essence of reality, the Destroyer of pain, the Enlightener of the soul.

(ਅਤੇ ਆਪਣੇ) ਮਨ ਵਿਚ (ਉਸ) ਅਕਾਲ ਪੁਰਖ ਨੂੰ ਸਿਮਰਿਆ ਹੈ (ਜੋ) ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਤਮਾ ਦੇ ਜਗਾਉਣ ਵਾਲਾ ਹੈ। ਤਤੁ = ਸਾਰੀ ਸ੍ਰਿਸ਼ਟੀ ਦਾ ਮੁੱਢ। ਆਤਮ ਪ੍ਰਬੋਧੁ = ਆਤਮਾ ਨੂੰ ਜਗਾਉਣ ਵਾਲਾ ਹਰੀ। ਬੀਚਾਰਿਓ = ਸਿਮਰਿਆ ਹੈ।

ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ

He yearns for the Lord's Love forever; He Himself knows the sublime essence of this Love.

(ਗੁਰੂ ਰਾਮਦਾਸ) ਨਿੱਤ ਖ਼ੁਸ਼ੀ ਵਿਚ (ਰਹਿੰਦਾ ਹੈ), ਹਰੀ ਦੇ ਪਿਆਰ ਵਿਚ (ਮਸਤ ਹੈ ਅਤੇ ਹਰੀ ਦੇ) ਪਿਆਰ ਦੇ ਸੁਆਦ ਨੂੰ ਉਹ ਆਪ ਹੀ ਜਾਣਦਾ ਹੈ। ਚਾਇ = ਚਾਉ ਵਿਚ, ਖ਼ੁਸ਼ੀ ਵਿਚ। ਹਰਿ ਭਾਇ = ਹਰੀ ਦੇ ਪਿਆਰ ਵਿਚ। ਜਾਣਇ = ਜਾਣੈ, ਜਾਣਦਾ ਹੈ।

ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ

By the Grace of the True Guru, He intuitively enjoys this Love.

(ਗੁਰੂ ਰਾਮਦਾਸ) ਸਤਗੁਰੂ (ਅਮਰਦਾਸ ਜੀ) ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਨਾਲ ਆਨੰਦ ਮਾਣ ਰਿਹਾ ਹੈ। ਸਤਗੁਰ ਕੈ ਪਰਸਾਦਿ = ਗੁਰੂ (ਅਮਰਦਾਸ ਜੀ) ਦੀ ਕਿਰਪਾ ਨਾਲ। ਮਾਣਇ = ਮਾਣੈ, ਮਾਣਦਾ ਹੈ। ਸਹਜ ਸੇਤੀ = ਆਤਮਕ ਅਡੋਲਤਾ ਨਾਲ।

ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ

By the Grace of Guru Nanak, and the sublime teachings of Guru Angad, Guru Amar Daas broadcast the Lord's Command.

(ਗੁਰੂ) ਨਾਨਕ ਜੀ ਦੀ ਕਿਰਪਾ ਨਾਲ (ਅਤੇ ਗੁਰੂ) ਅੰਗਦ ਜੀ ਦੀ ਬਖ਼ਸ਼ੀ ਸੁੰਦਰ ਬੁੱਧ ਨਾਲ, ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ, ਨਾਨਕ ਪ੍ਰਸਾਦਿ = (ਗੁਰੂ) ਨਾਨਕ ਦੀ ਕ੍ਰਿਪਾ ਨਾਲ। ਅੰਗਦ ਸੁਮਤਿ = (ਗੁਰੂ) ਅੰਗਦ (ਦੇਵ ਜੀ) ਦੀ ਦਿੱਤੀ ਸੁਮੱਤ ਨਾਲ। ਗੁਰਿ ਅਮਰਿ = ਗੁਰੂ ਅਮਰਦਾਸ ਨੇ। ਅਮਰੁ = (ਅਕਾਲ ਪੁਰਖ ਦਾ) ਹੁਕਮ। ਵਰਤਾਇਓ = ਕਮਾਇਆ ਹੈ, ਵਰਤੋਂ ਵਿਚ ਲਿਆਂਦਾ ਹੈ।

ਗੁਰ ਰਾਮਦਾਸ ਕਲੵੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥

So speaks KALL: O Guru Raam Daas, You have attained the status of eternal and imperishable dignity. ||5||

ਕਵੀ ਕਲ੍ਯ੍ਯਸਹਾਰ ਆਖਦਾ ਹੈ (ਕਿ) ਹੇ ਗੁਰੂ ਰਾਮਦਾਸ ਜੀ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ ॥੫॥ ਗੁਰ ਰਾਮਦਾਸ = ਹੇ ਗੁਰੂ ਰਾਮਦਾਸ! ਕਲ੍ਯ੍ਯੁਚਰੈ = ਕਲ੍ਹ ਉਚਰੈ, ਕਲ੍ਯ੍ਯਸਹਾਰ ਆਖਦਾ ਹੈ ॥੫॥