ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ

We can only express a sense of wonder about the beginning. The absolute abided endlessly deep within Himself then.

(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ। ਬਿਸਮਾਦੁ = ਅਸਚਰਜ। ਨਿਰੰਤਰਿ = ਇੱਕ-ਰਸ।

ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ

Consider freedom from desire to be the ear-rings of the Guru's spiritual wisdom. The True Lord, the Soul of all, dwells within each and every heart.

ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ)। ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ। ਕਲਪਤ = ਬਣਾਈ ਹੋਈ, ਨਕਲੀ, ਫ਼ਰਜ਼ੀ। ਅਕਲਪਤ = ਅਸਲੀ। ਮੁਦ੍ਰਾ = ਸਾਧਨ।

ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ

Through the Guru's Word, one merges in the absolute, and intuitively receives the immaculate essence.

ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ। ਅਵਿਗਤਿ = ਅਵਿਗਤ ਵਿਚ, ਅੱਵਿਅਕਤ ਹਰੀ ਵਿਚ, ਅਦ੍ਰਿਸ਼ਟ ਪ੍ਰਭੂ ਵਿਚ। ਸਹਜਿ = ਅਡੋਲਤਾ ਵਿਚ।

ਨਾਨਕ ਦੂਜੀ ਕਾਰ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ

O Nanak, that Sikh who seeks and finds the Way does not serve any other.

(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ।

ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ

Wonderful and amazing is His Command; He alone realizes His Command and knows the true way of life of His creatures.

ਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ।

ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

One who eradicates his self-conceit becomes free of desire; he alone is a Yogi, who enshrines the True Lord deep within. ||23||

ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥ ਨਿਰਾਲਮੁ = ਨਿਰਾਲਾ, ਨਿਰਲੇਪ ॥੨੩॥

ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ

From His state of absolute existence, He assumed the immaculate form; from formless, He assumed the supreme form.

(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ, ਅਵਿਗਤੋ = ਅੱਵਿਅਕਤ ਤੋਂ, ਅਵਿਗਤ ਤੋਂ, ਅਦ੍ਰਿਸ਼ਟ ਤੋਂ। ਉਪਜੇ = ਪਰਗਟ ਹੁੰਦਾ ਹੈ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਣੁ = ਮਾਇਆ ਦੇ ਤਿੰਨ ਗੁਣਾਂ ਸਮੇਤ।

ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ

By pleasing the True Guru, the supreme status is obtained, and one is absorbed in the True Word of the Shabad.

ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ। ਪਰਚੈ = ਪਤੀਜਣ ਨਾਲ। ਪਰਮ ਪਦੁ = ਉੱਚੀ ਆਤਮਕ ਅਵਸਥਾ।

ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ

He knows the True Lord as the One and only; he sends his egotism and duality far away.

(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,

ਸੋ ਜੋਗੀ ਗੁਰਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ

He alone is a Yogi, who realizes the Word of the Guru's Shabad; the lotus of the heart blossoms forth within.

(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ।

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ

If one remains dead while yet alive, then he understands everything; he knows the Lord deep within himself, who is kind and compassionate to all.

ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ।

ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥

O Nanak, he is blessed with glorious greatness; he realizes himself in all beings. ||24||

ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥